ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੜ੍ਹਬਾ ਸੰਗਰੂਰ ਵਿਖੇ ਤਹਿਸੀਲ ਕੰਪਲੈਕਸ ਦਾ ਨੀਂਹ ਪਥਰ ਰੱਖਿਆ ਹੈ।ਇਸ ਦੌਰਾਨ ਉਹਨਾਂ ਐਲਾਨ ਕੀਤਾ ਹੈ ਕਿ ਪਹਿਲੇ ਗੇੜ ‘ਚ ਪੰਜਾਬ ‘ਚ 18 ਤਹਿਸੀਲ ਤੇ ਸਬ-ਤਹਿਸੀਲ ਆਧੁਨਿਕ ਕੰਪਲੈਕਸ ਬਣਾਏ ਜਾਣਗੇ ਤੇ ਇਮਾਰਤ ਵਿੱਚ ਹੀ ਫਰਦ ਕੇਂਦਰ, DSP ਦਫ਼ਤਰ, SDM ਦਫ਼ਤਰ, BDO-CDPO ਦਫ਼ਤਰ ਤੇ ਮੁਲਾਜ਼ਮਾਂ ਦੀ ਰਿਹਾਇਸ਼ ਹੋਵੇਗੀ, ਜਿਸ ਨਾਲ ਲੋਕਾਂ ਦੀ ਖੱਜਲ ਖੁਆਰੀ ਘਟੇਗੀ ਤੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਜਾਵੇਗਾ ਕਿ ਇਮਾਰਤ ਬਣਾਉਣ ਵੇਲੇ ਵਧੀਆ ਤੋਂ ਵਧੀਆ ਸਮਗਰੀ ਵਰਤੀ ਜਾਵੇ ਤਾਂ ਜੋ ਘੱਟ ਤੋਂ ਘੱਟ 30 ਸਾਲ ਇਮਾਰਤ ਸਹੀ ਹਾਲਤ ਵਿੱਚ ਰਹੇ।
ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਦਿੜਬੇ ਦੀ ਧਰਤੀ ਨੂੰ ਸ਼ਹੀਦਾਂ ਤੇ ਖਿਡਾਰੀਆਂ ਦੀ ਧਰਤੀ ਦੱਸਿਆ ਤੇ ਇਸ ਇਲਾਕੇ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ।
ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 9 ਏਕੜ ਵਿੱਚ 9 ਕਰੋੜ 6 ਲੱਖ ਦੇ ਖਰਚੇ ਨਾਲ ਦਿੜ੍ਹਬੇ ਦੇ ਤਹਿਸੀਲ ਕੰਪਲੈਕਸ ਦਾ ਨਿਰਮਾਣ ਹੋਵੇਗਾ ਤੇ ਪਹਿਲੇ ਫ਼ੇਸ ਵਿੱਚ ਪੂਰੇ ਪੰਜਾਬ ਵਿੱਚ 95 ਕਰੋੜ ਦੀ ਲਾਗਤ ਨਾਲ 18 ਤਹਿਸੀਲ ਤੇ ਸਬ ਤਹਿਸੀਲ ਕੰਪਲੈਕਸ ਬਣਾਏ ਜਾਣਗੇ।ਇਹ ਆਧੁਨਿਕ ਤਕਨੀਕ ਨਾਲ ਬਣੀ ਪੰਜ ਮੰਜਲੀ ਇਮਾਰਤ ਹੋਵੇਗੀ,ਜਿਸ ਵਿੱਚ ਫਰਦ ਕੇਂਦਰ,ਡੀਐਸਪੀ ਦਫ਼ਤਰ,ਐਸਡੀਐਮ ਦਾ ਦਫ਼ਤਰ,ਬੀਡੀਪੀਓ-ਸੀਡੀਪੀਓ ਦਾ ਦਫ਼ਤਰ ਤੇ ਰਿਹਾਇਸ਼ ਹੋਣਗੇ ਤਾਂ ਜੋ ਆਮ ਜਨਤਾ ਨੂੰ ਫਾਲਤੂ ਦੇ ਗੇੜਿਆਂ ਤੇ ਖੱਜ਼ਲ ਖੁਆਰੀ ਤੋਂ ਬਚਾਇਆ ਜਾ ਸਕੇ। ਦਿੜ੍ਹਬੇ ਦੇ ਨਾਲ ਨਾਲ ਚੀਮਾ ਮੰਡੀ ਤੇ ਲਹਿਰੇ ਵਾਲਿਆਂ ਨੂੰ ਵੀ ਇਹ ਸਹੂਲਤ ਮਿਲੇਗੀ।
ਇਸ ਦੌਰਾਨ ਮਾਨ ਨੇ ਵਿਰੋਧੀ ਧਿਰਾਂ ਤੇ ਵੀ ਨਿਸ਼ਾਨੇ ਲਾਏ ਤੇ ਕਿਹਾ ਹੈ ਕਿ ਉਹਨਾਂ ਦੇ ਮੁੱਖ ਮੰਤਰੀ ਕਦੇ ਆਮ ਜਨਤਾ ਵਿੱਚ ਆਏ ਹੀ ਨਹੀਂ ਸੀ।
ਆਰਡੀਐਫ਼ ਦੇ ਪੈਸੇ ਦੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਪੰਜਾਬ ਦੇ ਹੱਕ ਦਾ ਪੈਸਾ ਹੈ। ਇਸ ਨੂੰ ਛੱਡਿਆ ਨਹੀਂ ਜਾਵੇਗਾ। ਇਸ ਪੈਸੇ ਨਾਲ ਨਵੀਆਂ ਮੰਡੀਆਂ ਬਣਾਈਆਂ ਜਾਣਗੀਆਂ ਤੇ ਪਿੰਡਾਂ ਵਿੱਚ ਹੋਰ ਕਈ ਵਿਕਾਸ ਕਾਰਜ ਕੀਤੇ ਜਾਣਗੇ। ਇਸ ਨੂੰ ਬਹੁਤਾ ਚਿਰ ਰੋਕਿਆ ਨਹੀਂ ਜਾ ਸਕੇਗਾ।
ਮੁੱਖ ਮੰਤਰੀ ਮਾਨ ਨੇ ਧਰਮਸ਼ਾਲਾ ਵਿਖੇ ਹੋਏ ਕ੍ਰਿਕਟ ਮੈਚ ਦੌਰਾਨ ਮਿਲੇ ਇੱਕ ਖਿਡਾਰੀ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਉਸ ਖਿਡਾਰੀ ਨੇ ਕੈਪਟਨ ਸਰਕਾਰ ਵੇਲੇ ਭਰਤੀਆਂ ਲਈ ਫਾਰਮ ਭਰੇ ਸੀ ਪਰ ਨਿਰਾਸ਼ਾ ਹੱਥ ਲੱਗੀ ਸੀ । ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਜਦੋਂ ਉਹਨਾਂ ਕੋਲ ਪਹੁੰਚ ਕੀਤੀ ਤਾਂ ਉਹਨਾਂ ਦੇ ਭਾਣਜੇ ਨੇ ਉਹਨਾਂ ਕੋਲੋਂ ਉਸ ਵੇਲੇ 2 ਕਰੋੜ ਦੀ ਰਿਸ਼ਵਤ ਦੀ ਮੰਗ ਕੀਤੀ ਸੀ।
ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਜਿਹਨਾਂ ਨੇ ਵੀ ਖਾਧਾ ਹੈ,ਉਹਨਾਂ ਨੂੰ ਛੱਡਿਆ ਨਹੀਂ ਜਾਵੇਗਾ। ਪਿਛਲੀਆਂ ਸਰਕਾਰਾਂ ਦੇ ਕੰਮਾਂ ਨੂੰ ਦੇਖ ਕੇ ਹੀ ਲੋਕਾਂ ਨੇ ਵਿਧਾਨ ਸਭਾ ਤੇ ਜਲੰਧਰ ਚੋਣਾਂ ਦੌਰਾਨ ਜਵਾਬ ਦਿੱਤਾ ਹੈ।
ਮਾਨ ਨੇ ਕਿਹਾ ਹੈ ਕਿ ਲੋਕਾਂ ਨੇ ਮੌਕਾ ਦਿਤਾ ਹੈ ,ਸੋ ਨੀਂਹ ਪੱਥਰ ਹੀ ਨਹੀਂ ਰੱਖਿਆ ਜਾਵੇਗਾ,ਸਗੋਂ ਸਮਾਂ ਸੀਮਾ ਵੀ ਨਿਰਧਾਰਤ ਕੀਤੀ ਜਾਵੇਗੀ। ਇਹਨਾਂ ਬਣਨ ਵਾਲੇ ਦਫ਼ਤਰਾਂ ਵਿੱਚ SDM ਦੇ ਬੈਠਣ ਸਾਰ ਜਿਹੜਾ ਵੀ ਪਹਿਲਾ ਬੰਦਾ ਆਪਣੀ ਫ਼ਰਦ ਲੈਣ ਆਉਗਾ,ਉਸ ਕੋਲੋਂ ਉਦਘਾਟਨ ਕਰਵਾਇਆ ਜਾਵੇਗਾ।