ਧੂਰੀ : ਧੂਰੀ ਵਿੱਖੇ ਆਪਣੀ ਮਿਆਦ ਪੂਰੀ ਕਰ ਚੁੱਕੇ ਦੋ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਤੋਂ 7 ਸਾਲ ਪਹਿਲਾਂ ਇਹ ਟੋਲ ਪਲਾਜ਼ੇ ਸ਼ੁਰੂ ਹੋਏ ਸੀ। ਪੰਜ ਸਤੰਬਰ 2015 ਨੂੰ ਸ਼ੁਰੂ ਹੋਏ ਇਹਨਾਂ ਟੋਲ ਪਲਾਜ਼ਿਆਂ ਦੇ ਐਗਰੀਮੈਂਟ ਦੀ ਮਿਆਦ ਅੱਜ ਖਤਮ ਹੋ ਰਹੀ ਹੈ। ਸੋ ਇਹਨਾਂ ਨੂੰ ਹੁਣ ਬੰਦ ਕੀਤਾ ਜਾ ਰਿਹਾ ਹੈ।

ਵਿਰੋਧੀ ਧਿਰਾਂ ‘ਤੇ ਵਰਦਿਆਂ ਮਾਨ ਨੇ ਕਿਹਾ ਕਿ ਉਸ ਵੇਲੇ ਦੀਆਂ ਲੋਕ ਸਭਾ ਚੋਣਾਂ ਵੇਲੇ ਗੋਬਿੰਦ ਸਿੰਘ ਲੋਂਗੋਵਾਲ ਅਕਾਲੀ ਉਮੀਦਵਾਰ ਸੀ। ਉਸ ਸਮੇਂ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਵੋਟਾਂ ਤੋਂ ਪਹਿਲਾਂ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਇਹ ਐਲਾਨ ਕੀਤਾ ਸੀ ਕਿ ਉਹ ਕੋਈ ਵੀ ਟੋਲ ਪਲਾਜ਼ਾ ਨਹੀਂ ਲੱਗਣ ਦੇਣਗੇ ਤੇ ਅਪ੍ਰੈਲ ਵਿੱਚ ਆਏ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਨੂੰ ਜਿੱਤ ਹਾਸਲ ਹੋਈ ਸੀ ਪਰ ਲੋਕਾਂ ਨਾਲ ਧੋਖਾ ਕਰਦੇ ਹੋਏ,ਆਪਣੇ ਵਾਅਦਿਆਂ ਤੋਂ ਉਲਟ ਸਰਕਾਰ ਨੇ ਇਹ ਟੋਲ ਚਾਲੂ ਕਰ ਦਿੱਤੇ।ਇਸ ਤੋਂ ਬਾਅਦ 2017 ਵਿੱਚ ਕਾਂਗਰਸੀ ਉਮੀਦਵਾਰ ਦੇ ਜਿੱਤ ਜਾਣ ਤੇਂ ਬਾਅਦ ਲੋਕਾਂ ਨੂੰ ਕੁਝ ਉਮੀਦ ਜਾਗੀ ਸੀ ਪਰ ਉਦੋਂ ਵੀ ਕੁੱਝ ਨਹੀਂ ਹੋਇਆ।

ਮੁੱਖ ਮੰਤਰੀ ਪੰਜਾਬ,ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਟੋਲ ਕੰਪਨੀਆਂ ਨੇ ਕੋਰੋਨਾ ਤੇ ਕਿਸਾਨ ਅੰਦੋਲਨ ਦਾ ਹਵਾਲਾ ਦੇ ਕੇ ਸਰਕਾਰ ਤੋਂ 20-20 ਮਹੀਨਿਆਂ ਦਾ ਹੋਰ ਸਮਾਂ ਮੰਗਿਆ ਪਰ ਕਿਸਾਨ ਅੰਦੋਲਨ ਵੇਲੇ ਕੇਂਦਰ ਸਰਕਾਰ ਦੀ ਗਲਤੀ ਸੀ ਤੇ ਕੋਰੋਨਾ ਕਾਲ ਦੇ ਦੌਰਾਨ ਸਾਰਿਆਂ ‘ਤੇ ਹੀ ਮਾਰ ਪਈ ਸੀ। ਇਸ ਤੋਂ ਇਲਾਵਾ ਇਹਨਾਂ ਟੋਲ ਕੰਪਨੀਆਂ ਦੇ ਐਗਰੀਮੈਂਟ ਵੇਲੇ ਇਹ ਵੀ ਤੈਅ ਹੋਇਆ ਸੀ ਕਿ 20 ਕਿਲੋਮੀਟਰ ਦੇ ਘੇਰੇ ਵਿੱਚ ਸਥਾਨਕ ਲੋਕਾਂ ਦੇ ਪਾਸ ਬਣਨਗੇ,ਜੋ ਨਹੀਂ ਬਣੇ ਤੇ ਹੋਰ ਵੀ ਕਈ ਸ਼ਰਤਾਂ ਸੀ,ਜੋ ਇਹਨਾਂ ਕੰਪਨੀਆਂ ਨੇ ਪੂਰੀਆਂ ਨਹੀਂ ਕੀਤੀਆਂ।ਸੋ ਇਹਨਾਂ ਨੂੰ ਹੋਰ ਸਮਾਂ ਨਹੀਂ ਦਿੱਤਾ ਜਾ ਸਕਦਾ ਸੀ।

ਸ਼੍ਰੋਮਣੀ ਕਮੇਟੀ ਵਲੋਂ ਸੰਗਰੂਰ ਕਾਲਜ ਵਾਲੀ ਜ਼ਮੀਨ ਤੇ ਲਈ ਸਟੇਅ ਵਾਪਸ ਲੈਣ ਸਬੰਧੀ ਕੀਤੇ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ ਕਿ ਐਸਜੀਪੀਸੀ ਤੇ ਟਰਸਟ ਨੇ ਆਪਣੇ ਮੱਤਭੇਦਾਂ ਨੂੰ ਬੱਚਿਆਂ ਦੇ ਭਵਿੱਖ ਲਈ ਦਰ ਕਿਨਾਰ ਕਰਦੇ ਹੋਏ ਆਪਸੀ ਸਮਝੌਤਾ ਕਰ ਲਿਆ ਹੈ।ਸੋ ਹੁਣ ਕਾਲਜ਼ ਨਿਰਧਾਰਤ ਸਮੇਂ ‘ਤੇ ਹੀ ਬਣੇਗਾ ਤੇ ਇਹ ਇਸ ਇਲਾਕੇ ਦਾ ਅਤਿ ਆਧੁਨਿਕ ਸਹੂਲਤਾਂ ਵਾਲਾ ਕਾਲਜ਼ ਹੋਵੋਗਾ।

ਹੋਰ ਟੋਲ ਪਲਾਜ਼ਿਆਂ ਨੂੰ ਬੰਦ ਕੀਤੇ ਜਾਣ ਦੇ ਸਵਾਲ ‘ਤੇ ਮਾਨ ਨੇ ਕਿਹਾ ਕੁੱਝ ਟੋਲ ਪਲਾਜ਼ੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਹਨ ਤੇ ਕੁੱਝ ਸਟੇਟ ਦੇ ।ਇਹਨਾਂ ਸਾਰਿਆਂ ਦੀਆਂ ਮਿਆਦਾਂ ਜਿਵੇਂ-ਜਿਵੇਂ ਪੂਰੀਆਂ ਹੋਣਗੀਆਂ ,ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ।ਘਾਟੇ ਨੂੰ ਪੂਰਾ ਕਰਨ ਲਈ ਕਿਸੇ ਵੀ ਟੋਲ ਪਲਾਜ਼ੇ ਦੀ ਮਿਆਦ ਨੂੰ ਵਧਾਇਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਟੋਲ ਪਲਾਜ਼ਿਆਂ ਨੂੰ ਸਮਝੌਤੇ ਵਾਲੀਆਂ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ। ਸਰਕਾਰ ਹਾਈਵੇਅ ਤੇ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਅ ਲਈ ਲਾਈਟਾਂ,ਐਂਬੂਲੈਂਸ ਤੇ ਕਰੇਨਾਂ ਦੀ ਲੋੜ ਵੀ ਪੂਰਾ ਕਰੇਗੀ।

ਵਿਜੇਂਦਰ ਸਿੰਗਲਾ ਨੂੰ ਜਾਂਚ ਲਈ ਬੁਲਾਏ ਜਾਣ ਦੇ ਸਵਾਲ ਤ ਮਾਨ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਉ।ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲੇ ਤੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਲੁੱਟਣ ਵਾਲਿਆਂ ਨੂੰ ਬੱਖਸ਼ਿਆ ਨਹੀਂ ਜਾਵੇਗਾ।ਕਾਨੂੰਨ ਸਾਰਿਆਂ ਲਈ ਬਰਾਬਰ ਆ।ਜਿਉਂ-ਜਿਉਂ ਸਾਡੇ ਕੋਲ ਸਬੂਤ ਆਉਂਦੇ ਹਨ,ਅਸੀਂ ਸਾਰਿਆਂ ਖਿਲਾਫ਼ ਕਾਰਵਾਈ ਕਰਾਂਗੇ,ਚਾਹੇ ਉਹ ਮੋਜੂਦਾ ਜਾਂ ਸਾਬਕਾ ਮੰਤਰੀ ਹੋਵੇ।

ਮੁੱਖ ਮੰਤਰੀ ਪੰਜਾਬ,ਭਗਵੰਤ ਸਿੰਘ ਮਾਨ

ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਦੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਜਲਦੀ ਹੀ ਸਾਰਿਆਂ ਨੂੰ 18 ਫੁੱਟੀਆਂ ਕੀਤਾ ਜਾਵੇਗਾ।ਪੰਜਾਬ ਰੂਲਰ ਡਿਵੈਲਪਮੈਂਟ ਫੰਡ ਨੂੰ ਹੁਣ ਸਿਰਫ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਤੇ ਹੀ ਲਾਇਆ ਜਾਵੇਗਾ।ਹਾਲਾਂਕਿ ਪਹਿਲੀਆਂ ਸਰਕਾਰਾਂ ਨੇ ਇਸ ਨੂੰ ਹੋਰ ਪਾਸੇ ਵਰਤਿਆ ਹੈ।
ਇਸ ਤੋਂ ਇਲਾਵਾ ਬੁੱਢਾਪਾ ਪੈਨਸ਼ਨ ਤੇ ਆਟਾ ਦਾਲ ਸਕੀਮ ਤਹਿਤ ਰਾਸ਼ਨ ਤੇ ਨੂੰ ਘਰ-ਘਰ ਪਹੁੰਚਾਇਆ ਜਾਵੇਗਾ।