Punjab

“ਪੱਟਿਆ ਪਹਾੜ ਨਿਕਲਿਆ ਚੂਹਾ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਐਲਾਨਜੀਤ ਸਿੰਘ ਪੈਣ ਤੋਂ ਬਾਅਦ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਨਾਲ ਵੀ ਐਲਾਨਵੰਤ ਦੀ ਅੱਲ੍ਹ ਜੁੜ ਗਈ ਹੈ। ਉਹ ਕੋਈ ਵੀ ਵੱਡਾ ਛੋਟਾ ਫੈਸਲਾ ਕਰਨ ਵੇਲੇ ਦਿਨਾਂ ਤੱਕ ਇਹਨੂੰ ਪ੍ਰਚਾਰਦੇ ਰਹਿੰਦੇ ਹਨ। ਜ਼ਿਆਦਾਤਾਰ ਐਲਾਨ ਮੀਡੀਆ ਵਿੱਚ ਦਿੱਤੇ ਇਸ਼ਤਿਹਾਰਾਂ ਦੀ ਵਜ੍ਹਾ ਕਰਕੇ ਸਰਕਾਰ ਦੇ ਖਜ਼ਾਨੇ ਉੱਤੇ ਭਾਰ ਵੀ ਬਣਦੇ ਰਹੇ ਹਨ ਜਿਸਦੀ ਆਲੋਚਨਾ ਵੀ ਹੁੰਦੀ ਰਹੀ ਹੈ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਜ਼ ਉੱਤੇ ਆਪਣੀ ਦਿਲ ਦੀ ਗੱਲ ਕਹਿ ਕੇ ਅੱਖਾਂ ਤੇ ਕੰਨ ਬੰਦ ਕਰ ਲੈਂਦੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਕੀਤੇ ਐਲਾਨ ਦਾ ਪ੍ਰਚਾਰ ਦੋ ਦਿਨ ਪਹਿਲਾਂ ਹੀ ਛੇੜ ਲਿਆ ਗਿਆ ਸੀ ਪਰ ਐਲਾਨ ਸੁਣਨ ਤੋਂ ਬਾਅਦ ਸਭ ਦੇ ਮੂੰਹਾਂ ਉੱਤੇ “ਪੱਟਿਆ ਪਹਾੜ ਨਿਕਲਿਆ ਚੂਹਾ” ਇੱਕੋ ਬੋਲ ਹਨ। ਉਨ੍ਹਾਂ ਨੇ ਦਿੱਤੇ ਸਮੇਂ ਅਨੁਸਾਰ ਦੁਪਹਿਰ ਦੋ ਵਜੇ ਇੱਕ ਵੀਡੀਓ ਜਾਰੀ ਕਰਕੇ ਐਲਾਨ ਕੀਤਾ ਕਿ ਦਿੱਲੀ ਦੇ ਹਵਾਈ ਅੱਡੇ ਤੱਕ ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ 15 ਜੂਨ ਤੋਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਰੋਡਵੇਜ਼, ਪੈਪਸੂ ਅਤੇ ਪਨਬਸ ਦੀਆਂ ਬੱਸਾਂ ਦਿੱਲੀ ਏਅਰਪੋਰਟ ਆਉਣ ਜਾਣ ਦੇ ਗੇੜੇ ਪ੍ਰਾਈਵੇਟ ਟਰਾਂਸਪੋਰਟ ਨਾਲੋਂ ਅੱਧੇ ਭਾੜੇ ਉੱਤੇ ਲਾਇਆ ਕਰਨਗੀਆਂ ਜਦਕਿ ਸਹੂਲਤਾਂ ਵੱਧ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਐੱਨਆਰਆਈ ਭਰਾਵਾਂ ਦੀ ਮੰਗ ਉੱਤੇ ਲਿਆ ਗਿਆ ਹੈ। ਬੱਸਾਂ ਦੀ ਆਨਲਾਈਨ ਬੁਕਿੰਗ ਕਰਵਾਉਣ ਲਈ www.punjabroadways.gov.in, www.punbusonline.com  ਅਤੇ www.pepsuonline.com ਵੈਬਸਾਈਟ ਉੱਤੇ ਜਾ ਕੇ ਕਰਵਾਈ ਜਾ ਸਕਦੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਉਨ੍ਹਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚੋਂ ਮਾਫੀਆ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਲੰਘੇ ਕੱਲ੍ਹ ਸ਼ਰਾਬ ਨੀਤੀ ਨੂੰ ਮਾਫੀਆ ਦੇ ਹੱਥੋਂ ਖੋਹਣ ਨਾਲ ਪੰਜਾਬ ਦੇ ਮਾਲੀਏ ਵਿੱਚ 40 ਫ਼ੀਸਦੀ ਦਾ ਵਾਧਾ ਜੁੜ ਜਾਵੇਗਾ ਅਤੇ ਹੁਣ ਟਰਾਂਸਪੋਰਟ ਮਾਫੀਆ ਨੂੰ ਵੀ ਸੜਕਾਂ ਤੋਂ ਲਾਂਭੇ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਆਮ ਜਨਤਾ ਦੀ ਭਲਾਈ ਕਰਨ ਲਈ ਵਚਨਬੱਧ ਹੈ।