Punjab

ਫਾਜ਼ਿਲਕਾ ਤੋਂ ਮੁੱਖ ਮੰਤਰੀ ਮਾਨ ਨੇ ਦੇ ਦਿੱਤੀ ਚਿਤਾਵਨੀ, “ਲੋਕਾਂ ਦਾ ਬੁਰਾ ਕਰਨ ਵਾਲੇ ਹੁਣ ਤਿਆਰ ਰਹਿਣ, ਆਰਾ ਉਹਨਾਂ ਵੱਲ ਆ ਰਿਹਾ ਹੈ”

ਫਾਜ਼ਿਲਕਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਾਜ਼ਿਲਕਾ ਵਿੱਚ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਕਿਸਾਨਾਂ ਨੂੰ ਚੈੱਕ ਵੰਡੇ ਹਨ  । ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਵੱਲੋਂ ਕੀਤੇ ਗਏ ਸਾਰੇ ਘੁਟਾਲਿਆਂ ਦਾ ਪੈਸਾ ਹੁਣ ਸਿੱਧਾ ਖ਼ਜ਼ਾਨੇ ਵਿੱਚ ਜਾਵੇਗਾ ਅਤੇ ਖ਼ਜ਼ਾਨੇ ਤੋਂ ਪੈਸਾ ਆਮ ਲੋਕਾਂ ਤੱਕ ਜਾਵੇਗਾ।

ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਅੱਜ ਦਿੱਤੇ ਗਏ ਚੈੱਕ ਮੈਂ ਆਪਣੇ ਪੱਲਿਓਂ ਨਹੀਂ ਦਿੱਤਾ, ਇਹ ਲੋਕਾਂ ਦਾ ਹੀ ਪੈਸਾ ਉਨ੍ਹਾਂ ਤੱਕ ਪਹੁੰਚਾਇਆ ਹੈ। ਮਾਨ ਨੇ ਤੰਜ ਕਸਦਿਆਂ ਕਿਹਾ ਕਿ ਲੰਬੀ ਵਾਲੇ ਨੂੰ ਲੋਕਾਂ ਨੇ ਨਹੀਂ ਜਿੱਤਣ ਦਿੱਤਾ ਅਤੇ ਅਬੋਹਰ ਵਾਲਾ ਜਿੱਤਣ ਜੋਗਾ ਨਹੀਂ ਰਿਹਾ। ਜਿਹੜੇ ਵੱਡੇ ਵੱਡੇ ਬੰਦੇ ਕਹਿੰਦੇ ਸਨ ਕਿ ਸਾਨੂੰ ਕੋਈ ਡੇਗ ਹੀਂ ਨਹੀਂ ਸਕਦਾ, ਉਨ੍ਹਾਂ ਨੂੰ ਲੋਕਾਂ ਨੇ ਜ਼ਮੀਨ ਦਿਖਾ ਦਿੱਤੀ। ਜਿਹੜੇ ਕਹਿੰਦੇ ਹੁੰਦੇ ਸਨ ਕਿ ਖ਼ਜ਼ਾਨਾ ਖਾਲੀ, ਉਹ ਕੱਲ੍ਹ ਇੱਧਰ ਉੱਧਰ ਫਿਰ ਰਹੇ ਹਨ। ਮਾਨ ਨੇ ਕਿਹਾ ਕਿ ਬੀਜੇਪੀ ਵਿੱਚ ਜਾਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਬਚ ਜਾਓਗੇ, ਆਰਾ ਸਾਰਿਆਂ ਉੱਤੇ ਹੀ ਚੱਲੇਗਾ। ਜਿਹੜਾ ਦੇਖੋ, ਬੀਜੇਪੀ ਵਿੱਚ ਤੁਰਿਆ ਜਾਂਦਾ ਹੈ, ਕੋਈ ਬੀਜੇਪੀ ਦੀਆਂ ਪਾਲਿਸੀਆਂ ਨੂੰ ਪਿਆਰ ਨਹੀਂ ਕਰਦਾ, ਏਧਰੋਂ ਡਰਦੇ ਹਨ ਕਿ ਉਨ੍ਹਾਂ ਵੱਲ ਆਰਾ ਆਈ ਜਾਂਦਾ ਹੈ।

ਸੁਖਬੀਰ ਬਾਦਲ ਦੀ ਸਾਂਗ ਲਾਉਂਦਿਆਂ ਸੁਖਬੀਰ ਬਾਦਲ ਦਾ ਡਾਇਲਾਗ ਬੋਲਿਆ , “ਪੰਜਾਬ ਨੂੰ ਇੱਕੋ ਇੱਕ ਪਾਰਟੀ ਬਚਾ ਸਕਦੀ ਹੈ।” ਮਾਨ ਨੇ ਤੰਜ ਕਸਦਿਆਂ ਕਿਹਾ ਕਿ ਬਸ ਕਰੋ, ਹੁਣ ਨਵੇਂ ਮੁੰਡਿਆਂ ਨੂੰ ਕੁਝ ਕਰ ਲੈਣ ਦਿਓ। ਇਨ੍ਹਾਂ ਨੂੰ ਸਾੜਾ ਹੈ ਕਿ ਆਮ ਘਰਾਂ ਦੇ ਧੀਆਂ ਪੁੱਤ ਕੁਰਸੀਆਂ ਉੱਤੇ ਕਿਉਂ ਬੈਠ ਗਏ ਹਨ, ਇੱਥੇ ਤਾਂ ਸਾਡੇ ਨਿਆਣੇ ਬਹਿਣੇ ਸਨ।

ਗੈਂਗਸਟਰਾਂ ਬਾਰੇ ਬੋਲਦਿਆਂ ਕਿਹਾ ਕਿ ਸਾਰੇ ਮੈਨੂੰ ਕਹਿੰਦੇ ਹਨ ਕਿ ਕੀ 10 ਮਹੀਨਿਆਂ ਵਿੱਚ ਗੈਂਗਸਟਰ ਮੈਂ ਲਿਆਂਦੇ ਹਨ ? ਤੁਸੀਂ ਤਾਂ ਗੈਂਗਸਟਰਾਂ ਨੂੰ ਅਹੁਦੇ ਦਿੰਦੇ ਰਹੇ ਹੋ, ਅਸੀਂ ਤਾਂ ਗੈਂਗਸਟਰਾਂ ਨੂੰ ਫੜ ਰਹੇ ਹਨ। ਪੰਜਾਬ ਦੀ ਅਮਨ ਸ਼ਾਂਤੀ ਨੂੰ ਕੋਈ ਖ਼ਤਰਾ ਨਹੀਂ ਹੈ।

ਮਾਨ ਨੇ ਕਿਹਾ ਕਿ ਪਹਿਲਾਂ ਜਦੋਂ ਮੈਂ ਸਟੇਜ ਉੱਤੇ ਚੜਦਾ ਹੁੰਦਾ ਸੀ ਤਾਂ ਇੱਕ ਹਾਸਰਸ ਕਲਾਕਾਰ ਵਜੋਂ ਲੋਕ ਮੈਨੂੰ ਵੇਖ ਕੇ ਹੱਸਣ ਲੱਗ ਪੈਂਦੇ ਹਨ ਪਰ ਹੁਣ ਜਦੋਂ ਮੈਂ ਸਟੇਜ ਉੱਤੇ ਚੜਦਾ ਹਾਂ ਤਾਂ ਲੋਕ ਮੈਨੂੰ ਆਪਣੇ ਦੁੱਖ ਦੱਸ ਕੇ ਰੋਣ ਲੱਗ ਪੈਂਦੇ ਹਨ। ਮੈਨੂੰ ਰੱਬ ਔਖਾ ਕੰਮ ਹੀ ਦਿੰਦਾ ਹੈ, ਕੈਪਟਨ, ਬਾਦਲ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਹੈ। ਪਰ ਸ਼ਾਇਦ ਰੱਬ ਨੂੰ ਵੀ ਪਤਾ ਹੈ ਕਿ ਇਹ ਔਖਾ ਕੰਮ ਕਰ ਲੈਂਦਾ ਹੈ। ਜਿਨ੍ਹਾਂ ਲੋਕਾਂ ਨੇ ਲੋਕਾਂ ਦਾ ਬੁਰਾ ਕੀਤਾ ਹੈ, ਉਹ ਹੁਣ ਤਿਆਰ ਰਹਿਣ, ਆਰਾ ਉਹਨਾਂ ਵੱਲ ਆ ਰਿਹਾ ਹੈ।