Khaas Lekh Punjab

ਪੰਜਾਬ ਦੀਆਂ 5 ਧੀਆਂ ਦੀ ਕਾਮਯਾਬੀ ਬਾਰੇ ਸੁਣਕੇ ਤੁਹਾਨੂੰ ਹੋਵੇਗਾ ‘ਮਾਣ’ !

ਬਿਉਰੋ ਰਿਪੋਰਟ : ਧੀਆਂ ਦੇ ਜਨਮ ਵੇਲੇ ਮੂੰਹ ਬਣਾਉਣ ਵਾਲਿਆਂ ਨੂੰ ਪੰਜਾਬ ਦੀਆਂ 5 ਧੀਆਂ ਨੇ ਆਪਣੀ ਕਾਬਲੀਅਤ ਤੇ ਕਾਮਯਾਬੀ ਨਾਲ ਜਵਾਬ ਦਿੱਤਾ ਹੈ । PCS ਦੇ ਨਤੀਜੇ ਨਾਲ ਹੀ ਮਲੇਰਕੋਟਲਾਦੀ ਗੁਲਫਾਮ ਸਈਦ,ਕਪੂਰਥਲਾ ਦੀ ਸ਼ਿਵਾਨੀ,ਬਟਾਲਾ ਦੀ ਮਨਮੋਹਨ ਪ੍ਰੀਤ,ਬਰਨਾਲਾ ਦੀ ਅੰਜਲੀ ਅਤੇ ਕਿਰਨਜੀਤ ਕੌਰ ਨੇ ਜੱਜ ਬਣ ਕੇ ਕਾਮਯਾਬੀ ਦੇ ਝੰਡੇ ਗੱਡੇ ਹਨ । ਇਨ੍ਹਾਂ ਧੀਆਂ ਦੀ ਕਾਮਯਾਬੀ ਵਿੱਚ ਇੱਕ ਸ਼ਖਸ ਕਾਮਨ ਹੈ ਉਹ ਹੈ ਪੰਜਾਬ ਹਰਿਆਣਾ ਹਾਈਕੋਰਟ ਦਾ ਵਕੀਲ ਗੁਰਿੰਦਰ ਪਾਲ ਸਿੰਘ । ਜਿਸ ਨੇ ਗਰੀਬ ਧੀਆਂ ਦੇ ਸੁਪਣਿਆਂ ਨੂੰ ਮਰਨ ਨਹੀਂ ਦਿੱਤਾ ਬਲਕਿ ਉਨ੍ਹਾਂ ਨੂੰ ਖੱਬ ਲਗਾਏ । ਜੱਜ ਬਣ ਕੇ ਕਾਮਯਾਬੀ ਹਾਸਲ ਕਰਨ ਵਾਲੀਆਂ ਇਨ੍ਹਾਂ ਧੀਆਂ ਦੇ ਲਈ ਇਹ ਸੁਪਣਾ ਅਸਾਨ ਨਹੀਂ ਸੀ । ਕਿਸੇ ਦਾ ਪਿਤਾ ਬੱਸ ਡਰਾਈਵਰ ਕਿਸੇ ਦਾ ਆਟੋ ,ਕੋਈ ਗਰੀਬ ਕਿਸਾਨ ਦੀ ਧੀ ਸੀ । ਇਨ੍ਹਾਂ ਦੇ ਜੱਜ ਬਣਨ ਦੀ ਕਹਾਣੀ ਤੁਹਾਡੇ ਲਈ ਜਾਣਨੀ ਬਹੁਤ ਜ਼ਰੂਰੀ ਹੈ । ਕਿਉਂਕਿ ਇਹ ਨਾ ਸਿਰਫ਼ ਪੰਜਾਬ ਦੇ ਸੁਨਹਿਰੇ ਭਵਿੱਖ ਦਰਵਾਜ਼ਾ ਹੈ ਬਲਕਿ ਹਿੰਮਤ ਅਤੇ ਮਿਹਨਤ ਦੀ ਅਨੌਖੀ ਮਿਸਾਲ ਹੈ ।

ਗੁਲਫਾਮ ਦੀ ਮਿਹਨਤ ਤੁਹਾਡਾ ਹੌਸਲਾ ਵਧਾਏਗੀ

ਸਭ ਤੋਂ ਪਹਿਲਾਂ ਗੱਲ ਮਲੇਰਕੋਟਲਾ ਦੀ ਗੁਲਫਾਮ ਸਈਦ ਦੀ ਉਹ ਜੱਜ ਬਣਨ ਤੋਂ ਬਾਅਦ ਭਾਵੁਕ ਵੀ ਹੈ ਅਤੇ ਖੁਸ਼ ਵੀ ਹੈ। ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਵਿੱਚ ਪੰਜਾਬ ਵਿੱਚੋਂ ਗੁਲਫਾਮ ਨੇ ਪੰਜਵਾਂ ਥਾਂ ਹਾਸਲ ਕੀਤਾ ਹੈ । ਗੁਲਫਾਮ ਦੇ ਪਿਤਾ ਤਾਲਿਬ ਹੁਸੈਨ ਪਿਕਅੱਪ ਟਰੱਕ ਚਾਲਕ ਹਨ । ਗੁਲਫਾਮ ਦੱਸ ਦੀ ਹੈ ਕਿ 11 ਜੀਆਂ ਦਾ ਪਰਿਵਾਰ 2 ਕਮਰਿਆਂ ਵਿੱਚ ਰਹਿੰਦਾ ਹੈ । ਵਕਾਲਤ ਕਰਨ ਤੋਂ ਬਾਅਦ ਉਸ ਕੋਲ ਦਫਤਰ ਬਣਾਉਣ ਦੇ ਲਈ ਪੈਸੇ ਨਹੀਂ ਸਨ । ਕਲਾਇੰਟ ਇੱਥੇ ਆ ਕੇ ਕੇਸ ਬਾਰੇ ਗੱਲ ਨਹੀਂ ਕਰ ਸਕਦਾ ਸੀ। ਮੇਰੇ ਕੋਲ ਕੋਈ ਗੱਡੀ ਨਹੀਂ ਸੀ ਘਰ ਤੋਂ ਕਚਹਿਰੀ ਵੀ ਦੂਰ ਸੀ ਸ਼ੁਰੂਆਤ ਦੇ 3 ਤੋਂ 4 ਸਾਲ ਔਖੇ ਬੀਤੇ । ਮੇਰੇ ਕੋਲ ਜੁਡੀਸ਼ਰੀ ਦੇ ਇਮਤਿਆਨ ਦੇ ਲਈ ਫੀਸ ਭਰਨ ਲਈ ਪੈਸੇ ਨਹੀਂ ਸਨ । ਗੁਲਫਾਮ ਕਹਿੰਦੀ ਹੈ ਉਹ ਸੋਚ ਦੀ ਸੀ ਕਿ ਉਸ ਨੇ ਵਕੀਲ ਦਾ ਪੇਸ਼ਾ ਚੁਣ ਕੇ ਕੋਈ ਗਲਤੀ ਤਾਂ ਨਹੀਂ ਕਰ ਦਿੱਤੀ ।

ਗੁਲਫਾਮ ਦੱਸ ਦੀ ਹੈ ਇੱਕ ਦਿਨ ਇੱਕ ਮੈਸੇਜ ਆਇਆ ਜਿਸ ਵਿੱਚ ਲਿਖਿਆ ਸੀ ਕਿ PCS ਦੀ ਮੁਫਤ ਸਿੱਖਿਆ। ਉਸ ਨੂੰ ਲੱਗਿਆ ਕੋਈ ਫਰਾਡ ਹੋ ਸਕਦਾ ਹੈ,ਪਰ ਫਿਰ ਮਨ ਵਿੱਚ ਖਿਆਲ ਆਇਆ ਕਿ ਇੱਕ ਵਾਰ ਫੋਨ ਕਰਕੇ ਵੇਖ ਦੇ ਹਾਂ । ਜਦੋਂ ਫੋਨ ਕੀਤਾ ਤਾਂ ਪਤਾ ਚੱਲਿਆ ਕਿ ਚੰਡੀਗੜ੍ਹ ਵਿੱਚ ਇੱਕ ਵਕੀਲ 20 ਕਮਜ਼ੋਰ ਬੱਚਿਆਂ ਨੂੰ ਕੋਚਿੰਗ ਦੇ ਰਹੇ ਹਨ । ਪਰ ਉਸ ਦੇ ਸਾਹਮਣੇ ਸਵਾਲ ਇਹ ਸੀ ਕਿ ਚੰਡੀਗੜ੍ਹ ਜਾਕੇ ਰਹਿਣ ਅਤੇ ਖਾਣ-ਪੀਣ ਦਾ ਇੰਤਜ਼ਾਮ ਆਪ ਕਰਨਾ ਪਏਗਾ ਉਸੇ ਲਈ 5 ਤੋਂ 10 ਹਜ਼ਾਰ ਰੁਪਏ ਲੱਗਣਗੇ । ਉਸ ਦੀ ਇਹ ਹਾਲਤ ਨਹੀਂ ਸੀ ਕਿ ਉਹ ਇਹ ਪੈਸਾ ਖਰਚ ਸਕੇ। ਸਾਰੀਆਂ ਚੀਜ਼ਾਂ ਸੋਚਣ ਦੇ ਬਾਅਦ ਗੁਲਫਾਮ ਨੇ ਨਾ ਕਰਨ ਦੇ ਲਈ ਵਕੀਲ ਗੁਰਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਕਿਹਾ ਤੁਸੀਂ ਆ ਜਾਓ, ਜੇ ਇੱਕ ਜਾਂ ਫਿਰ 2 ਮਹੀਨੇ ਰਹਿਣ ਵਾਸਤੇ ਵੀ ਪੈਸੇ ਹਨ ਤਾਂ ਆ ਕੇ ਪੜ੍ਹਾਈ ਸ਼ੁਰੂ ਕਰੋ । ਗੁਲਫਾਮ ਮੁਤਾਬਿਕ ਪਰਿਵਾਰ ਨੇ ਮੇਰਾ ਸਾਥ ਦਿੱਤਾ । ਉਨ੍ਹਾਂ ਦੀ ਵਕੀਲ ਪਤਨੀ ਅਤੇ ਛੋਟੀ 8 ਤੋਂ 9 ਸਾਲ ਦੀ ਧੀ ਨੇ ਵੀ ਸਾਥ ਦਿੱਤਾ । 2019 ਵਿੱਚ ਗੁਲਫਾਮ ਨੇ ਕੋਚਿੰਗ ਸ਼ੁਰੂ ਕੀਤੀ । ਪਿਤਾ ਕੋਲ ਪੈਸੇ ਭੇਜਣ ਲਈ ਪੈਸੇ ਨਹੀਂ ਸਨ ਪਰ ਗੁਰਿੰਦਰ ਸਰ ਨੇ ਕਿਹਾ ਧੀਏ ਤਿਆਰੀ ਜਾਰੀ ਰੱਖ,ਜੇ ਲੋੜ ਪਈ ਤਾਂ ਮੈਂ ਆਪਣੇ ਭਾਂਡੇ ਵੀ ਵੇਚ ਦੇਵਾਂਗਾ। ਉਨ੍ਹਾਂ ਦੀ ਇਸ ਗੱਲ ਨੇ ਗੁਲਫਾਮ ਨੂੰ ਬਹੁਤ ਪ੍ਰੇਰਿਤ ਕੀਤਾ ।

ਗੁਲਫਾਮ ਨੇ ਦੱਸਿਆ ਕਿ ਉਸ ਨੇ ਹਰਿਆਣਾ ਜੁਡੀਸ਼ਰੀ ਦਾ ਪੇਪਰ ਦਿੱਤਾ ਸੀ ਤਾਂ ਉਹ 5.5 ਨੰਬਰ ਤੋਂ ਰਹਿ ਗਈ ਸੀ । ਜਦੋਂ ਉਸ ਨੇ ਹੁਣ ਪੇਪਰ ਦਿੱਤਾ ਤਾਂ ਉਸ ਨੂੰ ਨਤੀਜਾ ਵੇਖਣ ਤੋਂ ਡਰ ਲੱਗ ਰਿਹਾ ਸੀ । ਉਸ ਨੇ ਆਪਣੇ ਪਿਤਾ ਨੂੰ ਨਤੀਜਾ ਵੇਖਣ ਲਈ ਕਿਹਾ ਤਾਂ ਉਨ੍ਹੀ ਦੇ ਦੇਰ ਵਿੱਚ ਗੁਰਿੰਦਰ ਸਰ ਦਾ ਫੋਨ ਆ ਗਿਆ ਉਨ੍ਹਾਂ ਕਿਹਾ ਧੀਏ ਢੋਲ ਵਜਾ ਇਹ ਸੁਣਕੇ ਗੁਲਫਾਮ ਦੱਸ ਦੀ ਹੈ ਮੇਰਾ ਰੋਣਾ ਨਿਕਲ ਗਿਆ । ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਸੀ। ਆਲੇ-ਦੁਆਲੇ ਦੇ ਲੋਕ ਮੈਨੂੰ ਵਧਾਇਆ ਦੇਣ ਆ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਸਾਰਾ ਸ਼ਹਿਰ ਮੇਰੀ ਕਾਮਯਾਬੀ ਵਿੱਚ ਖੁਸ਼ ਹੈ ।

ਗੁਰਿੰਦਰਪਾਲ ਸਿੰਘ ਦੇ 13 ਬੱਚੇ ਕਾਮਯਾਬ

ਗੁਲਫਾਮ ਦੀ ਸਫਲਤਾ ਤੇ ਗੁਰਿੰਦਰ ਸਿੰਘ ਨੇ ਦੱਸਿਆ ਕਿ ਗੁਲਫਾਮ ਨੇ ਬਹੁਤ ਮਿਹਨਤ ਕੀਤੀ ਹੈ । ਉਨ੍ਹਾਂ ਨੂੰ ਉਸ ਤੇ ਬਹੁਤ ਫਕਰ ਹੈ। ਗੁਰਿੰਦਰਪਾਲ ਸਿੰਘ ਨੇ ਦਸਿਆ ਕਿ ਮੇਰੇ ਕੋਲ ਪੜ੍ਹੇ 13 ਬੱਚਿਆਂ ਦੇ ਪੇਪਰ ਕਲੀਅਰ ਹੋਏ ਹਨ ਜਿੰਨਾਂ ਵਿੱਚ 11 ਕੁੜੀਆਂ ਹਨ । ਗੁਰਿੰਦਰਪਾਲ ਨੇ ਦੱਸਿਆ ਕਿ ਗੁਲਫਾਮ ਨੇ ਸਮਾਜ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਇਹ ਮੁਕਾਮ ਹਾਸਲ ਕੀਤਾ ਹੈ । ਗੁਲਫਾਮ ਕਹਿੰਦੀ ਹੈ ਕਿ ਜਿਸ ਥਾਂ ਤੋਂ ਉਹ ਆਉਂਦੀ ਹੈ ਉੱਥੇ ਧੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੋ ਜਾਂਦਾ ਹੈ । ਰੱਬ ਨੇ ਉਸ ਨੂੰ ਜਿਹੜੀ ਕਾਮਯਾਬੀ ਬਖਸ਼ੀ ਹੈ ਉਹ ਆਪਣੀ ਜ਼ਿੰਦਗੀ ਵਿੱਚ ਦੂਜਿਆਂ ਵਿੱਚ ਵੀ ਵੰਡੇਗੀ ।

ਕਿਸਾਨ ਦੀ ਧੀ ਬਣੀ ਜੱਜ

ਦੇਸ਼ ਦੇ ਅੰਨਦਾਤਾ ਦੀ ਧੀ ਨੇ ਕਮਾਲ ਕਰ ਵਿਖਾਇਆ ਹੈ । ਬਟਾਲਾ ਦੀ ਮਨਮੋਹਨਪ੍ਰੀਤ ਕੌਰ ਨੇ ਪਹਿਲੀ ਵਾਰ PCS ਜੁਡੀਸ਼ੀਅਲ ਪ੍ਰੀਖਿਆ ਵਿੱਚ EWS ਕੈਟੇਗਰੀ ਵਿੱਚ ਪਹਿਲਾਂ ਥਾਂ ਹਾਸਲ ਕੀਤਾ ਹੈ । ਉਸ ਨੇ ਦੱਸਿਆ ਕਿ ਮੇਰੇ ਪਿਤਾ ਛੋਟੇ ਕਿਸਾਨ ਹਨ ਪਰ ਧੀ ਨੂੰ ਕਾਮਯਾਬ ਬਣਾਉਣ ਦਾ ਉਨ੍ਹਾਂ ਸੁਪਣਾ ਬਹੁਤ ਵੱਡਾ ਸੀ । ਮੇਰੀ ਮਿਹਨਤ ਨੂੰ ਵੇਖ ਕੇ ਉਹ ਪਰਿਵਾਰ ਦਾ ਮਾਣ ਵਧਾਉਣ ਲਈ ਮੇਰੇ ਪਿੱਛੇ ਖੜੇ ਹੋ ਗਏ । ਮਨਮੋਹਨ ਨੇ ਪਿੰਡ ਦੇ ਨਵੋਦਿਆ ਵਿਦਿਆਲਿਆ ਤੋਂ ਹੀ ਮੁੱਢਲੀ ਸਿੱਖਿਆ ਲਈ ਫਿਰ ਪਠਾਨਕੋਟ ਵਿੱਚ ਪੜਨ ਚਲੀ ਗਈ । ਜਿੱਥੇ ਉਸ ਨੇ ਜੁਡੀਸ਼ੀਅਲ ਸਰਵਿਸ ਵਿੱਚ ਜਾਣ ਦਾ ਫੈਸਲਾ ਲਿਆ । ਮਨਮੋਹਨ ਨੇ ਵਕਾਲਤ ਦੀ ਪੜਾਈ ਕੀਤੀ ਅਤੇ PCS ਕੋਚਿੰਗ ਦੇ ਲਈ ਚੰਡੀਗੜ੍ਹ ਦੇ ਵਕੀਲ ਗੁਰਿੰਦਰ ਸਿੰਘ ਕੋਲ ਪਹੁੰਚ ਗਈ ਜਿੰਨਾਂ ਨੇ ਗੁਲਫਾਮ ਦੀ ਮਦਦ ਕੀਤੀ ਸੀ।

ਮਨਮੋਹਨ ਕੌਰ ਦੱਸ ਦੀ ਹੈ ਕਿ ਗੁਰਿੰਦਰ ਸਰ ਦੀ ਬਦੌਲਤ ਹੀ ਉਹ ਅੱਜ ਇਸ ਮੁਕਾਮ ‘ਤੇ ਪਹੁੰਚੀ ਹੈ । ਮਨਮੋਹਨ ਦੇ ਪਿਤਾ ਦੱਸ ਦੇ ਹਾਂ ਕਿ ਇਮਤਿਹਾਨ ਵੇਲੇ ਉਸ ਦੀ ਤਬੀਅਤ ਇਨ੍ਹੀ ਖਰਾਬ ਹੋ ਗਈ ਸੀ ਕਿ ਉਸ ਨੂੰ ਚੁੱਕ ਕੇ ਇਮਤਿਹਾਨ ਹਾਲ ਵਿੱਚ ਬਿਠਾਇਆ ਗਿਆ ਸੀ । ਪਰ ਉਸ ਦਾ ਸੁਪਣਾ ਹੈ ਕਿ ਹਰ ਇੱਕ ਪਰਿਵਾਰ ਦੀ ਧੀ ਨੂੰ ਜ਼ਰੂਰ ਸਿੱਖਿਆ ਮਿਲੇ । ਉਸ ਨੇ ਵਿਦੇਸ਼ ਦਾ ਰੁੱਖ ਕਰਨ ਵਾਲੇ ਪੰਜਾਬੀ ਨੌਜਵਾਨਾਂ ਨੂੰ ਕਿਹਾ ਪੰਜਾਬ ਵਿੱਚ ਹੀ ਮਿਹਨਤ ਕਰਕੇ ਅਸੀਂ ਆਪਣੇ ਸੁਪਣੇ ਪੂਰੇ ਕਰ ਸਕਦੇ ਹਾਂ

ਆਟੋ ਡਰਾਈਵਰ ਦੀ ਭਾਂਜੀ ਬਣੀ ਜੱਜ

PCS ਦੀ ਪ੍ਰੀਖਿਆ ਪਾਸ ਕਰਨ ਵਾਲੀ ਸ਼ਿਵਾਨੀ ਵੀ ਐੱਸਸੀ ਕੈਟੇਗਰੀ ਦੀ ਹੈ । ਉਸ ਨੂੰ ਮਾਮੇ ਨੇ ਹੀ ਪਾਲਿਆ ਅਤੇ ਪੜਾਈ ਕਰਵਾਈ। ਉਸ ਨੇ ਪ੍ਰੀਖਿਆ ਵਿੱਚ ਚੌਥੀ ਥਾਂ ਹਾਸਲ ਕੀਤੀ । ਸ਼ਿਵਾਨੀ ਦੱਸ ਦੀ ਹੈ ਕਿ ਮੇਰੇ ਮਾਮਾ ਆਟੋ ਡਰਾਈਵਰ ਹਨ । ਉਸ ਨੇ 12ਵੀਂ ਤੱਕ ਪੜਾਈ ਸਰਕਾਰੀ ਸੀਨੀਅਰ ਸਕੂਲ ਘੰਟਾ ਘਰ ਕਪੂਰਥਲਾ ਵਿੱਚ ਕੀਤੀ । ਉਸ ਤੋਂ ਬਾਅਦ ਜਲੰਧਰ ਦੇ ਇੱਕ ਪ੍ਰਾਈਵੇਟ ਕਾਲਜ ਵਿੱਚ LLB ਦੀ ਡਿਗਰੀ ਹਾਸਲ ਕੀਤੀ । ਫਿਰ ਕੋਚਿੰਗ ਲੈਣ ਦੇ ਲਈ ਗੁਰਵਿੰਦਰ ਸਿੰਘ ਕੋਲ ਪਹੁੰਚ ਗਈ ਜਿੰਨਾਂ ਨੇ ਗੁਲਫਾਮ ਅੇਤ ਮਨਮੋਹਨ ਨੂੰ ਕੋਚਿੰਕ ਦਿੱਤੀ ਸੀ।

ਸ਼ਿਵਾਨੀ ਦੇ ਮਾਮਾ ਦੱਸ ਦੇ ਹਨ ਕਿ ਸਾਡੇ ਕੋਲ ਸ਼ਿਵਾਨੀ ਦੀ ਪੜ੍ਹਾਈ ਦੇ ਲਈ ਪੈਸੇ ਨਹੀਂ ਸਨ । ਪਰ ਉਨ੍ਹਾਂ ਦੇ ਆਲੇ-ਦੁਆਲੇ ਸਾਰੇ ਲੋਕਾਂ ਨੇ ਮੇਰਾ ਸਾਥ ਦਿੱਤਾ । ਸ਼ਿਵਾਨੀ ਨੂੰ ਕੋਚਿੰਗ ਲੈਣ ਲਈ ਵੀ ਪੈਸੇ ਨਹੀਂ ਸਨ । ਪਰ ਵਕੀਲ ਗੁਰਿੰਦਰ ਪਾਲ ਸਿੰਘ ਨੇ ਹਮੇਸ਼ਾ ਮੇਰੀ ਧੀ ਨੂੰ ਹੌਂਸਲਾ ਦਿਤਾ । ਜਿਸ ਦੀ ਵਜ੍ਹਾ ਕਰਕੇ ਉਹ ਜੱਜ ਬਣ ਗਈ ਹੈ।

ਬਰਨਾਲਾ ਦੀਆ 2 ਧੀਆਂ ਜੱਜ ਬਣੀਆਂ

ਬਰਨਾਲਾ ਦੀਆਂ 2 ਧੀਆਂ ਨੇ PCS ਦੀ ਪ੍ਰੀਖਿਆ ਪਾਸ ਕੀਤੀ । ਇੱਕ ਬੱਸ ਡਰਾਈਵਰ ਦੀ ਧੀ ਹੈ ਜਦਕਿ ਦੂਜੀ ਫੌਜੀ ਦੀ ਧੀ ਹੈ । ਫੌਜੀ ਬਲਕਾਰ ਸਿੰਘ ਦੀ ਧੀ ਅੰਜਲੀ ਕੌਰ ਹੈ ਅਤੇ ਪੰਜਾਬ ਰੋਡਵੇਜ਼ ਦੇ ਡਰਾਈਵਰ ਹਰਪਾਲ ਸਿੰਘ ਦੀ ਧੀ ਕਿਰਨਜੀਤ ਕੌਰ ਹੈ । ਫੌਜ ਤੋਂ ਰਿਟਾਇਡ ਹੋਣ ਤੋਂ ਬਾਅਦ ਬਲਕਾਰ ਸਿੰਘ ਟਰੈਫਿਕ ਪੁਲਿਸ ਵਿੱਚ ਮੁਲਾਜ਼ਮ ਹਨ । ਧੀ ਅੰਜਲੀ ਨੇ ਪਹਿਲੀ ਵਾਰ ਵਿੱਚ ਹੀ PCS ਟੈਸਟ ਪਾਸ ਕਰ ਲਿਆ । ਉਸ ਨੇ 12ਵੀਂ ਤੱਕ ਦੀ ਪੜ੍ਹਾਈ ਕੇਂਦਰੀ ਵਿੱਦਿਆਲਿਆ ਤੋਂ ਹਾਸਲ ਕੀਤੀ ਅਤੇ BA LLB ਇੰਟੇਗਰੇਟੇਡ ਕੋਰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਅੰਜਲੀ ਦੱਸ ਦੀ ਹੈ ਕਿ ਉਸ ਨੇ 12 ਤੋਂ 14 ਘੰਟੇ ਪੜਾਈ ਕੀਤੀ ਅਤੇ ਉਸ ਦੇ ਲਈ ਮਾਪਿਆਂ ਅਤੇ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ । ਮਾਂ ਬੀਐੱਡ ਹੈ ਅਤੇ ਉਹ ਕਹਿੰਦੀ ਹੈ ਮੇਰੀ ਇੱਛਾ ਹੈ ਕਿ ਸਾਡੇ ਬੱਚੇ ਅਫ਼ਸਰ ਬਣਨ।

ਪੰਜਾਬ ਰੋਡਵੇਜ਼ ਦੇ ਡਰਾਈਵਰ ਹਰਪਾਲ ਸਿੰਘ ਦੀ ਧੀ ਕਿਰਨਜੀਤ ਕੌਰ ਨੇ ਵੀ 12ਵੀਂ ਤੱਕ ਦੀ ਪੜਾਈ ਪਬਲਿਕ ਸਕੂਲ ਤੋਂ ਕੀਤੀ । ਇਸ ਤੋਂ ਬਾਅਦ BA LLB GHG ਇੰਸਟੀਚਿਊਟ ਆਫ ਲਾਅ,ਸਿੱਧਵਾਂ ਖੁਰਦ ਤੋਂ ਪਾਸ ਕੀਤੀ ਹੈ । ਕਿਰਨਜੀਤ ਦੇ ਪਿਤਾ ਨੇ ਘੱਟ ਤਨਖਾਹ ਹੋਣ ਦੇ ਬਾਵਜੂਦ ਆਪਣੀ ਧੀ ਨੂੰ ਚੰਡੀਗੜ੍ਹ ਵਿੱਚ ਪ੍ਰਾਈਵੇਟ ਸਕੂਲ ਵਿੱਚ ਕੋਚਿੰਗ ਦਿਵਾਈ । ਕਿਰਨਜੀਤ ਨੇ ਪਿਤਾ ਦੇ ਭਰੋਸੇ ਨੂੰ ਤੋੜਿਆ ਨਹੀਂ ਅਤੇ PCS ਦੀ ਪ੍ਰੀਖਿਆ ਪਾਸ ਕੀਤੀ । ਕਿਰਨਜੀਤ ਦਾ ਭਰਾ ਵੀ ਪਟਵਾਰੀ ਬਣ ਗਿਆ ਹੈ । ਪਰਿਵਾਰ ਆਪਣੇ ਬੱਚਿਆਂ ਦਾ ਕਾਮਯਾਬੀ ‘ਤੇ ਬਹੁਤ ਖੁਸ਼ ਹਨ।