India Punjab

ਚੜੂਨੀ ਦੇ ਪੰਜਾਬ ਮਿਸ਼ਨ ਨਾਲ ਸੰਯੁਕਤ ਮੋਰਚੇ ਦਾ ਨਹੀਂ ਕੋਈ ਵਾਹ-ਵਾਸਤਾ

‘ਦ ਖ਼ਾਲਸ ਟੀਵੀ ਬਿਊਰੋ:- ਸੰਯੁਕਤ ਕਿਸਾਨ ਮੋਰਚਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਅੱਜ ਮੁਲਾਕਾਤ ਕਰਨ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਕਰਕੇ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਪੰਜਾਬ ਮਿਸ਼ਨ ਨਾਲ ਕੋਈ ਵਾਹ ਵਾਸਤਾ ਨਾ ਹੋਣ ਦਾ ਦਾਅਵਾ ਕੀਤਾ ਹੈ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਚੜੂਨੀ ਦੇ ਪੰਜਾਬ ਮਿਸ਼ਨ ਨਾਲ ਵੀ ਉਹੀ ਸਲੂਕ ਹੋਵੇਗਾ, ਜਿਹੜਾ ਦੂਜੀਆਂ ਸਿਆਸੀ ਪਾਰਟੀਆਂ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੜੂਨੀ ਨੂੰ ਵੀ ਥਾਂ-ਥਾਂ ਘੇਰ ਕੇ ਸਵਾਲ ਪੁੱਛੇ ਜਾਣਗੇ। ਅੱਜ ਦੀ ਪ੍ਰੈੱਸ ਕਾਨਫਰੰਸ ਵਿਚ ਮੁੱਖ ਮੰਤਰੀ ਚੰਨੀ ਨਾਲ ਹੋਈ ਮੀਟਿੰਗ ਦੇ ਵੇਰਵੇ ਵੀ ਦਿੱਤੇ ਗਏ।

ਰਾਜੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਸਾਨਾਂ ਦਾ ਕਰਜਾ ਮੁਆਫ ਕਰਨ ਨਾਲ ਆਪਣੀ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਸਾਨਾਂ ਨੇ ਕਿਹਾ ਹੈ ਕਿ ਕਰਜਾਈ ਕਿਸਾਨਾਂ ਦੀ ਸੂਚੀ ਦਿੱਤੀ ਜਾਵੇ, ਇਸਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਕਿਸਾਨਾਂ ਦੇ ਕਰਜੇ ਦਾ ਮਸਲਾ ਹਫਤੇ ਦੇ ਅੰਦਰ ਨਿਬੇੜ ਦਿੱਤਾ ਜਾਵੇਗਾ। 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਕਿਸਾਨਾਂ ਸਿਰ ਚੜ੍ਹਿਆ 90 ਹਜ਼ਾਰ ਕਰੋੜ ਦਾ ਕਰਜਾ ਮੁਆਫ ਕਰਨ ਦਾ ਭਰੋਸਾ ਦਿਤਾ ਸੀ। ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਸ਼ਹੀਦ ਹੋਏ 650 ਕਿਸਾਨਾਂ ਵਿੱਚੋਂ ਮੁਆਵਜ਼ਾ ਲੈਣ ਤੋਂ ਵਾਂਝੇ ਰਹਿ ਗਏ ਮ੍ਰਿਤਕਾਂ ਦੀ ਸੂਚੀ ਮੰਗ ਲਈ ਹੈ। ਸਰਕਾਰ ਮ੍ਰਿਤਕਾਂ ਦੇ ਵਾਰਸਾਂ ਨੂੰ ਮੁਆਵਜਾ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਬਚਨਬੱਧ ਹੈ। ਕਿਸਾਨ ਨੇਤਾਵਾਂ ਨੇ ਬਿਜਲੀ ਬੋਰਡ ਦੀ ਭਰਤੀ ਦੌਰਾਨ ਪੰਜਾਬ ਤੋਂ ਬਾਹਰਲਿਆਂ ਨੂੰ ਨੌਕਰੀ ਦੇਣ ਦਾ ਮੁੱਦਾ ਵੀ ਚੁੱਕਿਆ, ਜਿਸ ਉੱਤੇ ਮੁੱਖ ਮੰਤਰੀ ਨੇ ਭਵਿਖ ਵਿਚ 80 ਫੀਸਦ ਅਸਾਮੀਆਂ ਪੰਜਾਬ ਦੇ ਨੌਜਵਾਨਾਂ ਲਈ ਰਾਖਵਾਂ ਕਰਨ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਨਰਮੇ ਦੇ ਨੁਕਸਾਨ ਲਈ ਮੁਆਵਜੇ ਦੀ ਰਕਮ 12 ਹਜ਼ਾਰ ਰੁਪਏ ਤੋਂ ਵਧਾ ਕੇ 17 ਹਜ਼ਾਰ ਰੁਪਏ ਕਰ ਦਿੱਤੀ ਹੈ, ਜਿਸ ਵਿਚ 10 ਫੀਸਦ ਖੇਤ ਮਜਦੂਰਾਂ ਲਈ ਹੈ। ਝੋਨੇ ਦੀ ਵਿਕਰੀ ਨਾਲ ਜੁੜੇ ਮਸਲੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਲਟਕਦੀਆਂ ਅਦਾਇਗੀਆਂ ਆਉਣ ਦਿਨਾਂ ਵਿਚ ਨਿਬੇੜਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਦਾਣ-ਦਾਣਾ ਖਰੀਦਣ ਲਈ ਬਚਨਬੱਧ ਹੈ। ਕਿਸਾਨਾਂ ਦੇ ਮੰਗ ਉੱਤੇ ਚੰਨੀ ਨੇ ਨਕਲੀ ਬੀਜ ਵੇਚਣ ਵਾਲਿਆਂ ਦੇ ਲਾਇਸੈਂਸ ਰੱਦ ਕਰਕੇ ਜੇਲ੍ਹ ਡੱਕਣ ਜਾ ਵਿਸ਼ਵਾਸ ਵੀ ਜਤਾਇਆ ਹੈ। ਨਾਲ ਹੀ ਡੀਏਪੀ ਤੇ ਯੂਰੀਆ ਦੀ ਸਪਲਾਈ 12 ਨਵੰਬਰ ਤੱਕ ਰੈਗੁਲਰ ਕਰਨ ਦਾ ਭਰੋਸਾ ਦਿੱਤਾ ਹੈ। ਕਿਸਾਨ ਨੇਤਾਵਾਂ ਅਨੁਸਾਰ ਗੰਨੇ ਦਾ ਵਧਿਆ 360 ਰੁਪਏ ਪ੍ਰਤੀ ਕਵਿੰਟਲ ਦਾ ਭਾਅ ਕਾਉਂਟਰ ਉੱਤੇ ਹੀ ਅਦਾ ਕਰਨ ਦੀ ਮੰਗ ਵੀ ਮੰਨ ਲਈ ਹੈ। ਇਸ ਤੋਂ ਪਹਿਲਾਂ ਗੰਨੇ ਦੇ ਵਧੇ 50 ਰੁਪਏ ਭਾਅ ਵਿੱਚੋਂ 35 ਰੁਪਏ ਸਰਕਾਰ ਵੱਲੋਂ ਅਤੇ 25 ਰੁਪਏ ਮਿਲ ਮਾਲਕਾਂ ਵੱਲੋਂ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਕਿਸਾਨਾਂ ਨੂੰ ਇਕ ਹੋਰ ਵੱਡੀ ਰਾਹਤ ਦਿਤੀ ਹੈ, ਜਿਸ ਤਹਿਤ ਗੰਨੇ ਦੀ ਲੇਟ ਆਦਾਇਗੀ ਕਰਨ ਵਾਲੇ ਮਿਲ ਮਾਲਕਾਂ ਬਿਆਜ ਭਰਨਾ ਪਿਆ ਕਰੇਗਾ।

ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨਾਂ ਨੂੰ ਦੁੱਧ ਦੇ ਭਾਅ ਵਿਚ ਫੈਟ ਮੁਤਾਬਿਕ 10 ਰੁਪਏ ਪ੍ਰਤੀ ਵਾਧਾ ਕਰਨ ਦਾ ਭਰੋਸਾ ਦਿੱਤਾ ਹੈ। ਇੱਕ ਹੋਰ ਵੱਡੇ ਫੈਸਲਾ ਵਿੱਚ ਤੁਪਕਾ ਸਿੰਚਾਈ ਵਾਲੇ ਕਿਸਾਨਾਂ ਦੇ ਬਿਜਲੀ ਦੇ ਬਿੱਲ ਮੁਆਫ ਕਰਨ ਦੀ ਮੰਗ ਮੌਕੇ ਉੱਤੇ ਹੀ ਮੰਨ ਲਈ ਹੈ। ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ 32 ਕਿਸਾਨ ਜਥੇਬੰਦੀਆਂ ਨੇ ਨੁਮਾਇੰਦੇ ਹਾਜਿਰ ਸਨ।