India

ਮੰਦਰਾਂ ਵਿੱਚ ਕਿਵੇਂ ਪੂਜਾ ਪਾਠ ਹੋਵੇ, ਅਸੀਂ ਕਿਵੇਂ ਦੱਸ ਸਕਦੇ ਹਾਂ : ਸੁਪਰੀਮ ਕੋਰਟ

‘ਦ ਖ਼ਾਲਸ ਟੀਵੀ ਬਿਊਰੋ:-ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤਾਂ ਮੰਦਰਾਂ ਵਿੱਚ ਪੂਜਾ ਪਾਠ ਕਰਨ ਦੇ ਕੰਮਾਂ ਵਿੱਚ ਦਖਲ ਨਹੀਂ ਸਕਦੀਆਂ ਤੇ ਅਸੀਂ ਇਹ ਵੀ ਨਹੀਂ ਦੱਸ ਸਕਦੇ ਕਿ ਕਿਵੇਂ ਪੂਜਾ ਤੇ ਅਨੁਸ਼ਠਾਨ ਕੀਤਾ ਜਾਵੇ, ਕਿਵੇਂ ਨਾਰੀਅਲ ਤੋੜੇ ਜਾਣ ਜਾਂ ਕਿਸੇ ਦੇਵੀ-ਦੇਵਤਾ ਨੂੰ ਕਿਸ ਤਰੀਕੇ ਨਾਲ ਮਾਲਾ ਪਾਈ ਜਾਵੇ। ਇਹ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਨੇ ਮਸ਼ਹੂਰ ਤਿਰੁਪਤੀ ਬਾਲਾਜੀ ਮੰਦਿਰ ਦੇ ਕੁਝ ਅਨੁਸ਼ਠਾਨਾਂ ’ਚ ਬੇਨਿਯਮੀਆਂ ਦੇ ਦੋਸ਼ਾਂ ਵਾਲੀ ਪਟੀਸ਼ਨ ’ਤੇ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਟਿੱਪਣੀ ਚੀਫ ਜਸਟਿਸ ਐੱਨਵੀ ਰਮਨਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕੀਤੀ ਹੈ।

ਜ਼ਿਕਰਯੋਗ ਹੈ ਕਿ ਪਟੀਸ਼ਨ ਪਾਉਣ ਵਾਲੇ ਸਰਵਰੀ ਦੱਦਾ ਨੇ ਕਿਹਾ ਹੈ ਕਿ ਇਹ ਇਕ ਜਨਤਕ ਮੰਦਿਰ ਹੈ। ਇਸ ’ਤੇ ਬੈਂਚ ਨੇ ਕਿਹਾ ਕਿ ਕੋਰਟ ਇਸ ਮਾਮਲੇ ’ਚ ਕਿਵੇਂ ਦਖ਼ਲ ਦੇ ਸਕਦਾ ਹੈ ਕਿ ਕਿਵੇਂ ਪੂਜਾ ਪਾਠ ਕੀਤੀ ਜਾਵੇ। ਬੈਂਚ ਦਾ ਕਹਿਣਾ ਹੈ ਕਿ ਜਿਹੜੀ ਪਟੀਸ਼ਨ ਪਾ ਕੇ ਰਾਹਤ ਮੰਗੀ ਗਈ ਹੈ, ਉਹ ਮੰਦਿਰ ਦੇ ਰੋਜ਼ਾਨਾ ਕੰਮਕਾਜ ਦੇ ਮਾਮਲਿਆਂ ’ਚ ਦਖ਼ਲ ਦੇਣ ਵਾਂਗ ਹੈ।

ਜਾਣਕਾਰੀ ਮੁਤਾਬਿਕ ਭਗਵਾਨ ਵੈਂਕਟੇਸ਼ਵਰ ਸਵਾਮੀ ਦੇ ਭਗਤ ਦੱਦਾ ਨੇ ਤਿਰੁਪਤੀ ਮੰਦਰ ਦੇ ਪੂਜਾ ਪਾਠ ’ਚ ਬੇਨਿਯਮੀ ਦਾ ਦੋਸ਼ ਲਗਾਇਆ ਸੀ। 29 ਸਤੰਬਰ ਦੀ ਸੁਣਵਾਈ ’ਚ ਸੁਪਰੀਮ ਕੋਰਟ ਨੇ ਮੰਦਿਰ ਦਾ ਪ੍ਰਬੰਧ ਕਰਨ ਵਾਲੇ ਤਿਰੁਮਲਾ ਤਿਰੁਪਤੀ ਦੇਵਸਥਾਨਮ (ਟੀਟੀਡੀ) ਨੂੰ ਹਫ਼ਤੇ ਦੇ ਅੰਦਰ ਸ਼ਿਕਾਇਤ ’ਤੇ ਜਵਾਬ ਦੇਣ ਲਈ ਕਿਹਾ ਸੀ।