ਬਿਉਰੋ ਰਿਪੋਰਟ : ਜ਼ੀਰਾ ਮੋਰਚਾ ਲਗਾਉਣ ਵਾਲੇ ਪ੍ਰਦਰਸ਼ਨਕਾਰੀਆਂ ਦੀ ਇੱਕ ਹੋਰ ਵੱਡੀ ਜਿੱਤ ਹੋਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ੀਰਾ ਸ਼ਰਾਬ ਫੈਕਟਰੀ ਚਲਾਉਣ ਦੀ ਪ੍ਰਵਾਨਗੀ ਨੂੰ ਰੱਦ ਕਰ ਦਿੱਤਾ ਹੈ । ਯਾਨੀ ਹੁਣ ਸ਼ਰਾਬ ਫੈਟਕਰੀ ਨੂੰ ਰਸਮੀ ਤੌਰ ‘ਤੇ ਬੰਦ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਸ਼ਰਾਬ ਫੈਕਟਰੀ ਦੇ ਪ੍ਰਬੰਧਕਾਂ ਨੇ ਦਸੰਬਰ 2022 ਵਿੱਚ ਫੈਕਟਰੀ ਚਲਾਉਣ ਦੇ ਲਈ ਪੰਜਾਬ ਪ੍ਰਦੂਸ਼ਣ ਕੰਟਰਲੋ ਬੋਰਡ ਨੂੰ ਅਰਜ਼ੀ ਦਿੱਤੀ ਜਿਸ ਨੂੰ ਹੁਣ ਖਾਰਜ ਕਰ ਦਿੱਤਾ ਗਿਆ ਹੈ । ਸੂਤਰਾਂ ਮੁਤਾਬਿਕ ਬੋਰਡ ਨੇ 2 ਦਿਨ ਪਹਿਲਾਂ ਹੀ ਫੈਕਟਰੀ ਵੱਲੋਂ ਦਾਖਲ ਕੀਤੀ ਗਈ ‘ਕਨਸੈਂਟ ਟੂ ਅਪਰੇਟ ਰੱਦ’ ਕਰ ਦਿੱਤਾ ਹੈ । ਜਿਸ ਤੋਂ ਬਾਅਦ ਹੁਣ ਕਾਨੂੰਨੀ ਤੌਰ ‘ਤੇ ਫੈਕਟਰੀ ਚੱਲ ਨਹੀਂ ਸਕਦੀ ਹੈ । ਇਸ ਤੋਂ ਇਲਾਵਾ ਆਬਕਾਰੀ ਮਹਿਕਮੇ ਵੱਲੋਂ ਇਸ ਫੈਕਟਰੀ ਨੂੰ ਦਿੱਤੀ ਪ੍ਰਵਾਨਗੀ ਦੀ ਮਿਆਦ ਵੀ 31 ਮਾਰਚ ਤੱਕ ਹੈ ਅਤੇ ਮੁੜ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਵੀ ਹੁਣ ਖਤਮ ਹੋ ਗਈ ਹੈ ।
ਸੀਐੱਮ ਮਾਨ ਨੇ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਸੀ
6 ਮਹੀਨੇ ਤੋਂ ਜ਼ੀਰਾ ਫੈਕਟਰੀ ਨੂੰ ਲੈਕੇ ਪ੍ਰਦਰਸ਼ਨ ਹੋ ਰਿਹਾ ਸੀ । ਜਿਸ ਨੂੰ ਪੂਰੇ ਪੰਜਾਬ ਦੀ ਹਮਾਇਤ ਮਿਲੀ ਸੀ,ਸਰਕਾਰ ਨੇ ਮਾਮਲੇ ਨੂੰ ਹੱਲ ਕਰਨ ਦੇ ਲਈ ਵੱਖ-ਵੱਖ ਕਮੇਟੀਆਂ ਦਾ ਵੀ ਗਠਨ ਕੀਤਾ ਸੀ ਪਰ ਲਗਾਤਾਰ ਵੱਧ ਰਹੇ ਦਬਾਅ ਦੀ ਵਜ੍ਹਾ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 17 ਜਨਵਰੀ ਨੂੰ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਦੇ ਬਾਵਜੂਦ ਜ਼ੀਰਾ ਵਿੱਚ ਹੁਣ ਵੀ ਮੋਰਚਾ ਜਾਰੀ ਹੈ । ਮੋਰਚੇ ਦੇ ਆਗੂਆਂ ਨੇ ਸਰਕਾਰ ਦੇ ਸਾਹਮਣੇ ਕੁਝ ਮੰਗਾਂ ਰੱਖਿਆ ਸਨ ਜਿਸ ਦਾ ਜਵਾਬ ਹੁਣ ਤੱਕ ਸਰਕਾਰ ਵੱਲੋਂ ਨਹੀਂ ਮਿਲਿਆ ਸੀ । 3 ਫਰਵਰੀ ਨੂੰ ਕੈਬਨਿਟ ਮੀਟਿੰਗ ਵਿੱਚ ਜ਼ੀਰਾ ਫੈਕਟਰੀ ਨੂੰ ਬੰਦ ਕਰਨ ਲਈ ਕੋਈ ਨੋਟਿਫਿਕੇਸ਼ਨ ਜਾਰੀ ਨਾ ਹੋਣ ਤੇ ਮੋਰਚੇ ਦੇ ਆਗੂ ਕਾਫੀ ਨਾਰਾਜ਼ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ 4 ਫਰਵਰੀ ਨੂੰ ਮੀਟਿੰਗ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਸੀ।
ਇਸ ਦੇ ਲਈ ਮੋਰਚੇ ਨੇ ਸੰਘਰਸ਼ ਨੂੰ ਸਹਿਯੋਗ ਦੇਣ ਵਾਲੀਆਂ ਸਾਰੀਆਂ ਧਿਰਾਂ ਤੇ ਕਿਸਾਨ ਜਥੇਬੰਦੀਆਂ ਦੇ ਸੂਬਾ ਪ੍ਰਧਾਨਾਂ ਦੀ 10 ਫਰਵਰੀ ਨੂੰ ਪਿੰਡ ਮਹੀਆਂ ਕਲਾਂ ਵਿੱਖੇ ਮੀਟਿੰਗ ਰੱਖੀ ਗਈ ਹੈ,ਜਿਸ ਵਿੱਚ ਸੰਘਰਸ਼ ਦੀ ਅਗਲੀ ਰੂਪ ਰੇਖਾ ‘ਤੇ ਵਿਚਾਰ ਕੀਤਾ ਜਾਣਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੁਣ ਪੰਜਾਬ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫੈਕਟਰੀ ਦੀ ‘ਕਨਸੈਂਟ ਟੂ ਅਪਰੇਟ’ਰੱਦ ਕਰਨ ਦਾ ਵੱਡਾ ਕਦਮ ਚੁੱਕਿਆ ਹੈ । ਜਿਸ ਤੋਂ ਬਾਅਦ ਹੁਣ ਮੁੜ ਤੋਂ ਫੈਕਟਰੀ ਸ਼ੁਰੂ ਕਰਨ ਦਾ ਰਾਹ ਤਕਰੀਬਨ-ਤਕਰੀਬਨ ਬੰਦ ਹੋ ਗਿਆ ਹੈ । ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਸ ਵੱਡੇ ਫੈਸਲੇ ਤੋਂ ਬਾਅਦ ਹੁਣ ਜ਼ੀਰਾ ਮੋਰਚੇ ਦਾ ਅਗਲਾ ਕੀ ਕਦਮ ਹੋਏਗਾ ਇਹ ਹੁਣ ਵੇਖਣ ਵਾਲੀ ਗੱਲ ਹੋਵੇਗੀ । 10 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਇਸ ‘ਤੇ ਵਿਚਾਰ ਹੋ ਸਕਦਾ ਹੈ।