Punjab

ਸਰਕਾਰੀ ਮਹਿਲਾ ਮੁਲਾਜ਼ਮ ਦਾ ‘ਵਧਾਈ ਲੈਣ’ ਦਾ ਵੀਡੀਓ ਵਾਇਰਲ ! ਗਰੀਬ ਤੋਂ ‘ਸੂਟ’ ਵੀ ਲਿਆ,ਕੈਸ਼ ਵੀ ਫੜਿਆ’ਲੱਡੂ’ ਵੀ ਡਕਾਰਿਆ! ਪਰ ਹੱਥ ਨਹੀਂ ਫੜਿਆ !

ਬਿਉਰੋ ਰਿਪੋਰਟ : ਮਾਨ ਸਰਕਾਰ ਨੇ ਹੋਂਦ ਵਿੱਚ ਆਉਣ ਤੋਂ ਬਾਅਦ ਸਭ ਤੋਂ ਪਹਿਲਾ ਭ੍ਰਿਸ਼ਟਾਚਾਰ ਦੇ ਖਿਲਾਫ਼ ਐਂਟੀ ਕਰੱਪਸ਼ਨ ਹੈੱਲਪਲਾਈਨ ਬਣਾਈ ਸੀ। ਸਰਕਾਰ ਇਸ ਦੀ ਕਾਮਯਾਬੀ ਦਾ ਦਾਅਵਾ ਵੀ ਕਰ ਰਹੀ ਹੈ,ਪਰ ਹੁਣ ਵੀ ਸਰਕਾਰੀ ਮੁਲਾਜ਼ਮਾਂ ਦੇ ਰਿਸ਼ਵਤ ਲੈਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ ਜੋ ਇਸ ਹੈੱਲਪਲਾਈਨ ਦੀ ਤਾਕਤ ‘ਤੇ ਸਵਾਲ ਚੁੱਕ ਦੇ ਹਨ । ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਮੁਲਾਜ਼ਮ ਵੱਲੋਂ ਇੱਕ ਗਰੀਬ ਚੌਕੀਦਾਰ ਕੋਲੋ ਪੈਨਸ਼ਨ ਦੇ ਬਦਲੇ ਰਿਸ਼ਵਤ ਲੈਣ ਦਾ ਵੀਡੀ ਸਾਹਮਣੇ ਆਇਆ ਹੈ। ਚੌਕੀਦਾਰ ਨੇ ਆਪ ਇਸ ਨੂੰ ਜਨਤਕ ਕੀਤਾ ਹੈ । ਹਾਲਾਂਕਿ ‘ਦ ਖਾਲਸ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ ।

ਭਾਸਕਰ ਦੀ ਰਿਪੋਰਟ ਮੁਤਾਬਿਕ ਰਿਟਾਇਡ ਚੌਕੀਦਾਰ ਡੇਢ ਸਾਲ ਤੋਂ ਹਿਸਾਬ-ਕਿਤਾਬ ਅਤੇ ਪੈਨਸ਼ਨ ਦੇ ਲਈ ਬਲਾਕ ਦਫਤਰ ਵਿੱਚ ਗੇੜੇ ਲਾ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਚੌਕੀਦਾਰ ਦਾ ਇਲਜ਼ਾਮ ਹੈ ਕਿ ਐਕਾਉਂਟੈਂਟ ਨੇ ਰਿਟਾਇਡਮੈਂਟ ਦੇ ਲੱਡੂ ਖਾ ਲਏ, ਰਿਸ਼ਵਤ ਦੇ ਤੌਰ ‘ਤੇ ਸੂਟ ਅਤੇ ਪੰਜ ਹਜ਼ਾਰ ਵੀ ਲੈ ਲਏ ਪਰ ਕੰਮ ਨਹੀਂ ਕੀਤਾ । ਇਸ ਦੇ ਬਾਅਦ ਹੁਣ ਐਕਾਉਂਟੈਂਟ ਦੀ ਰਿਸ਼ਵਤ ਲੈਣ ਦੀ ਵੀਡੀਓ ਚੌਕੀਦਾਰ ਰਾਮਦੇਵ ਨੇ ਜਨਤਕ ਕਰ ਦਿੱਤੀ ਹੈ ।

ਰਿਸ਼ਵਤ ਲੈਕੇ ਫਾਈਲ ਉੱਚ ਅਧਿਕਾਰੀਆਂ ਨੂੰ ਨਹੀਂ ਭੇਜੀ

ਰਾਮਦੇਵ ਨੇ ਦੱਸਿਆ ਕਿ ਉਹ ਸਤੰਬਰ 2021 ਵਿੱਚ ਮਾਹਿਲਪੁਰ ਬਲਾਕ ਤੋਂ ਚੌਕੀਦਾਰ ਦੇ ਅਹੁਦੇ ਤੋਂ ਰਿਟਾਇਡ ਹੋਇਆ ਸੀ । ਪਰ ਉਸੇ ਦਫ਼ਤਰ ਦੇ ਲੋਕ ਉਸ ਕੋਲੋ ਰਿਸ਼ਵਤ ਲੈਕੇ ਵੀ ਕੰਮ ਨਹੀਂ ਕਰ ਰਹੇ ਹਨ। ਰਾਮਦੇਵ ਨੇ ਇਲਜ਼ਾਮ ਲਗਾਇਆ ਹੈ ਕਿ ਇੱਕ ਐਕਾਉਂਟੈਂਟ ਨੇ ਉਸ ਤੋਂ 5 ਹਜ਼ਾਰ ਇੱਕ ਵਾਰ ਅਤੇ 500 ਰੁਪਏ ਵੱਖ-ਵੱਖ ਸਮੇਂ ਵਿੱਚ ਲਏ ਸਨ ਪਰ ਇਸ ਦੇ ਬਾਵਜੂਦ ਫਾਈਲ ਨੂੰ ਅੱਗੇ ਨਹੀਂ ਵਧਾਇਆ ਹੈ ।

ਮੰਤਰੀ ਨੂੰ ਕੀਤੀ ਸ਼ਿਕਾਇਤ

ਰਾਮਦੇਵ ਨੇ ਦੱਸਿਆ ਕਿ ਰਿਟਾਇਡ ਹੋਣ ਦੇ 15 ਦਿਨਾਂ ਦੇ ਅੰਦਰ ਉਸ ਨੇ ਪੂਰੀ ਫਾਈਲ ਤਿਆਰ ਕਰਕੇ ਐਕਾਉਂਟੈਂਟ ਜਸਵੀਰ ਕੌਰ ਨੂੰ ਪੈਨਸ਼ਨ ਅਤੇ ਸੇਵਾ ਲਾਭ ਦੇ ਲਈ ਦੇ ਦਿੱਤੀ ਸੀ । ਪਰ 7 ਮਹੀਨੇ ਤੱਕ ਉਸ ਦੀ ਫਾਈਲ ਅੱਗੇ ਨਹੀਂ ਗਈ । 7 ਮਈ 2022 ਨੂੰ ਜਸਵੀਰ ਕੌਰ ਨੇ ਫਾਈਲ ਅੱਗੇ ਭੇਜਣ ਦੇ ਲ਼ਈ ਉਸ ਤੋਂ 5 ਹਜ਼ਾਰ ਦੀ ਰਿਸ਼ਵਤ ਲਈ । ਜਿਸ ਦੀ ਵੀਡੀਓ ਬਣਾ ਲਈ ਗਈ ਸੀ । ਰਾਮਦੇਵ ਨੇ ਕਿਹਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਡਾਇਰੈਕਟਰ ਪੇਂਡੂ ਵਿਕਾਸ,ਡਿਪਟੀ ਕਮਿਸ਼ਨਰ ਹੁਸ਼ਿਆਰਪੁਰ,ਜ਼ਿਲ੍ਹਾਂ ਵਿਕਾਸ ਅਤੇ ਪੰਚਾਇਤ ਅਫਸਰ ਹੁਸ਼ਿਆਰਪੁਰ ਨੂੰ ਸ਼ਿਕਾਇਤ ਭੇਜੀ ਗਈ ਹੈ ।

ਵਧਾਈ ਲੈਕੇ ਕੀਤਾ ਸੀ CPF ਦਾ ਭੁਗਤਾਨ

ਚੌਕੀਦਾਰ ਨੇ ਦੱਸਿਆ ਕਿ ਮਹਿਲਾ ਐਕਾਉਂਟੈਂਟ ਜਸਵੀਰ ਕੌਰ ਨੇ ਉਸ ਨੂੰ CPF ਦਾ ਭੁਗਤਾਨ ਕਰਨ ਦੇ ਲਈ ਵਧਾਈ ਲਈ ਸੀ । CPF ਦਾ ਭੁਗਤਾਨ ਕਰਨ ਸਮੇਂ ਵਧਾਈ ਦੇ ਰੂਪ ਵਿੱਚ 500 ਰੁਪਏ ਲਏ ਸਨ ਇਸ ਤੋਂ ਇਲਾਵਾ ਇੱਕ ਸੂਟ ਅਤੇ ਲੱਡੂ ਵੀ ਲਏ ਸਨ । ਚੌਕੀਦਾਰ ਨੇ ਦੱਸਿਆ ਕਿ ਉਸ ਨੂੰ ਦਫਤਰ ਵਿੱਚ ਹੀ ਦੱਸ ਦਿੱਤਾ ਗਿਆ ਸੀ ਕਿ ਬਿਨਾਂ ਪੈਸੇ ਉਸ ਦਾ ਕੰਮ ਨਹੀਂ ਹੋਵੇਗਾ । ਪਰ ਪੈਸੇ ਲੈਣ ਦੇ ਬਾਵਜੂਦ ਪੈਨਸ਼ਨ,ਗਰੈਚੁਟੀ ਹੁਣ ਵੀ ਨਹੀਂ ਦਿੱਤਾ ਗਿਆ ਹੈ ।