Punjab

ਸ਼ਰਾਬ ਦੀ ਫੈਕਟਰੀ ‘ਚ ਇੰਝ ਤਿਆਰ ਹੋ ਰਿਹਾ ਬਰਬਾਦੀ ਦਾ ਸਮਾਨ

‘ਦ ਖ਼ਾਲਸ ਬਿਊਰੋ : ਵਾਤਾਵਰਨ ਪ੍ਰੇਮੀਆਂ ਅਤੇ ਸਮਾਜ ਸੇਵੀਆਂ ਵਲੋਂ ਜੀਰਾ ਵਿਖੇ ਇਕ ਕੈਮੀਕਲ ਉਦਯੋਗ ਦੇ ਵਿਰੋਧ ਵਿਚ ਪਿਛਲੇ ਕਰੀਬ 55 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ। ਉਸ ਧਰਨੇ ਦੀ ਹਮਾਇਤ ਵਿਚ ਟਰਾਈਸਿਟੀ ਦੀਆਂ ਸੇਮਾਜ ਸੇਵੀ ਜਥੇਬੰਦੀਆਂ ਅਤੇ ਕੇਂਦਰੀ ਸਿੰਘ ਸਭਾ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਜੀਰਾ ਵਿੱਚ ਸਾਲ 2013 ਤੋਂ ਇਹ ਫੈਕਟਰੀ ਲੱਗੀ ਹੋਈ ਹੈ ਪਰ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਗੱਲਬਾਤ ਦਾ ਸੱਦਾ ਵੀ ਨਹੀਂ ਦਿੱਤਾ। ਇਸ ਲਈ ਉਨ੍ਹਾਂ ਨੇ ਸਰਕਾਰ ਨੂੰ ਜਲਦ ਗੱਲਬਾਤ ਲਈ ਸੱਦਾ ਦੇਣ ਦੀ ਅਪੀਲ ਕੀਤੀ। ਅਜਿਹਾ ਨਾ ਕਰਨ ਉੱਤੇ ਉਨ੍ਹਾਂ ਨੇ ਸਰਕਾਰ ਖਿਲਾਫ਼ ਕੋਈ ਅਗਲਾ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ।

ਇਸ ਫੈਕਟਰੀ ਦੀ ਰਜਿਸਟ੍ਰੇਸ਼ਨ ਸ਼ਰਾਬ ਬਣਾਉਣ ਵਾਲੇ ਕਾਰਖਾਨੇ ਵਜੋਂ ਹੋਈ ਸੀ ਪਰ ਬਾਅਦ ਵਿੱਚ ਇਸਨੇ ਇੰਡਸਟਰੀਅਲ ਕੈਮੀਕਲ ਬਣਾਉਣੇ ਸ਼ੁਰੂ ਕਰ ਦਿੱਤੇ। ਸਭ ਤੋਂ ਜ਼ਿਆਦਾ ਇੰਡਸਟਰੀਅਲ ਕੈਮੀਕਲ ਦਾ ਵਾਧੂ ਪਾਣੀ ਅੰਦਰ ਹੀ ਬੋਰ ਕਰਕੇ ਜ਼ਮੀਨ ਦੇ ਅੰਦਰ ਪਾ ਰਹੇ ਹਨ। ਉਸ ਕਰਕੇ ਜੀਰਾ ਦੇ ਨਾਲ ਦੇ 5-7 ਪਿੰਡਾਂ ਦੇ ਪਸ਼ੂਆਂ, ਲੋਕਾਂ ਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਲੱਗ ਗਈਆਂ। ਸਿੱਖ ਚਿੰਤਕ ਅਤੇ ਸਮਾਜ ਸੇਵੀ ਡਾ.ਸਵਰਾਜ ਸਿੰਘ ਨੇ ਚਿਤਾਵਨੀ ਦਿੱਤੀ ਕਿ 17 ਸਾਲਾਂ ਦੇ ਅੰਦਰ ਪੰਜਾਬ ਦਾ ਧਰਤੀ ਹੇਠਲਾ ਪਾਣੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਾਸਤੇ ਸਿਹਤ ਜ਼ਰੂਰੀ ਨਹੀਂ ਹੈ ਬਲਕਿ ਸ਼ਰਾਬ ਮਾਫੀਆ ਜ਼ਰੂਰੀ ਬਣ ਗਿਆ ਹੈ।