ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ਵਿੱਚ ਮੁਲਜ਼ਮ ਕੁੜੀ ਤੇ ਉਸ ਦੇ ਦੋ ਦੋਸਤਾਂ ਦਾ ਪੁਲਿਸ ਨੂੰ 7 ਦਿਨ ਦਾ ਰਿਮਾਂਡ ਮਿਲਿਆ ਹੈ। ਇਹਨਾਂ ਨੂੰ ਅੱਜ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਪੁਲਿਸ ਨੇ ਇਹਨਾਂ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਇਹਨਾਂ ਦਾ ਸਿਰਫ 7 ਦਿਨ ਦਾ ਰਿਮਾਂਡ ਹੀ ਦਿੱਤਾ ਹੈ ।ਪੁਲਿਸ ਨੇ ਇਸ ਕੁੜੀ ਦੇ ਬਾਕੀ ਦੋ ਸਾਥੀਆਂ ਸੰਨੀ ਤੇ ਰੰਕਜ ਨੂੰ ਹਿਮਾਚਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਤਿੰਨੋ ਆਪਸ ਵਿੱਚ ਦੋਸਤ ਹਨ ।

ਕੋਰਟ ਵਿੱਚ ਹੋਈ ਸੁਣਵਾਈ ਦੇ ਦੋਰਾਨ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ ਕਿ ਇੱਕ ਹੋਰ ਲੜਕੀ ਦਾ ਵੀਡੀਓ ਬਣਾਇਆ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਸਿਰਫ਼ ਮੁਲਜ਼ਮ ਕੁੜੀ ਦੀ ਵੀਡੀਓ ਦੀ ਹੀ ਗੱਲ ਹੋ ਰਹੀ ਸੀ। ਇਸ ਗੱਲ ਦਾ ਪ੍ਰਗਟਾਵਾ ਮੁਲਜ਼ਮ ਪੱਖ ਦੇ ਵਕੀਲ ਸੰਦੀਪ ਸ਼ਰਮਾ ਨੇ ਕੀਤਾ ਹੈ । ਵਕੀਲ ਸ਼ਰਮਾ ਨੇ ਇਹ ਵੀ ਦਸਿਆ ਹੈ ਕਿ ਮੋਬਾਇਲ ਵਿੱਚ ਹੋਰ ਵੀ ਵੀਡੀਓ ਸੀ ,ਜਿਹਨਾਂ ਨੂੰ ਸ਼ਾਇਦ ਮਿਟਾ ਦਿੱਤਾ ਗਿਆ ਹੈ। ਇਸ ਗੱਲ ਦੀ ਜਾਂਚ ਫੋਰੈਂਸਿਕ ਟੀਮ ਕਰ ਰਹੀ ਹੈ ਤੇ ਇਹਨਾਂ ਤਿੰਨਾਂ ਦੋਸ਼ੀਆਂ ਦੇ ਫੋਨ ਜ਼ਬਤ ਕਰ ਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ।


ਹਾਲਾਂਕਿ ਇਸ ਬਾਰੇ ਕੱਲ ਯੂਨੀਵਰਸਿਟੀ ਦੇ ਪ੍ਰਬੰਧਕੀ ਮੈਂਬਰਾਂ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਸਾਫ਼ ਕੀਤਾ ਗਿਆ ਸੀ ਕਿ ਵੀਡੀਓ ਸਿਰਫ ਇੱਕ ਹੀ ਕੁੜੀ ਦਾ ਹੈ ਪਰ ਅਦਾਲਤ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇੱਕ ਹੋਰ ਕੁੜੀ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਬਾਰੇ ਕੁੱਝ ਨਿੱਜੀ ਚੈਨਲਾਂ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਕੁੜੀ ਦੀ ਸ਼ਕਲ ਨਹੀਂ ਦਿਖਾਈ ਦੇ ਰਹੀ ਹੈ ਤੇ ਇਹ ਵੀਡੀਓ ਦਰਵਾਜੇ ਦੇ ਹੇਠਾਂ ਤੋਂ ਬਣਾਈ ਗਈ ਹੈ।

ਇਸ ਤੋਂ ਇਲਾਵਾ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਰੰਜਤ ਨੇ ਇਸ ਮਾਮਲੇ ਵਿੱਚ ਕਿਸੇ ਵੀ ਤਰਾਂ ਨਾਲ ਆਪਣਾ ਹੱਥ ਹੋਣ ਦੀ ਸੰਭਾਵਨਾਂ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਉਸ ਨੇ ਕੋਈ ਵੀ ਚੈਟ ਨਹੀਂ ਕੀਤੀ ਹੈ ਤੇ ਵਟਸ ਅੱਪ ‘ਤੇ ਸਿਰਫ਼ ਉਸ ਦੀ ਡੀਪੀ ਹੀ ਲੱਗੀ ਹੈ,ਇਹ ਨੰਬਰ ਉਸ ਦਾ ਨਹੀਂ ਹੈ। ਪੁਲਿਸ ਚਾਹੇ ਤਾਂ ਉਸ ਦੀ ਲੋਕੇਸ਼ਨ ਤੇ ਆਈਪੀ ਐਡਰੈਸ ਵੀ ਟਰੇਸ ਕਰ ਲਵੇ ।