‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ ‘ਚ ਸ਼ਾਮਿਲ ਹੋ ਗਏ ਹਨ। ਦਿੱਲੀ ਵਿੱਚ ਬੀਜੇਪੀ ਹੈੱਡਕੁਆਰਟਰ ਵਿੱਚ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕੈਪਟਨ ਦੇ ਗਲ ਵਿੱਚ ਭਾਜਪਾ ਦਾ ਪੱਲਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ। ਉਨ੍ਹਾਂ ਦੇ ਨਾਲ ਹੋਰ ਵੀ ਕਈ ਆਗੂ ਬੀਜੇਪੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਵਧੀਆ ਬਣਾਉਣ ਲਈ ਬੀਜੇਪੀ ਵਿੱਚ ਸ਼ਾਮਿਲ ਹੋਇਆ ਹਾਂ। ਕੈਪਟਨ ਨੇ ਅੱਜ ਬੀਜੇਪੀ ਵਿੱਚ ਸ਼ਾਮਿਲ ਹੋਣ ਵਾਲੇ ਆਪਣੇ ਸਾਰੇ ਸਾਥੀਆਂ ਦੀ ਜਾਣ ਪਹਿਚਾਣ ਕਰਵਾਉਂਦਿਆਂ ਕਿਹਾ ਕਿ ਸਾਰਿਆਂ ਨੇ ਦਿਲ ਖੋਲ੍ਹ ਕੇ ਅੱਜ ਬੀਜੇਪੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਮੈਂ ਪੰਜਾਬ ਵਾਸਤੇ ਲੜਾਈ ਲੜਾਂਗਾ।

ਇਸ ਮੌਕੇ ਤੋਮਰ ਨੇ ਕੈਪਟਨ ਦੀ ਤਾਰੀਫ ਦੇ ਪੁਲ ਬੰਨ੍ਹਦਿਆਂ ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ। ਤੋਮਰ ਨੇ ਕਿਹਾ ਕਿ ਕੈਪਟਨ ਦੀ ਸੋਚ ਪਹਿਲਾਂ ਤੋਂ ਹੀ ਬੀਜੇਪੀ ਦੇ ਨਾਲ ਮਿਲਦੀ ਜੁਲਦੀ ਰਹੀ ਹੈ। ਕੈਪਟਨ ਦੇ ਆਉਣ ਨਾਲ ਬੀਜੇਪੀ ਦੀ ਤਾਕਤ ਵਧੇਗੀ। ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਤੋਮਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਭਾਰਤ ਦੇ ਮਾਣ ਅਤੇ ਸਨਮਾਨ ਦੇ ਲਈ ਸਮਰਪਿਤ ਰਹੇ ਹਨ। ਮੋਦੀ ਨੇ ਸਿੱਖ ਸਮਾਜ ਦੇ ਬੰਦੀਆਂ ਨੂੰ ਬਲੈਕਲਿਸਟ ਵਿੱਚੋਂ ਕੱਢਣ ਦਾ ਕੰਮ ਕੀਤਾ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਵਜੋਂ ਮਨਾਉਣ ਦਾ ਉਪਰਾਲਾ ਕੀਤਾ ਹੈ। ਅਸੀਂ ਸਾਰੇ ਰਲ ਮਿਲ ਕੇ ਕੰਮ ਕਰਾਂਗੇ।

ਕਿਰਨ ਰਿਜੀਜੂ ਨੇ ਵੀ ਕੈਪਟਨ ਦੀ ਤਾਰੀਫ਼ ਵਿੱਚ ਖੂਬ ਸੋਹਲੇ ਗਾਏ। ਕੈਪਟਨ ਦਾ ਬੀਜੇਪੀ ਵਿੱਚ ਸ਼ਾਮਿਲ ਹੋਣਾ ਰਾਜਨੀਤਿਕ ਇਤਿਹਾਸ ਵਿੱਚ ਬਹੁਤ ਵੱਡੀ ਕੜੀ ਹੈ। ਕੈਪਟਨ ਅਤੇ ਬੀਜੇਪੀ ਵਿੱਚ ਕੋਈ ਅੰਤਰ ਨਹੀਂ ਹੈ।

ਬੀਜੇਪੀ ਵਿੱਚ ਸ਼ਾਮਿਲ ਹੋਏ ਲੋਕ :

  • ਕੈਪਟਨ ਅਮਰਿੰਦਰ ਸਿੰਘ
  • ਅਮਰੀਕ ਸਿੰਘ ਅਲੀਵਾਲ
  • ਅਜੈਬ ਸਿੰਘ ਭੱਟੀ
  • ਕੇਵਲ ਸਿੰਘ
  • ਜੈਇੰਦਰ ਕੌਰ, ਆਦਿ।

ਇਸ ਮੌਕੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ , ਸੁਨੀਲ ਜਾਖੜ, ਕਿਰਨ ਰਿਜੀਜੂ ਆਦਿ ਹਾਜ਼ਿਰ ਸਨ।