Punjab

ਅੰਮ੍ਰਿਤਸਰ ‘ਚ ਪੁਲਿਸ ਅਤੇ ਗੈਂਗਸਟਰ ਹੋਏ ਆਹਮੋ-ਸਾਹਮਣੇ , ਇਕ ਗੈਂਗਸਟਰ ਜ਼ਖਮੀ, 1 ਫਰਾਰ

Police and gangsters clashed in Amritsar, one gangster was injured, 1 escaped

ਅੰਮ੍ਰਿਤਸਰ :  ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਪੰਜਾਬ ਵਿਚ ਗੈਂਗਸਟਰ ਤੇਜ਼ੀ ਨਾਲ ਵਧਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁੱਠਭੇੜ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰਾਂ ਵੱਲੋਂ ਰਿੰਕੂ ਪਹਿਲਵਾਨ ਤੋਂ 20 ਲੱਖ ਦੀ ਫਿਰੌਤੀ ਮੰਗੀ ਪਰ ਇਸ ਗੱਲ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਗੈਂਗਸਟਰਾਂ ਨੇ ਆਪਣੇ ਬਚਾਅ ਲਈ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੈਂਗਸਟਰਾਂ ‘ਚੇ ਗੋਲੀਬਾਰੀ ਕੀਤੀ। ਗੈਂਗਸਟਰਾਂ ਦਾ ਦੇਰ ਰਾਤ ਪੁਲਿਸ ਨਾਲ ਮੁਕਾਬਲਾ ਹੋ ਗਿਆ। ਦੋਵੇਂ ਪਾਸਿਓਂ ਹੋਈ ਫਾਇਰਿੰਗ ਵਿਚ ਇਕ ਗੈਂਗਸਟਰ ਜ਼ਖਮੀ ਹੋ ਗਿਆ।

ਜ਼ਖਮੀ ਗੈਂਗਸਟਰ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਜਵਾਬੀ ਫਾਇਰਿੰਗ ਵਿਚ ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ।ਜਦੋਂ ਕਿ ਦੂਜਾ ਗੈਂਗਸਟਰ ਫਰਾਰ ਹੋਣ ਵਿਚ ਸਫਲ ਰਿਹਾ। ਜ਼ਖਮੀ ਗੈਂਗਸਟਰ ਤੋਂ ਪੁਲਿਸ ਦੇ ਅਧਿਕਾਰੀ ਜਾਣਕਾਰੀ ਜੁਟਾਉਣ ਵਿਚ ਲੱਗੇ ਹਨ।

ਮਜੀਠਾ ਰੋਡ ਸਥਿਤ ਬਸੰਤ ਨਗਰ ਦੇ ਰਿੰਕੂ ਪਹਿਲਵਾਨ ਨੂੰ 20 ਸਤੰਬਰ ਦੀ ਰਾਤ 8.30 ਵਜੇ 20 ਲੱਖ ਰੁਪਏ ਦੀ ਰੰਗਦਾਰੀ ਦੀ ਕਾਲ ਆਈ। ਕਾਲ ਦੇ ਦੋ ਘੰਟੇ ਬਾਅਦ ਹੀ ਬਾਈਕ ਸਵਾਰ ਦੋ ਨੌਜਵਾਨਾਂ ਨੇ ਰਿੰਕੂ ਦੇ ਘਰ ਦੇ ਸਾਹਮਣੇ ਹਵਾਈ ਫਾਇਰਿੰਗ ਕਰ ਦਿੱਤੀ। ਪੁਲਿਸ ਨੰਬਰ ਨੂੰ ਟਰੈਕ ਕਰ ਰਹੀ ਸੀ ਤੇ ਸ਼ੁੱਕਰਵਾਰ ਨੂੰ ਮੋਬਾਈਲ ਨੰਬਰ ਦੀ ਲੋਕੇਸ਼ਨ ਏਅਰਪੋਰਟ ਰੋਡ ‘ਤੇ ਮਿਲੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ।

ਆਪਣੇ ਆਪ ਨੂੰ ਘਿਰਦਾ ਦੇਖ ਗੈਂਗਸਟਰਾਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਫਾਇਰਿੰਗ ਵਿਚ ਅਮਨ ਨਾਂ ਦੇ ਨੌਜਵਾਨ ਨੂੰ ਗੋਲੀ ਲੱਗ ਗਈ ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਜਦੋਂ ਕਿ ਦੂਜਾ ਗੈਂਗਸਟਰ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਪੁਲਿਸ ਤੋਂ ਬਚ ਕੇ ਭੱਜ ਨਿਕਲਿਆ। ਮਾਮਲੇ ਦੇ ਜਾਂਚ ਅਧਿਕਾਰੀ ਨੇ ਗੈਂਗਸਟਰ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਇਲਾਜ ਤੋਂ ਬਾਅਦ ਅਮਨ ਤੋਂ ਫਰਾਰ ਹੋਏ ਗੈਂਗਸਟਰ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਇਸ ਗਿਰੋਹ ਦੇ ਹੋਰ ਮੈਂਬਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।