India Punjab

ਚੋਣਾਂ ਵਿੱਚ ਨ ਸ਼ਿਆਂ ਦੀ ਵਰਤੋਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਹੋਇਆ ਪੱਬਾਂ ਭਾਰ

‘ਦ ਖ਼ਾਲਸ ਬਿਊਰੋ :- ਪੰਜਾਬ ਚੋਣਾਂ ‘ਚ ਨਸ਼ੇ ਨੂੰ ਰੋਕਣ ਲਈ ਪੁਲਿਸ ਨੇ ਵੀ ਆਪਣੇ ਪੱਧਰ ‘ਤੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਾਣਕਾਰੀ ਮੁਤਾਬਕ ਅੱਠ ਹੋਰ ਸੂਬਿਆਂ ਦੀ ਪੁਲਿਸ ਪੰਜਾਬ ਨਾਲ ਮਿਲ ਕੇ ਕੰਮ ਕਰੇਗੀ। ਇਨ੍ਹਾਂ ਸੂਬਿਆਂ ਵਿੱਚ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਪੁਲਿਸ ਵੀ ਸ਼ਾਮਲ ਹੋਵੇਗੀ। ਇਸ ਤੋਂ ਇਲਾਵਾ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਵੀ ਪੰਜਾਬ ਪੁਲਿਸ ਦਾ ਸਾਥ ਦੇਣਗੀਆਂ।

ਬੀਐੱਸਐੱਫ ਸਰਹੱਦ ਪਾਰ ਤੋਂ ਹੋਣ ਵਾਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕੇਗੀ ਅਤੇ ਪਾਕਿਸਤਾਨੀ ਕੰਟੇਨਰਾਂ ਦੀ ਜਾਂਚ ਵਿੱਚ ਤੇਜ਼ੀ ਲਿਆਵੇਗੀ। ਇਸ ਦੇ ਨਾਲ ਹੀ ਸੂਬੇ ਦੇ ਅੰਦਰ ਨਸ਼ਿਆਂ ਨੂੰ ਫੜਨ ਲਈ ਐੱਨਸੀਬੀ ਦੀ ਟੀਮ ਹਰ ਜ਼ਿਲ੍ਹੇ ਵਿੱਚ ਤਾਇਨਾਤ ਕੀਤੀ ਜਾਵੇਗੀ। ਪੰਜਾਬ ਨਾਲ ਲੱਗਦੇ ਸੂਬਿਆਂ ਦੀਆਂ ਸਰਹੱਦਾਂ ਵੀ ਸੀਲ ਕਰ ਦਿੱਤੀਆਂ ਜਾਣਗੀਆਂ। ਇਸ ਸਬੰਧੀ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਸਾਰੇ ਸੂਬਿਆਂ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਤੋਂ ਬਾਅਦ ਇਹ ਵਿਉਂਤਬੰਦੀ ਕੀਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੱਤ ਗੇੜਾਂ ਵਿੱਚ ਵੋਟਾਂ ਪੈਣਗੀਆਂ। ਪੰਜਾਬ ਨੂੰ ਦੂਜੇ ਗੇੜ ਵਿੱਚ ਰੱਖਿਆ ਗਿਆ ਹੈ। ਪੰਜਾਬ ਵਿੱਚ ਵੋਟਾਂ 14 ਫਰਵਰੀ ਨੂੰ ਪੈਣਗੀਆ ਜਦਕਿ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਕੀਤਾ ਜਾਵੇਗਾ।

ਕੋਰੋਨਾ ਦੀ ਬੇਕਾਬੂ ਰਫ਼ਤਾਰ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਯੂਪੀ, ਪੰਜਾਬ ਸਮੇਤ 5 ਰਾਜਾਂ ਵਿੱਚ ਚੋਣ ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ 22 ਜਨਵਰੀ ਤੱਕ ਵਧਾ ਦਿੱਤੀ ਹੈ। ਪਰ ਕੁੱਝ ਸ਼ਰਤਾਂ ਵਿੱਚ ਢਿੱਲ ਵੀ ਦਿੱਤੀ ਗਈ ਹੈ। ਅੰਦਰੂਨੀ ਮੀਟਿੰਗਾਂ ਵਿੱਚ 300 ਲੋਕ ਸ਼ਾਮਿਲ ਹੋ ਸਕਦੇ ਹਨ। ਇਸ ਤੋਂ ਪਹਿਲਾਂ 15 ਜਨਵਰੀ ਤੱਕ ਪਾਬੰਦੀ ਸੀ। ਚੋਣ ਕਮਿਸ਼ਨ 22 ਜਨਵਰੀ ਨੂੰ ਮੁੜ ਸਥਿਤੀ ਦੀ ਸਮੀਖਿਆ ਕਰੇਗਾ। ਸਿਆਸੀ ਪਾਰਟੀਆਂ ਨੂੰ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਸੁਚੇਤ ਕੀਤਾ ਗਿਆ ਹੈ। ਚੋਣ ਕਮਿਸ਼ਨ ਦੀ ਹੋਈ ਮੀਟਿੰਗ ‘ਚ ਲਗਭਗ ਸਾਰਿਆਂ ਨੇ ਰੈਲੀਆਂ ‘ਤੇ ਪਾਬੰਦੀ ਵਧਾਉਣ ‘ਤੇ ਸਹਿਮਤੀ ਜਤਾਈ ਹੈ। ਫੈਸਲਾ ਲੈਣ ਤੋਂ ਪਹਿਲਾਂ ਕਮਿਸ਼ਨ ਨੇ ਪੰਜ ਚੋਣ ਰਾਜਾਂ ਦੇ ਸਿਹਤ ਸਕੱਤਰਾਂ, ਕੇਂਦਰੀ ਸਿਹਤ ਸਕੱਤਰਾਂ ਅਤੇ ਚੋਣ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ।