India Punjab

ਭਾਰਤੀ ਫ਼ੌਜੀਆਂ ਨੂੰ ਹੁਣ ਤੁਸੀਂ ਇਸ ਵਰਦੀ ਵਿੱਚ ਦੇਖੋਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਫ਼ੌਜ ਨੇ ਫ਼ੌਜੀਆਂ ਦੇ ਲਈ ਨਵੀਂ ਵਰਦੀ ਜਾਰੀ ਕੀਤੀ ਹੈ। ਇਹ ਨਵੀਂ ਵਰਦੀ ਅਰਾਮਦਾਇਕ ਅਤੇ ਜਲਵਾਯੂ ਅਨੁਕੂਲ ਹੈ। ਇਸਦਾ ਡਿਜ਼ਾਇਨ ਕੰਪਿਊਟਰ ਦੀ ਮਦਦ ਦੇ ਨਾਲ ਤਿਆਰ ਕੀਤਾ ਗਿਆ ਹੈ। ਇਹ ਵਰਦੀ ਮਿੱਟੀ ਦੇ ਰੰਗ ਸਮੇਤ ਮਿਸ਼ਰਤ ਰੰਗਾਂ ਵਾਲੀ ਹੈ। ਇਸਨੂੰ ਫ਼ੌਜੀਆਂ ਦੀ ਤਾਇਨਾਤੀ ਸਥਾਨ ਅਤੇ ਉੱਥੋਂ ਦੇ ਜਲਵਾਯੂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਫ਼ੌਜ ਮੁਖੀ ਜਨਰਲ ਐੱਮ.ਐੱਮ ਨਰਵਣੇ ਨੇ 15 ਜਨਵਰੀ ਨੂੰ ਫ਼ੌਜ ਦਿਵਸ ‘ਤੇ ਲੜਾਕੂ ਅਭਿਆਨਾਂ ਦੇ ਲਈ ਭਾਰਤੀ ਫ਼ੌਜ ਦੀ ਨਵੀਂ ਵਰਦੀ ਦਾ ਉਦਘਾਟਨ ਕੀਤਾ ਹੈ। ਇਹ ਨਵੀਂ ਵਰਦੀ ਕਰੀਬ 12 ਲੱਖ ਫ਼ੌਜੀਆਂ ਨੂੰ ਪੜਾਅਵਾਰ ਉਪਲੱਬਧ ਕਰਵਾਈ ਜਾਵੇਗੀ। ਫ਼ੌਜ ਦੀ ਪੁਰਾਣੀ ਵਰਦੀ ਸਾਲ 2008 ਤੋਂ ਇਸਤੇਮਾਲ ਕੀਤੀ ਜਾ ਰਹੀ ਸੀ। ਨਵੀਂ ਵਰਦੀ ਵਿੱਚ ਹੁਣ ਕਈ ਬਦਲਾਅ ਕੀਤੇ ਗਏ ਹਨ।

ਜਾਣਕਾਰੀ ਮੁਤਾਬਕ ਵੱਖ-ਵੱਖ ਦੇਸ਼ਾਂ ਦੀਆਂ ਫ਼ੌਜ ਦੀਆਂ ਵਰਦੀਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਰਾਸ਼ਟਰੀ ਫੈਸ਼ਨ ਤਕਨਾਲੋਜੀ ਸੰਸਥਾ (ਨਿਫ਼ਟ) ਦੇ ਸਹਿਯੋਗ ਨਾਲ ਨਵੀਂ ਵਰਦੀ ਦਾ ਡਿਜ਼ਾਇਨ ਤਿਆਰ ਕੀਤਾ ਗਿਆ ਹੈ। ਇਸ ਵਰਦੀ ਦੀ ਵਰਤੋਂ ਹਰ ਤਰ੍ਹਾਂ ਦੇ ਖੇਤਰ ਵਿੱਚ ਕੀਤੀ ਜਾਵੇਗੀ। ਨਵੀਂ ਵਰਦੀ ਵਿੱਚ ਅੰਦਰ ਤੋਂ ਇੱਕ ਟੀ-ਸ਼ਰਟ ਪਾਈ ਜਾਵੇਗੀ ਅਤੇ ਬਾਹਰ ਤੋਂ ਕਮੀਜ਼। ਕਮੀਜ਼ ਨੂੰ ਪੈਂਟ ਦੇ ਅੰਦਰ ਨਹੀਂ ਪਾਉਣਾ ਪਵੇਗਾ। ਨਵੀਂ ਕਮੀਜ਼ ਇੱਕ ਜੈਕਟ ਦੀ ਤਰ੍ਹਾਂ ਹੋਵੇਗੀ, ਜਿਸ ਵਿੱਚ ਉੱਪਰ-ਨੀਚੇ ਜੇਬ ਹੋਵੇਗੀ, ਪਿੱਠ ‘ਤੇ ਚਾਕੂ ਰੱਖਣ ਦੇ ਲਈ ਜਗ੍ਹਾ ਹੋਵੇਗੀ, ਖੱਬੀ ਬਾਂਹ ‘ਤੇ ਪੈੱਨ ਰੱਖਣ ਦੇ ਲਈ ਜਗ੍ਹਾ ਹੋਵੇਗੀ ਅਤੇ ਬਿਹਤਰ ਗੁਣਵੱਤਾ ਵਾਲੇ ਬਟਨ ਲੱਗੇ ਹੋਣਗੇ।

ਨਵਾਂ ਕੱਪੜਾ ਵਰਦੀ ਨੂੰ ਹਲਕਾ, ਮਜ਼ਬੂਤ ਅਤੇ ਸੈਨਿਕਾਂ ਦੀ ਪੋਸਟਿੰਗ ਦੇ ਅਨੁਸਾਰ ਅਲੱਗ-ਅਲੱਗ ਇਲਾਕਿਆਂ ਦੇ ਲਈ ਅਨੁਕੂਲ ਹੋਵੇਗਾ। ਇਸ ਵਿੱਚ ਸੂਤੀ ਅਤੇ ਪਾਲਿਸਟਰ ਦਾ ਅਨੁਪਾਤ 70 ਬਨਾਮ 30 ਫ਼ੀਸਦੀ ਰੇਸ਼ੀਓ ਵਿੱਚ ਹੈ। ਇਸ ਨਾਲ ਇਹ ਕੱਪੜਾ ਜਲਦੀ ਸੁੱਕ ਜਾਂਦਾ ਹੈ ਅਤੇ ਨਮੀ ਅਤੇ ਗਰਮ ਜਗ੍ਹਾ ‘ਤੇ ਪਾਉਣ ਵਿੱਚ ਜ਼ਿਆਦਾ ਆਸਾਨ ਹੁੰਦਾ ਹੈ। ਸੈਨਾ ਮੁਤਾਬਕ ਮੌਜੂਦਾ ਵਰਦੀ ਦੇ ਮੁਕਾਬਲੇ ਨਵੀਂ ਵਰਦੀ ਦਾ ਕੱਪੜਾ 15 ਫ਼ੀਸਦ ਹਲਕਾ ਹੈ ਅਤੇ ਫਟਣ ਦੇ ਮਾਮਲੇ ਵਿੱਚ 23 ਫ਼ੀਸਦ ਜ਼ਿਆਦਾ ਮਜ਼ਬੂਤ ਹੈ।

ਪਹਿਲੀ ਵਾਰ ਨਵੀਂ ਵਰਦੀ ਵਿੱਚ ਔਰਤ ਫ਼ੌਜੀਆਂ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਵਰਦੀ ਨੂੰ ਫੌਜ ਨਾਲ ਸਲਾਹ ਕਰਕੇ ਤਿਆਰ ਕੀਤਾ ਗਿਆ ਹੈ। ਇਸ ਵਿੱਚ ਚਾਰ ‘ਸੀ’ ਦਾ ਧਿਆਨ ਰੱਖਿਆ ਗਿਆ ਹੈ – ਆਰਾਮ , ਜਲਵਾਯੂ , ਕੈਮੌਫਲੇਜ (ਛਲਾਵਾ) ਅਤੇ ਗੁਪਤਤਾ। ਪਰ ਸੈਨਾ ਦੀਆਂ ਸਾਰੀਆਂ ਵਰਦੀਆਂ ਵਿੱਚ ਬਦਲਾਅ ਨਹੀਂ ਕੀਤਾ ਗਿਆ ਹੈ। ਸੈਨਾ ਵਿੱਚ ਕਈ ਤਰ੍ਹਾਂ ਦੀਆਂ ਵਰਦੀਆਂ ਹੁੰਦੀਆਂ ਹਨ। ਫਿਲਹਾਲ ਕੇਵਲ ਯੁੱਧ ਦੌਰਾਨ ਪਾਈ ਜਾਣ ਵਾਲੀ ਵਰਦੀ ਵਿੱਚ ਬਦਲਾਅ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਨਵੀਂ ਵਰਦੀ ਖੁੱਲ੍ਹੇ ਬਾਜ਼ਾਰ ਵਿੱਚ ਉਪਲੱਬਧ ਨਹੀਂ ਹੋਵੇਗੀ।