‘ਦ ਖ਼ਾਲਸ ਬਿਊਰੋ:-
ਕਿਸਾਨ
ਇਹ ਕਿਸਾਨ ਮੇਰੀ ਮਾਂ ਵਰਗਾ,
ਜੋ ਵੱਗਦੀ ਠੰਡੀ ਹਵਾ ਵਰਗਾ।
ਮਿਹਨਤ ਕਰਦਾ ਜੋ ਦਿਨ ਰਾਤ,
ਦਾਣੇ-ਦਾਣੇ ਦੀ ਕਰੇ ਸੰਭਾਲ।
ਪੂਰੀ ਦੁਨੀਆ ਲਈ ਅੰਨ ਉਗਾ ਕੇ,
ਆਪ ਇਹ ਭੁੱਖਾ ਸੌਂਦਾ ਏ।
ਹੱਸਦਾ ਰਹਿੰਦਾ ਜੋ ਬੱਚਿਆਂ ਅੱਗੇ,
ਉਹ ਕੱਲਾ ਬਹਿ ਕੇ ਰੋਂਦਾ ਏ।
ਇਹ ਕਿਸਾਨ ਮੇਰੇ ਪਿਉ ਵਰਗਾ,
ਬਲ਼ਦੇ ਦੀਵੇ ਦੀ ਲੋਅ ਵਰਗਾ।
ਦਰਦ ਲੁਕੋ ਕੇ ਦਿਲ ਵਿੱਚ ਭਾਰੇ,
ਦਾਣੇ ਮੇਰੇ ਲਈ ਜੋੜਦਾ ਏ।
ਆਪਣੀ ਨਾ ਹੋਵੇ ਬੇਸ਼ੱਕ ਜ਼ਮੀਨ,
ਮਿਹਨਤ ਕਰ ਮੁੱਲ ਪੂਰਾ ਮੋੜਦਾ ਏ।
ਜੋ ਮੰਗਦਾ ਕੁੱਝ ਨਾ ਖੁਦ ਲਈ,
ਬਸ ਫ਼ਸਲਾਂ ਲਈ ਹੱਥ ਜੋੜਦਾ ਏ।
ਹੁੰਦਾ ਕਿਸਾਨ ਹੈ ਰੱਬ ਵਰਗਾ,
ਪਰ ਆਮ ਲੱਗੇ ਜੋ ਸਭ ਵਰਗਾ।
ਜਾਤ-ਪਾਤ ਤੋਂ ਕੋਹਾਂ ਦੂਰ,
ਅੰਨ ਸਭ ਲਈ ਉਗਾਉਂਂਦਾ ਏ।
ਨਫ਼ਰਤ ਦੇ ਇਸ ਦੌਰ ਵਿੱਚ,
ਨਿੱਤ ਪਿਆਰ ਦਾ ਬੂਟਾ ਲਗਾਉਂਦਾ ਏ।
ਹੋ ਜਾਏ ਬੇਸ਼ੱਕ ਕਰਜ਼ਾਈ ਆਪ,
ਮਾੜਾ ਬੀਜ ਨਾ ਲਾਊ ਕਦੇ।
ਆਪਣੀ ਜੇਬ ਕਰ ਦਿੰਦਾ ਖਾਲੀ,
ਪਰ ਹੱਕ ਸਰਕਾਰਾਂ ਵਾਂਗ ਨਾ ਖਾਊ ਕਦੇ,
ਹੱਕ ਸਰਕਾਰਾਂ ਵਾਂਗ ਨਾ ਖਾਊ ਕਦੇ।
ਲਿਖਾਰੀ – ਤਾਸ਼ੁਦੀਪ
Instagram ID : tashu_deep