Religion

ਰੂਹਾਨੀ ਪ੍ਰਕਾਸ਼ ਦੇ ਸੋਮੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਦੁਨੀਆ ਦੇ ਕਿਸੇ ਵੀ ਰਹਿਬਰ ਨੂੰ ਕਦੀ ਸਾਰੇ ਧਰਮਾਂ ਨੇ ਆਪਣੇ ਰਹਿਬਰ ਦੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ। ਇੱਕ ਗੁਰੂ ਨਾਨਕ ਦੇਵ ਸਾਹਿਬ ਜੀ ਐਸੇ ਰਹਿਬਰ ਹਨ ਜਿਨ੍ਹਾਂ ਦੇ ਬਾਰੇ ਉਸ ਵੇਲੇ ਸੰਸਾਰ ਦੇ ਦੋ ਪ੍ਰਚਲਿਤ ਧਰਮ ਇਹ ਗੱਲ ਕਹਿੰਦੇ ਹਨ ਕਿ

ਜਾਹਰ ਪੀਰੁ ਜਗਤੁ ਗੁਰ ਬਾਬਾ।।

ਗੰਗ ਬਨਾਰਸ ਹਿੰਦੂਆ ਮੁਸਲਮਾਣਾਂ ਮਕਾ ਕਾਬਾ।।

ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 ਈ: ਨੂੰ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ) ਵਿੱਚ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਦੇਵੀ ਜੀ ਦੀ ਕੁੱਖੋਂ ਹੋਇਆ।

ਸੁਲਤਾਨਪੁਰ ਪੁਰਾਣੇ ਸਮਿਆਂ ਵਿੱਚ ਏਸ਼ੀਆ ਦਾ ਇਸਲਾਮ ਦਾ ਸਭ ਤੋਂ ਵੱਡਾ ਵਿੱਦਿਅਕ ਕੇਂਦਰ ਸੀ। ਜਹਾਂਗੀਰ ਵੀ ਸੁਲਤਾਨਪੁਰ ਲੋਧੀ ਤੋਂ ਪੜ੍ਹ ਕੇ ਗਿਆ, ਦਾਰਾ, ਮੁਰਾਦ ਵੀ ਸੁਲਤਾਨਪੁਰ ਲੋਧੀ ਪੜ੍ਹੇ ਤੇ ਔਰੰਗਜ਼ੇਬ ਵੀ ਸੁਲਤਾਨਪੁਰ ਲੋਧੀ 7 ਸਾਲ ਪੜ੍ਹਿਆ ਹੈ। ਇਨ੍ਹੇ ਵੱਡੇ ਵਿੱਦਿਅਕ ਕੇਂਦਰ ਵਾਲੇ ਇਸ ਸ਼ਹਿਰ ਦੇ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਲੋਕ ਵੀ ਗੁਰੂ ਨਾਨਕ ਸਾਹਿਬ ਜੀ ਦੇ ਆਤਮਕ ਬਲ, ਰੂਹਾਨੀ ਪ੍ਰਕਾਸ਼  ਤੋਂ ਪ੍ਰਭਾਵਿਤ ਹੋ ਗਏ ਸਨ।

ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਜਿਹੜੀ ਸਭ ਤੋਂ ਪਹਿਲੀ ਆਵਾਜ਼ ਦਿੱਤੀ ਸੀ ਉਹ ਹੈ

ਨਾ ਹਮ ਹਿੰਦੂ ਨ ਮੁਸਲਮਾਨ।।

ਗੁਰੂ ਨਾਨਕ ਸਾਹਿਬ ਜੀ ਦੀ ਇਸ ਵਿਚਾਰਧਾਰਾ ਦੀ ਸ਼ਿਕਾਇਤ ਦੌਲਤ ਖਾਂ ਲੋਧੀ ਦੇ ਦਰਬਾਰ ਵਿੱਚ ਹੋਈ।  ਦੌਲਤ ਖਾਂ ਲੋਧੀ ਦੇ ਦਰਬਾਰ ਵਿੱਚ ਸ਼ਿਕਾਇਤ ਲੈ ਕੇ ਜਾਣ ਵਾਲਾ ਵੀ ਇੱਕ ਮੁਸਲਮਾਨ ਸੀ ਤੇ ਇੱਕ ਹਿੰਦੂ ਸੀ।  ਦੌਲਤ ਖਾਂ ਲੋਧੀ ਉਸ ਵੇਲੇ ਅਣਵੰਡੇ ਪੰਜਾਬ ਦਾ ਗਵਰਨਰ ਸੀ।  ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਹਨ ਤਾਂ ਸ਼ਾਹੀ ਕਾਜ਼ੀ ਨੇ ਉਨ੍ਹਾਂ ਨੂੰ ਇੱਕ ਗੱਲ ਕਹੀ ਹੈ ਕਿ ਇਸ ਕਚਹਿਰੀ ਦਾ ਇੱਕ ਅਸੂਲ ਹੈ ਕਿ ਜਦੋਂ ਰਾਜੇ ਦੇ ਸਾਹਮਣੇ ਪੇਸ਼ ਹੋਇਆ ਦਾ ਹੈ ਤਾਂ ਝੁਕ ਕੇ 7 ਸਲਾਮਾਂ ਕੀਤੀਆਂ ਜਾਂਦੀਆਂ ਹਨ।

ਗੁਰੂ ਨਾਨਕ ਸਾਹਿਬ ਜੀ ਨੇ ਕਾਜ਼ੀ ਨੂੰ ਬੜਾ ਪਿਆਰਾ ਜਵਾਬ ਦਿੱਤਾ। ਉਨ੍ਹਾਂ ਕਿਹਾ

ਸੱਚੇ ਸਾਹਿਬ ਕੋ ਸਲਾਮ ਕੀਆ ਹੈ

ਅਬ ਕਿਸੀ ਔਰ ਕੋ ਸਲਾਮ ਨਹੀਂ ਕਰਤੇ।

ਜਿਸਦੇ ਅੱਗੇ ਮੈਂ ਸਿਰ ਝੁਕਾਉਣਾ ਸੀ, ਉਹ ਮੈਂ ਝੁਕਾ ਚੁੱਕਾ ਹਾਂ, ਹੁਣ ਕਿਸੇ ਹੋਰ ਦੇ ਅੱਗੇ ਸਿਰ ਨਹੀਂ ਝੁਕਾ ਸਕਦਾ।  ਕਾਜ਼ੀ ਨੇ ਕਿਹਾ ਕਿ ਜੇ ਤੁਸੀਂ ਸਾਡੇ ਅਕੀਦੇ ‘ਚ ਨਹੀਂ ਆਉਣਾ ਚਾਹੁੰਦੇ ਤਾਂ ਫਿਰ ਤੁਸੀਂ ਸਾਡੇ ਨਾਲ ਚੱਲ ਕੇ ਸਾਡੇ ਧਾਰਮਿਕ ਅਸਥਾਨ ਮਸਜਿਦ ਵਿੱਚ ਚੱਲ ਕੇ ਸਾਡੇ ਨਾਲ ਨਮਾਜ਼ ਪੜ੍ਹੋ।  ਗੁਰੂ ਸਾਹਿਬ ਨੇ ਇਨਕਾਰ ਨਹੀਂ ਕੀਤਾ। ਗੁਰੂ ਸਾਹਿਬ ਚਲੇ ਗਏ। ਉਨ੍ਹਾਂ ਨੇ ਸ਼ੁੱਕਰਵਾਰ ਦੇ ਦਿਨ ਜੁੰਮੇ ਦੀ ਨਮਾਜ਼ ਪੜ੍ਹੀ ਤੇ ਗੁਰੂ ਸਾਹਿਬ ਖੜ੍ਹੇ ਹਨ। ਕਾਜ਼ੀ ਸਜਦੇ ਕਰ ਰਹੇ ਹਨ ਤੇ ਗੁਰੂ ਸਾਹਿਬ ਮੁਸਕਰਾ ਰਹੇ ਹਨ। ਸ਼ਾਹੀ ਕਾਜ਼ੀ ਕੋਲੋਂ ਰਿਹਾ ਨਾ ਗਿਆ ਤੇ ਉਸਨੇ ਦੌਲਤ ਖਾਂ ਨੂੰ ਕਿਹਾ ਕਿ ਗੁਰੂ ਜੀ ਨੇ ਅੱਜ ਦੀ ਨਮਾਜ਼ ਭੰਗ ਕਰ ਦਿੱਤੀ ਹੈ।

ਅਸੀਂ ਸਿਜਦੇ ਵਿੱਚ ਖੁਦਾ ਦੀ ਇਬਾਦਤ ਕਰ ਰਹੇ ਸੀ ਤੇ ਇਹ ਮੁਸਕਰਾ ਰਹੇ ਸੀ, ਇਨ੍ਹਾਂ ਨੇ ਸਾਡੇ ਨਾਲ ਸਿਜਦਾ ਹੀ ਨਹੀਂ ਕੀਤਾ। ਗੁਰੂ ਸਾਹਿਬ ਨੇ ਕਿਹਾ ਕਿ ਇਹ ਸਿਜਦਾ ਸਰੀਰ ਕਰਕੇ ਕਰ ਰਹੇ ਸੀ, ਮਨ ਕਰਕੇ ਨਹੀਂ। ਕਾਜ਼ੀ ਸਾਹਿਬ, ਤੁਸੀਂ ਨਮਾਜ਼ ਦੇ ਵਿੱਚ ਝੁਕ ਤਾਂ ਰਹੇ ਸੀ ਪਰ ਤੁਹਾਡਾ ਧਿਆਨ ਤਾਂ ਘਰ ਵਿੱਚ ਸੀ।  ਦੌਸਤ ਖਾਂ ਲੋਧੀ, ਤੇਰਾ ਮਨ ਵੀ ਨਮਾਜ਼ ਵਿੱਚ ਨਹੀਂ ਸੀ, ਉਹ ਤਾਂ ਕਾਬੁਲ ਵਿੱਚ ਘੋੜਿਆਂ ਦੀ ਖਰੀਦਦਾਰੀ ਕਰ ਰਿਹਾ ਸੀ।  ਇਹੀ ਉਪਦੇਸ਼ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ ਕਿ ਕੇਵਲ ਤਨ ਕਰਕੇ ਝੁਕਣ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਗੁਰੂ ਦੇ ਅੱਗੇ ਮੱਥਾ ਟੇਕ ਲਿਆ ਹੈ।

ਤੁਧਨੋ ਨਿਵਣੁ ਮੰਨਣੁ ਤੇਰਾ ਨਾਉ।।

ਗੁਰੂ ਦੇ ਅੱਗੇ ਆਪਣੇ ਸਿਰ ਨੂੰ ਝੁਕਾਉਣਾ ਹੈ ਗੁਰੂ ਦੇ ਹੁਕਮ ਨੂੰ ਸਤਿ ਕਰਕੇ ਮੰਨਣਾ, ਇਹ ਕੇਵਲ ਸਰੀਰ ਦੀ ਕਿਰਿਆ ਨਹੀਂ ਹੈ, ਇਹ ਮਨ ਦੀ ਕਿਰਿਆ ਹੈ। ਆਪਣੇ ਮਨ ਨੂੰ ਇਸ਼ਟ ਦੇ ਅੱਗੇ ਝੁਕਾਉਣਾ ਪੈਂਦਾ ਹੈ, ਸਮਰਪਿਤ ਕਰਨਾ ਪੈਂਦਾ ਹੈ। ਜਿਹੜੇ ਲੋਕਾਂ ਨੇ ਸਾਨੂੰ ਰਾਹ ਵਿਖਾਉਣਾ ਸੀ, ਉਹ ਰਸਤੇ ਵਿੱਚ ਠੱਗਣ ਦਾ ਸਬੱਬ ਬਣਦੇ ਜਾ ਰਹੇ ਹਨ।  ਇਸ ਲਈ ਗੁਰੂ ਨਾਨਕ ਸਾਹਿਬ ਨੇ ਸ਼ਬਦ ਦੀ ਵਿਚਾਰਧਾਰਾ ਵਿੱਚੋਂ ਸਾਨੂੰ ਪਛਾਣ ਹੀ ਦਿੱਤੀ ਹੈ ਕਿ ਪਛਾਣ ਪੈਦਾ ਕਰੋ ਕਿ ਅਸੀਂ ਸ਼ਬਦ ਦੀ ਵਿਚਾਰਧਾਰਾ ਦੇ ਨਾਵ ਜੁੜਨਾ ਹੈ ਜਾਂ ਉਨ੍ਹਾਂ ਲੋਕਾਂ ਦੇ ਨਾਲ ਜੁੜਨਾ ਹੈ ਜਿਹੜੇ ਸ਼ਬਦ ਦਾ ਆਸਰਾ ਲੈ ਕੇ ਸਾਨੂੰ ਆਪਣੇ ਨਾਲ ਜੋੜ ਰਹੇ ਹਨ।  ਅੱਜਕਲ੍ਹ ਇਹੀ ਤਾਂ ਹੋ ਰਿਹਾ ਹੈ ਅਸੀਂ ਡੇਰਾਵਾਦ ‘ਚ ਫਸੇ ਹੋਏ ਹਾਂ।

ਸਭ ਕੁੱਝ ਪੜ੍ਹਨ ਤੋਂ ਬਾਅਦ ਵੀ ਜੇਕਰ ਅਸੀਂ ਇੱਕ ਅਕਾਲ ਪੁਰਖ ਦਾ ਤੱਤ ਨਹੀਂ ਸਮਝਦੇ ਤਾਂ ਫਿਰ ਪੜ੍ਹਾਈ ਦਾ ਵੀ ਕੋਈ ਫਾਇਦਾ ਨਹੀਂ।  ਸਭ ਤੋਂ ਵੱਧ ਸਮਾਜ ਦੇ ਵਾਸਤੇ ਖਤਰਨਾਕ ਉਹ ਤੱਤ ਹੈ ਜਿਹੜਾ ਪੜ੍ਹਿਆ ਲਿਖਿਆ ਹੋ ਕੇ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਜਾਂਦਾ ਹੈ।  ਉਦਾਹਰਨ- ਬ੍ਰਾਹਮਣ ਬ੍ਰਹਮ ਦੱਤ ਨੂੰ ਗਿਆਨ ਦਾ ਹੰਕਾਰ ਹੋਣਾ

ਜਿਹੜਾ ਸੰਦੇਸ਼ ਸਾਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ, ਅਸੀਂ ਉਹ ਸੰਦੇਸ਼ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਨਹੀਂ ਰਹੇ।  ਗੁਰੂ ਨਾਨਕ ਸਾਹਿਬ ਜੀ ਜਿਸ ਵੇਲੇ ਸੁਲਤਾਨਪੁਰ ਲੋਧੀ ਸਨ, ਉਸ ਵੇਲੇ ਮਨਸੀਆਂ ਪਿੰਡ ਦਾ ਚੌਧਰੀ ਭਗੀਰਥ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਿਆ, ਪਹਿਲਾਂ ਦੇਵੀ ਦਾ ਉਪਾਸ਼ਕ ਸੀ। ਗੁਰੂ ਨਾਨਕ ਦੇਵ ਜੀ ਦੇ ਦੀਦਾਰ ਕੀਤੇ ਤਾਂ ਗੁਰੂ ਸਾਹਿਬ ਜੀ ਦਾ ਸਿੱਖ ਬਣ ਗਿਆ।  ਵਪਾਰ ਕਰਦਾ ਸੀ ਤੇ ਵਪਾਰ ਕਰਨ ਦੇ ਵਾਸਤੇ ਲਾਹੌਰ ਜਾਂਦਾ ਸੀ। ਜਦੋਂ ਲਾਹੌਰ ਗਿਆ ਤਾਂ ਉੱਥੋਂ ਦੇ ਵਪਾਰੀ ਮਨਸੁੱਖ ਜਦੋਂ ਉਨ੍ਹਾਂ ਕੋਲੋਂ ਵਪਾਰ ਦੇ ਵਾਸਤੇ ਰਸਦ ਲੈਣ ਗਿਆ ਤਾਂ ਮਨਸੁੱਖ ਭਗੀਰਥ ਨੂੰ ਕਹਿਣ ਲੱਗਾ ਕਿ ਤੂੰ ਪਹਿਲਾਂ ਵੀ ਆਉਂਦਾ ਸੀ ਪਰ ਹੁਣ ਤੇਰੀ ਜ਼ਿੰਦਗੀ ਦੇ ਵਿੱਚ ਕੁੱਝ ਬਦਲਾਅ ਨਜ਼ਰ ਆ ਰਿਹਾ ਹੈ।  ਭਗੀਰਥ ਨੇ ਕਿਹਾ ਕਿ ਹਾਂ, ਕਿਉਂਕਿ ਹੁਣ ਮੈਨੂੰ ਪੂਰਨ ਪੁਰਸ਼ ਗੁਰੂ ਨਾਨਕ ਮੁਰਸ਼ਦ ਮਿਲ ਗਿਆ ਹੈ।

ਮਨਸੁੱਖ ਨੇ ਅਜੇ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਹੀ ਨਹੀਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਨੂੰ ਵੇਖ ਕੇ ਹੀ ਗੁਰੂ ਜੀ ਦਾ ਸਿੱਖ ਬਣ ਗਿਆ। ਇਸਦਾ ਮਤਲਬ ਕਿ ਇੱਕ ਜਗਦਾ ਹੋਇਆ ਦੀਵਾ ਹੀ ਦੂਜੇ ਨੂੰ ਜਗਾ ਸਕਦਾ ਹੈ।  ਅੱਜ ਅਸੀਂ ਬੜੇ ਕੀਰਤਨ ਦਰਬਾਰ, ਸੈਮੀਨਾਰ, ਨਰਗ ਕੀਰਤਨ, ਕਿੰਨਾ ਕੁੱਝ ਕਰ ਰਹੇ ਹਾਂ ਪਰ ਅਸਰ ਨਹੀਂ ਹੋ ਰਿਹਾ ਬੁਝੇ ਹੋਏ ਦੀਵਿਆਂ ‘ਚ। ਪਰ ਗੁਰੂ ਸਾਹਿਬ ਜੀ ਦੀ ਸਿੱਖੀ ਦਾ ਜਦੋਂ ਫੈਲਾਅ ਹੁੰਦਾ ਹੈ ਤਾਂ ਸਿੱਖੀ ਜਗੇ ਹੋਏ ਦੀਵੇ ਚੋਂ ਦੀਵੇ ਨੂੰ ਜਗਾਉਂਦੀ ਹੈ।

ਅਸੀਂ ਗੁਰੂ ਸਾਹਿਬ ਜੀ ਦੀ ਹਜ਼ੂਰੀ ‘ਚ ਬੇਸ਼ੱਕ ਖਾਲੀ ਹੱਥ ਆ ਜਾਈਏ ਪਰ ਆਪਣਾ ਦਿਲ ਪਿਆਰ ਤੋਂ ਖਾਲੀ ਨਾ ਲੈ ਕੇ ਆਈਏ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਹੈ ਕਿ

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਜੋਤਿ ਰੂਪੀ ਨੂਰ ਸ੍ਰੀ ਗੁਰੂ ਅੰਗਦ ਦੇਵ ਜੀ ਵਿੱਚ ਟਿਕਾ ਕੇ 1539 ਨੂੰ ਕਰਤਾਰਪੁਰ ਵਿਖੇ ਜੋਤੀ-ਜੋਤ ਸਮਾ ਗਏ।