Punjab

ਪੰਥ ਤੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸਰੋਪਾ ਦੇਣ ਵਾਲੇ ਗ੍ਰੰਥੀ ਸਿੰਘ ਅਤੇ ਮੈਨੇਜਰ ਨੂੰ ਕੀਤਾ ਮੁਅੱਤਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਤੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇੱਕ ਵਾਰ ਮੁੜ ਤੋਂ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਸਰੋਪਾ ਦੇਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਅਤੇ ਮੈਨੇਜਰ ਦੇ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਲੰਗਾਹ ਵੱਲੋਂ ਅੱਜ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਭੋਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਕਰਵਾਉਣ, ਗ੍ਰੰਥੀ ਸਿੰਘ ਵੱਲੋਂ ਉਸਦੀ ਅਰਦਾਸ ਕਰਨ ਅਤੇ ਸਿਰੋਪਾਓ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼

ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਘਟਨਾ ਦੀ ਤੁਰੰਤ ਪੜਤਾਲ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਖਿਲਾਫ ਸਖਤ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

SGPC ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗ੍ਰੰਥੀ ਸਿੰਘ ਅਤੇ ਮੈਨੇਜਰ ਨੂੰ ਕੀਤਾ ਮੁਅੱਤਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਹੁਕਮਾਂ ‘ਤੇ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਅਤੇ ਗ੍ਰੰਥੀ ਸਿੰਘ ਨੂੰ ਵਿਸਥਾਰਤ ਪੜਤਾਲ ਫਲਾਇੰਗ ਸਕੂਐਡ ਨੂੰ ਸੌਂਪ ਦਿੱਤੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੀ ਸੀ ਸ਼ਿਕਾਇਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਨੇ ਸ਼ਿਕਾਇਤ ਕੀਤੀ ਸੀ ਕਿ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਲੰਗਾਹ ਦਾ ਅਖੰਡ ਪਾਠ ਸਾਹਿਬ, ਉਸਦੀ ਅਰਦਾਸ ਕਰਕੇ ਉਸਨੂੰ ਸਿਰੋਪਾਉ ਦੇ ਕੇ ਸਿੱਖ ਸਿਧਾਂਤਾਂ ਨੂੰ ਮਿੱਟੀ ਵਿੱਚ ਰੋਲਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਸਫਾਈ

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਦੱਸਿਆ ਕਿ ਲੰਗਾਹ ਨੇ ਅਖੰਡ ਪਾਠ ਸਾਹਿਬ 2015 ਵਿੱਚ ਬੁੱਕ ਕਰਵਾਇਆ ਸੀ। ਇਸ ਤੋਂ ਬਾਅਦ ਲੰਗਾਹ ਸਬੰਧੀ ਜੋ ਵੀ ਘਟਨਾਵਾਂ ਸਾਹਮਣੇ ਆਈਆਂ ਹਨ, ਉਹ 2015 ਤੋਂ ਬਾਅਦ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਨਿਮਾਣਾ ਹੋ ਕੇ ਗੁਰੂ ਘਰ ਆਉਣ ਤੋਂ ਕੋਈ ਵਿਅਕਤੀ ਨਹੀਂ ਰੋਕ ਸਕਦਾ। ਉਨ੍ਹਾਂ ਨੇ ਬੀਰਦਵਿੰਦਰ ਸਿੰਘ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਸੁਰਖੀਆਂ ਬਟੋਰਨ ਅਤੇ ਨੁਕਤਾਚੀਨੀ ਕਰਨ ਦੀ ਹਮੇਸ਼ਾ ਰਹਿੰਦੀ ਹੈ।

ਪਹਿਲਾਂ ਵੀ ਲੰਗਾਹ ਮਾਮਲੇ SGPC ਨੇ ਕੀਤੀ ਸੀ ਕਾਰਵਾਈ

4 ਅਗਸਤ, 2020 ਨੂੰ ਗੁਰਦਾਸਪੁਰ ਵਿੱਚ ਗੁਰਦੁਆਰਾ ਬੰਦਾ ਸਿੰਘ ਬਹਾਦਰ ਗੜੀ ਗੁਰਦਾਸ ਨੰਗਲ ਦੇ ਤਿੰਨ ਮੁਲਾਜ਼ਮ ਸੁੱਚਾ ਸਿੰਘ ਲੰਗਾਹ ਨੂੰ ਤਨਖ਼ਾਹ ਲਗਾ ਕੇ ਸਜ਼ਾ ਮੁਆਫ ਕਰਨ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤੇ ਗਏ ਸਨ। ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਤੋਂ ਛੇਕਿਆ ਗਿਆ ਸੀ  ਅਤੇ ਮਰਿਆਦਾ ਮੁਤਾਬਿਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੀ ਆਪਣੀ ਸਜ਼ਾ ਮੁਆਫ ਕਰਵਾ ਸਕਦੇ ਸਨ। ਪਰ ਉਨ੍ਹਾਂ ਨੇ ਅਜਿਹਾ ਨਾ ਕਰਦੇ ਹੋਏ ਗੁਰਦਾਸਪੁਰ ਦੇ ਬੰਦਾ ਸਿੰਘ ਬਹਾਦਰ ਵਿੱਚ ਸਜ਼ਾ ਮੁਆਫੀ ਦੀ ਅਰਜ਼ੀ ਦਿੱਤੀ ਸੀ।

Comments are closed.