International

ਨੇਪਾਲ ਵਿੱਚ ਜਹਾਜ ਹੋਇਆ ਹਾਦਸਾ ਗ੍ਰਸਤ,ਹੁਣ ਤੱਕ 40 ਲਾਸ਼ਾਂ ਹੋਈਆਂ ਬਰਾਮਦ

ਪੋਖਰਾ : ਨੇਪਾਲ ਦਾ ਪੋਖਰਾ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਇਕ ਯਾਤਰੀ ਜਹਾਜ਼  ਹਾਦਸਾਗ੍ਰਸਤ ਹੋ ਗਿਆ,ਜਿਸ ਵਿੱਚ ਸਾਰੇ ਸਵਾਰ ਯਾਤਰੀਆਂ ਦੇ ਮਰਨ ਦੀ ਖ਼ਬਰ ਹੈ। ਕਿਹਾ ਜਾ ਰਿਹਾ ਹੈ ਕਿ ਇਸ ਜਹਾਜ਼ ‘ਚ ਕੁਲ 72 ਲੋਕ ਸਵਾਰ ਸਨ। ਯਤੀ ਏਅਰਲਾਈਨਜ਼ ਦਾ ਇਹ ਜਹਾਜ ਹਵਾਈ ਅੱਡੇ ‘ਤੇ ਉਤਰਦੇ ਸਮੇਂ ਨਦੀ ਦੀ ਖੱਡ ‘ਚ ਡਿੱਗ ਗਿਆ।

ਨਿਊਜ਼ ਏਜੰਸੀ ਏਐਨਆਈ ਨੇ ਏਅਰਪੋਰਟ ਅਥਾਰਟੀ ਦੇ ਹਵਾਲੇ ਨਾਲ ਦੱਸਿਆ ਕਿ ਪੋਖਰਾ ਵਿੱਚ ਹਾਦਸਾਗ੍ਰਸਤ ਹੋਏ ਜਹਾਜ਼ ਵਿੱਚ ਘੱਟੋ-ਘੱਟ ਪੰਜ ਭਾਰਤੀ ਸਵਾਰ ਸਨ ਤੇ ਇਸ ਵਿੱਚ 10 ਵਿਦੇਸ਼ੀਆਂ ਸਮੇਤ 72 ਲੋਕ ਸਵਾਰ ਸਨ।
ਯੇਤੀ ਏਅਰਲਾਈਨਜ਼ ਦਾ ਇਹ ਜਹਾਜ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਆਇਆ ਸੀ ਤੇ ਪੋਖਰਾ ਹਵਾਈ ਅੱਡੇ ‘ਤੇ ਉਤਰਨ ਸਮੇਂ ਉਸ ਨੂੰ ਇਹ ਹਾਦਸਾ ਪੇਸ਼ ਆ ਗਿਆ। ਇੱਕ ਫੌਜੀ ਬੁਲਾਰੇ ਦੇ ਮੁਤਾਬਕ ਮੁਤਾਬਕ ਹਾਦਸੇ ਵਾਲੀ ਥਾਂ ਤੋਂ ਘੱਟੋ-ਘੱਟ 40 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ‘ਤੇ ਸੋਗ ਦਾ ਪ੍ਰਗਟਾਵਾ ਕੀਤਾ ਹੈ।

ਆਪਣੇ ਟਵੀਟ ਵਿੱਚ ਸਿੰਧੀਆ ਨੇ ਕਿਹਾ ਹੈ ਕਿ ਨੇਪਾਲ ਵਿੱਚ ਹੋਏ ਇੱਕ ਦਰਦਨਾਕ ਜਹਾਜ਼ ਹਾਦਸੇ ਵਿੱਚ ਜਾਨੀ ਨੁਕਸਾਨ ਬਹੁਤ ਮੰਦਭਾਗਾ ਹੈ। ਉਹਨਾਂ ਨੇ ਦੁਖੀ ਪਰਿਵਾਰਾਂ ਲਈ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ।
ਇਸ ਜਹਾਜ਼ ਨੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਤ 10.33 ਵਜੇ ਉਡਾਣ ਭਰੀ ਸੀ ਅਤੇ ਪੋਖਰਾ ਹਵਾਈ ਅੱਡੇ ‘ਤੇ ਉਤਰਨ ਸਮੇਂ ਇਹ ਹਾਦਸਾਗ੍ਰਸਤ ਹੋ ਗਿਆ।