‘ਦ ਖ਼ਾਲਸ ਬਿਊਰੋ :- ਮਹਾਰਾਸ਼ਟਰ ਦੇ ਜ਼ਿਲ੍ਹਾ ਔਰੰਗਾਬਾਦ ਵਿੱਚ ਮਾਲ ਗੱਡੀ ਹੇਠ ਆ ਕੇ ਮਾਰੇ ਗਏ 16 ਪਰਵਾਸੀ ਮਜ਼ਦੂਰਾਂ ਦੀਆਂ ਦੇਹਾਂ ਅੱਜ ਦੁਪਹਿਰ ਵਿਸ਼ੇਸ਼ ਰੇਲਗੱਡੀ ਰਾਹੀਂ ਮੱਧ ਪ੍ਰਦੇਸ਼ ਦੇ ਸ਼ਾਹਦੋਲ ਅਤੇ ਉਮਰੀਆ ਪਹੁੰਚਾਈਆਂ ਗਈਆਂ।

ਪੁਲੀਸ ਅਫ਼ਸਰ ਨੇ ਦੱਸਿਆ ਕਿ ਔਰੰਗਾਬਾਦ ਜ਼ਿਲ੍ਹੇ ਤੋਂ ਚਲਾਈ ਗਈ ਵਿਸ਼ੇਸ਼ ਗੱਡੀ ਨਾਲ ਜੋੜੀਆਂ ਦੋ ਬੋਗੀਆਂ ਰਾਹੀਂ ਦੇਹਾਂ ਜਬਲਪੁਰ ਲਿਆਂਦੀਆਂ ਗਈਆਂ, ਜਿੱਥੋਂ ਇਹ ਅੱਗੇ ਸ਼ਾਹਦੋਲ ਤੇ ਉਮਰੀਆ ਲਿਜਾਈਆਂ ਗਈਆਂ। ਉਮਰੀਆ ਪੁੱਜੀ ਬੋਗੀ ਵਿੱਚ ਪੰਜ ਦੇਹਾਂ ਸਨ, ਜਿਨ੍ਹਾਂ ਨੂੰ ਐਂਬੂਲੈਂਸਾਂ ਰਾਹੀਂ ਮ੍ਰਿਤਕਾਂ ਦੇ ਪਿੰਡਾਂ ਤੱਕ ਪਹੁੰਚਾਇਆ ਗਿਆ। ਦੂਜੀ ਬੋਗੀ ਵਿੱਚ 11 ਦੇਹਾਂ ਸਨ, ਜੋ ਸ਼ਾਹਦੋਲ ਦੇ ਪਿੰਡਾਂ ਵਿੱਚ ਪਹੁੰਚਾਈਆਂ ਗਈਆਂ। ਐਂਬੂਲੈਂਸਾਂ ਨਾਲ ਅਧਿਕਾਰੀ ਵੀ ਪਿੰਡਾਂ ਤੱਕ ਗਏ, ਜਿੱਥੇ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ। ਦੱਸਣਯੋਗ ਹੈ ਕਿ ਕੋਰੋਨਾਵਾਇਰਸ ਦੇ ਲਾਕਡਾਊਨ ਕਾਰਨ ਬੇਰੁਜ਼ਗਾਰ ਹੋਏ ਪਰਵਾਸੀ ਕਾਮੇ ਪੈਦਲ ਹੀ ਮਹਾਰਾਸ਼ਟਰ ਤੋਂ ਮੱਧ ਪ੍ਰਦੇਸ਼ ਲਈ ਚੱਲੇ ਸਨ। ਪੁਲੀਸ ਤੋਂ ਬਚਣ ਲਈ ਇਹ ਰੇਲ ਪਟੜੀ ਦੇ ਨਾਲ-ਨਾਲ ਚੱਲ ਰਹੇ ਸਨ। ਮਾਲ ਗੱਡੀਆਂ ਦੀ ਆਵਾਜਾਈ ਤੋਂ ਅਣਜਾਣ ਇਹ ਮਜ਼ਦੂਰ ਸ਼ੁੱਕਰਵਾਰ ਨੂੰ ਥਕੇਵਾਂ ਲਾਹੁਣ ਲਈ ਔਰੰਗਾਬਾਦ ਕੋਲ ਰੇਲ ਪੱਟੜੀ ’ਤੇ ਹੀ ਸੌਂ ਗਏ। ਸੁੱਤੇ ਪਏ ਮਜ਼ਦੂਰਾਂ ਤੋਂ ਮਾਲ ਗੱਡੀ ਲੰਘ ਗਈ, ਜਿਸ ਕਾਰਨ 16 ਕਾਮਿਆਂ ਦੀ ਮੌਤ ਹੋ ਗਈ।

ਸ਼੍ਰਮਿਕ ਰੇਲਾਂ ਰਾਹੀਂ 3.4 ਲੱਖ ਲੋਕਾਂ ਨੂੰ ਘਰੀ ਪਹੁੰਚਾਇਆ:- ਕੋਰੋਨਾਵਾਇਰਸ ਦੇ ਮੱਦੇਨਜ਼ਰ ਜਾਰੀ ਲਾਕਡਾਊਨ ਦੌਰਾਨ ਭਾਰਤੀ ਰੇਲਵੇ ਨੇ ਪਹਿਲੀ ਮਈ ਤੋਂ ਹੁਣ ਤੱਕ 302 ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ ਰਾਹੀਂ 3.4 ਲੱਖ ਮਜ਼ਦੂਰਾਂ, ਵਿਦਿਆਰਥੀਆਂ, ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਉਨ੍ਹਾਂ ਦੇ ਜੱਦੀ ਪਿੰਡਾਂ ਤੇ ਸੂਬਿਆਂ ਤੱਕ ਪਹੁੰਚਾਇਆ ਹੈ। ਰੇਲ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀਰਵਾਰ 7 ਮਈ ਨੂੰ 61, ਸ਼ੁੱਕਰਵਾਰ 8 ਮਈ ਨੂੰ 53 ਅਤੇ 9 ਮਈ ਸ਼ਨਿਚਰਵਾਰ ਨੂੰ 34 ਰੇਲ ਗੱਡੀਆਂ ਚਲਾਈਆਂ ਗਈਆਂ ਸਨ। ਰੇਲਵੇ ਨੇ ਕੋਰੋਨਾਵਾਇਰਸ ਕਾਰਨ 24 ਮਾਰਚ ਤੋਂ ਯਾਤਰੀ, ਮੇਲ ਅਤੇ ਐਕਸਪ੍ਰੈੱਸ ਰੇਲ ਗੱਡੀਆਂ ਰੱਦ ਕੀਤੀਆਂ ਹੋਈਆਂ ਹਨ। ਵੱਖ-ਵੱਖ ਸੂਬਿਆਂ ਦੀ ਬੇਨਤੀ ’ਤੇ ਸ਼੍ਰਮਿਕ ਵਿਸੇਸ਼ ਰੇਲਗੱਡੀਆਂ ਪਹਿਲੀ ਮਈ ਤੋਂ ਚਲਾਈਆਂ ਗਈਆਂ ਸਨ। ਹਾਲਾਂਕਿ ਪੂਰੇ ਭਾਰਤ ਵਿੱਚ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਗੱਡੀਆਂ ਲਗਾਤਾਰ ਚੱਲ ਰਹੀਆਂ ਹਨ।