Others Punjab

ਬੇਅਦਬੀ ‘ਤੇ ਪ੍ਰਕਾਸ਼ ਸਿੰਘ ਬਾਦਲ ਨੇ ਜਤਾਇਆ ਅਫ਼ਸੋਸ !

ਬਿਊਰੋ ਰਿਪੋਰਟ : ਕੋਟਕਪੂਰਾ ਗੋਲੀਕਾਂਡ ਵਿੱਚ ਚਾਰਜਸ਼ੀਟ ਵਿੱਚ ਨਾਂ ਆਉਣ ਤੋਂ ਬਾਅਦ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਹੋਇਆ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ‘ਤੇ ਅਫਸੋਸ ਜਤਾਉਂਦੇ ਹੋਏ ਮੌਜੂਦਾ ਮਾਨ ਸਰਕਾਰ ਅਤੇ ਕੈਪਟਨ ਸਰਕਾਰ ਨੂੰ ਘੇਰਿਆ ।

ਸਾਬਕਾ ਮੁੱਖ ਮੰਤਰੀ ਮੰਰਤੀ ਨੇ ਖੁੱਲੀ ਚਿੱਠੀ ਵਿੱਚ ਲਿਖਿਆ ਮੈਨੂੰ ਅਫ਼ਸੋਸ ਹੈ ਕਿ ਮੇਰੇ ਮੁੱਖ ਮੰਤਰੀ ਹੁੰਦਿਆਂ ਕੁਝ ਬੇਹੱਦ ਮਾੜੀਆਂ ਤੇ ਘਿਨਾਉਣੀਆਂ ਘਟਨਾਵਾਂ ਵਾਪਰੀਆਂ। ਇਹ ਪੰਜਾਬ ਦੇ ਅਮਨ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਦੀ ਡੂੰਘੀ ਸਾਜ਼ਿਸ਼ ਸੀ। ਇਸੇ ਕੜੀ ਵਿਚ ਦੋ ਲਾਅ ਐਂਡ ਆਰਡਰ ਦੀਆਂ ਘਟਨਾਵਾਂ ਵੀ ਅਚਾਨਕ ਵਾਪਰੀਆਂ ਜੋ ਬੇਹੱਦ ਮੰਦਭਾਗੀਆਂ ਸਨ। ਮੈ ਖੁਦ ਇਸ ਗੱਲ ਦਾ ਹਾਮੀ ਹਾਂ ਕਿ ਇਹ ਘਟਨਾਵਾਂ ਦੀ ਨਿਰਪੱਖ ਜਾਂਚ ਹੋਵੇ ਤੇ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਪਰ ਬੜਾ ਅਫ਼ਸੋਸ ਹੈ ਕਿ ਸਾਡੀ ਸਰਕਾਰ ਜਾਣ ਤੋਂ ਬਾਅਦ ਪਹਿਲਾਂ ਪੰਜ ਸਾਲ ਕਾਂਗਰਸ ਦੀ ਸਰਕਾਰ ਨੇ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਉੱਪਰ ਨਿਰੰਤਰ ਰਾਜਨੀਤੀ ਕੀਤੀ ਹੈ।

ਸਾਬਕਾ ਮੁੱਖ ਮੰਤਰੀ ਨੇ ਕਿਹਾ CM ਮਾਨ ਤੇ ਅਰਵਿੰਦ ਕੇਜਰੀਵਾਲ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਾਰੇ ਕਾਇਦੇ ਕਨੂੰਨ ਛਿੱਕੇ ਟੰਗ ਕੇ ਮੇਰੇ ‘ਤੇ ਇਰਾਦਾ ਕਤਲ ਦੀਆਂ ਧਰਾਵਾਂ ਦਾ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ। ਭਗਵੰਤ ਮਾਨ ਦੀ ਇਹ ਕਾਰਵਾਈ ਬੇਹੱਦ ਅਨੈਤਿਕ, ਲੋਕਤੰਤਰ ਲਈ ਬੇਹੱਦ ਘਾਤਕ ਅਤੇ ਮੁੱਖ ਮੰਤਰੀ ਦੇ ਸੰਵਿਧਾਨਿਕ ਆਹੁਦੇ ਨੂੰ ਕਲੰਕਤ ਕਰਨ ਦੀ ਕੋਝੀ ਸਾਜ਼ਿਸ਼ ਹੈ। ਇਹ ਬਦਲਾਖੋਰੀ ਦੀ ਸਿਆਸਤ ਦਾ ਸਿੱਖ਼ਰ ਹੈ। ਮੈਂ ਸਾਰੀ ਉਮਰ ਹੀ ਸਰਕਾਰਾਂ ਦੇ ਜਬਰ ਖ਼ਿਲਾਫ਼ ਲੜਦਾ ਰਿਹਾ ਹਾਂ ਅਤੇ 95 ਸਾਲ ਦੀ ਉਮਰ ਵਿਚ ਹੁਣ ਵੀ ਡੱਟ ਕੇ ਲੜਾਂਗਾ। ਇਸ ਤਰ੍ਹਾਂ ਦੇ ਦਬਾਅ ਮੈਨੂੰ ਕਦੀ ਵੀ ਝੁਕਾ ਨਹੀਂ ਸਕਦੇ। ਮੈਨੂੰ ਨਿਆਂਪਾਲਿਕਾ ਉਪਰ ਪੂਰਨ ਭਰੋਸਾ ਹੈ। ਮੈਂ ਸਮੂਹ ਪੰਜਾਬੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਇਹ ਕੇਸ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਇਕ ਵੱਡੀ ਸਾਜ਼ਿਸ਼ ਹੈ। ਸਮੂਹ ਪੰਥ ਪ੍ਰਸਤਾਂ ਅਤੇ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਇਹਨਾਂ ਸਾਜਿਸ਼ਾਂ ਖਿਲਾਫ ਡੱਟ ਕੇ ਖੜਨਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਹਰਾ ਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ।