kotkapura case sit reveal about sukkhbir badal

ਬਿਊਰੋ ਰਿਪੋਰਟ : ਬਰਗਾੜੀ ਵਿੱਚ ਹੋਈ ਬੇਅਦਬੀ ਦੇ ਖਿਲਾਫ਼ ਕੋਟਕਪੂਰਾ ਵਿੱਚ ਸਿੱਖ ਪ੍ਰਦਰਸ਼ਨਕਾਰੀਆਂ ਖਿਲਾਫ਼ ਗੋਲੀ ਚਲਾਉਣ ਦਾ ਫੈਸਲਾ 9 ਮਿੰਟ ਵਿੱਚ ਹੋਇਆ ਹੈ । ਇਹ ਖੁਲਾਸਾ ਫਰੀਦਕੋਟ ਦੀ ਅਦਾਲਤ ਵਿੱਚ 28 ਪੇਜਾਂ ਦੇ ਜਨਤਕ ਕੀਤੇ ਗਏ ਫੈਸਲੇ ਵਿੱਚ ਹੋਇਆ ਹੈ । ਵਕੀਲ ਜਸਵੰਤ ਸਿੰਘ ਨੇ ਦੱਸਿਆ ਹੈ ਕਿ ਅਦਾਲਤ ਦਾ ਜਿਹੜਾ 28 ਪੇਜ ਦਾ ਫੈਸਲਾ ਜਨਤਕ ਕੀਤਾ ਗਿਆ ਹੈ ਉਸ ਵਿੱਚ 24 ਫਰਵਰੀ ਨੂੰ SIT ਵੱਲੋਂ ਦਾਇਰ 7 ਹਜ਼ਾਰ ਪੇਜਾਂ ਦੀ ਰਿਪੋਰਟ ਅਤੇ ਹੋਰ ਜਾਂਚ ਰਿਪੋਰਟ ਨੂੰ ਅਧਾਰ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ SIT ਨੇ ਆਪਣੀ ਜਾਂਚ ਰਿਪੋਰਟ ਵਿੱਚ ਦੱਸਿਆ ਹੈ ਕਿ 14 ਅਕਤੂਬਰ 2015 ਨੂੰ ਕੋਟਕਪੂਰਾ ਗੋਲੀਕਾਂਡ ਵਿੱਚ ਸੰਗਤ ‘ਤੇ ਗੋਲੀ ਚਲਾਉਣ ਦੇ ਲਈ ਸਿਰਫ਼ 9 ਮਿੰਟ ਵਿੱਚ ਫੈਸਲਾ ਲਿਆ ਗਿਆ ਸੀ ।

ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ

ਵਕੀਲ ਜਸਵੰਤ ਸਿੰਘ ਨੇ ਦੱਸਿਆ ਕਿ SIT ਦੀ ਜਾਂਚ ਰਿਪੋਰਟ ਮੁਤਾਬਿਕ ਜਿਸ ਸਮੇਂ ਪੰਜਾਬ ਵਿੱਚ ਬੇਅਦਬੀ ਦੀ ਅੱਗ ਲੱਗੀ ਹੋਈ ਸੀ ਉਸ ਵੇਲੇ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਗੁਰੂਗਰਾਮ ਦੇ ਇੱਕ ਹੋਟਲ ਵਿੱਚ ਆਰਾਮ ਕਰ ਰਹੇ ਸਨ ਅਤੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਬਚਾਉਣ ਦੇ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ । SIT ਨੇ ਆਪਣੀ ਰਿਪੋਰਟ ਵਿੱਚ ਸਾਰੇ ਸਬੂਤ ਪੇਸ਼ ਕੀਤੇ ਹਨ। ਇੰਨਾਂ ਸਬੂਤਾਂ ਦੇ ਆਧਾਰ ‘ਤੇ ਹੀ ਅਦਾਲਤ ਨੇ ਸੁਖਬੀਰ ਬਾਦਲ ਦੀ ਜ਼ਮਾਨਤ ਰੱਦ ਕੀਤੀ ਸੀ । ਪਰ ਇਸ ਦੌਰਾਨ ਸੁਖਬੀਰ ਬਾਦਲ ਪਹਿਲੇ ਦਿਨ ਤੋਂ ਇਹ ਕਹਿ ਰਹੇ ਸਨ ਕਿ ਉਹ ਘਟਨਾ ਦੌਰਾਨ ਵਿਦੇਸ਼ ਵਿੱਚ ਸਨ ਜਦਕਿ SIT ਉਨ੍ਹਾਂ ਦੇ ਭਾਰਤ ਵਿੱਚ ਹੋਣ ਦੇ ਸਬੂਤ ਪੇਸ਼ ਕਰ ਰਿਹਾ ਹੈ। ਅਜਿਹੇ ਵਿੱਚ ਕੀ ਸੁਖਬੀਰ ਸਿੰਘ ਬਾਦਲ ਝੂਠ ਬੋਲ ਰਹੇ ਸਨ ।

ਸਾਬਕਾ ਸੀਐੱਮ ਬਾਦਲ ਨੂੰ ਉਮਰ ਦੀ ਵਜ੍ਹਾ ਕਰਕੇ ਰਾਹਤ

ਵਕੀਲ ਜਸਵੰਤ ਸਿੰਘ ਮੁਤਾਬਿਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜ਼ਮਾਨਤ ਮਨਜ਼ੂਰ ਕਰਨ ਦਾ ਕਾਰਨ ਉਨ੍ਹਾਂ ਦੀ 92 ਸਾਲ ਦੀ ਉਮਰ ਸੀ । ਇਸ ਨੂੰ ਵੇਖ ਦੇ ਹੋਏ ਜ਼ਮਾਨਤ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ ਅਦਾਲਤ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਚੱਲ ਦੇ ਕੇਸ ਦੌਰਾਨ ਕਿਸੇ ਗਵਾਹ ਨੂੰ ਪ੍ਰਭਾਵਿਤ ਨਹੀਂ ਕਰਨਗੇ । 23 ਮਾਰਚ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਚਾਰਜਸ਼ੀਟ ਵਿੱਚ ਸ਼ਾਮਲ 8 ਮੁਲਜ਼ਮਾਂ ਨੂੰ ਪੇਸ਼ ਹੋਣਾ ਹੈ। ਫਰੀਦਕੋਟ ਅਦਾਲਤ ਵੱਲੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਸੁਖਬੀਰ ਸਿੰਘ ਹਾਈਕੋਰਟ ਜਾ ਰਹੇ ਹਨ । ਉਧਰ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਗ੍ਰਿਫਤਾਰੀ ਤੋਂ ਬਚਣ ਦੇ ਲਈ ਫਰੀਦਕੋਟ ਦੀ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।