‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਵਿਸ਼ਵ ਬੈਂਕ (World Bank) ਦੀ ਇੱਕ ਤਾਜ਼ਾ ਰਿਪੋਰਟ (Survey Report) ਵਿੱਚ ਭਾਰਤ ਨੂੰ ਲੈ ਕੇ ਇੱਕ ਵੱਡਾ ਦਾਅਵਾ ਕੀਤਾ ਗਿਆ ਹੈ। ਵਰਲਡ ਬੈਂਕ ਦੀ ਰਿਪੋਰਟ ਵਿੱਚ ਸਾਲ 2020 ਵਿੱਚ ਕਰੋਨਾ ਮਹਾਂਮਾਰੀ ਕਾਰਨ 7 ਕਰੋੜ 10 ਲੱਖ ਲੋਕਾਂ ਦੇ ਕੰਗਾਲ ਅਤੇ ਗਰੀਬ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਵਿੱਚ 79 ਫ਼ੀਸਦੀ ਇਕੱਲੇ ਭਾਰਤੀ ਹੀ ਹਨ।
“Poverty and Shared Prosperity 2022” ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਮਹਾਂਮਾਰੀ ਵਿਸ਼ਵਵਿਆਪੀ ਗਰੀਬੀ ਲਈ ਇੱਕ ਵੱਡਾ ਝਟਕਾ ਸਾਬਤ ਹੋਈ ਹੈ। ਇਸ ਨਾਲ ਵਿਸ਼ਵ ਪੱਧਰ ਉੱਤੇ ਗਰੀਬੀ ਦਰ ਵਿੱਚ ਵਾਧਾ ਹੋਇਆ ਹੈ, ਜੋ ਕਿ 2019 ਵਿੱਚ 8.4 ਪ੍ਰਤੀਸ਼ਤ ਤੋਂ ਵੱਧ ਕੇ 2020 ਵਿੱਚ 9.3 ਪ੍ਰਤੀਸ਼ਤ ਹੋ ਗਈ। ਸਾਲ 2020 ਦੇ ਅੰਤ ਤੱਕ 7 ਕਰੋੜ 10 ਲੱਖ ਲੋਕ ਗਰੀਬੀ ਵਿਚ ਧੱਕੇ ਗਏ ਤੇ ਗਰੀਬਾਂ ਦੀ ਕੁੱਲ ਗਿਣਤੀ 70 ਕਰੋੜ ਤੋਂ ਟੱਪ ਗਈ। ਵਰਲਡ ਬੈਂਕ ਮੁਤਾਬਕ ਕੁੱਲ 7 ਕਰੋੜ 10 ਲੱਖ ਲੋਕਾਂ ਵਿਚੋਂ 5 ਕਰੋੜ 60 ਲੱਖ ਭਾਰਤੀ ਹਨ। ਹਾਲਾਂਕਿ ਚੀਨ ਆਬਾਦੀ ਪੱਖੋਂ ਸਭ ਤੋਂ ਵੱਡਾ ਹੈ ਪਰ ਇਸ ਵਿਚ 2020 ਵਿਚ ਗਰੀਬੀ ਨਹੀਂ ਵਧੀ। ਵਿਸ਼ਵ ਬੈਂਕ ਦੇ ਅਨੁਸਾਰ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿਸ਼ਵ ਗਰੀਬੀ ਦੇ ਵਾਧੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਹਨ।
ਰਿਪੋਰਟ ਵਿੱਚ ਕੰਜ਼ਿਊਮਰ ਪਿਰਾਮਿਡਜ਼ ਹਾਊਸਹੋਲਡ ਸਰਵੇ (Consumer Pyramids Household Survey (CPHS) ਦੇ ਡੇਟਾ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਇੱਕ ਪ੍ਰਾਈਵੇਟ ਡੇਟਾ ਕੰਪਨੀ, ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੁਆਰਾ ਕਰਵਾਏ ਗਏ ਹਨ। CPHS ਡੇਟਾ ਦੀ ਵਰਤੋਂ ਗਰੀਬੀ ਨੂੰ ਮਾਪਣ ਲਈ ਕੀਤੀ ਗਈ ਸੀ, ਕਿਉਂਕਿ ਭਾਰਤ ਸਰਕਾਰ ਨੇ 2011 ਤੋਂ ਗਰੀਬੀ ਬਾਰੇ ਅਧਿਕਾਰਤ ਅੰਕੜੇ ਜਾਰੀ ਨਹੀਂ ਕੀਤੇ ਹਨ।
ਰਿਪੋਰਟ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ 2022 ਵਿੱਚ ਗਰੀਬੀ ਘਟਾਉਣ ਵਿੱਚ ਹੋਰ ਰੁਕਾਵਟ ਆਵੇਗੀ ਕਿਉਂਕਿ ਯੂਕਰੇਨ ਵਿੱਚ ਯੁੱਧ, ਚੀਨ ਵਿੱਚ ਵਿਕਾਸ ਦੀ ਮੰਦੀ ਅਤੇ ਭੋਜਨ ਅਤੇ ਊਰਜਾ ਦੀਆਂ ਕੀਮਤਾਂ ਵਿੱਚ ਵਾਧਾ ਵਿਸ਼ਵ ਵਿਕਾਸ ਨੂੰ ਪ੍ਰਭਾਵਿਤ ਕਰ ਰਿਹਾ ਹੈ।