Punjab

“ਕੀ ਇਹ ਭੇਡਾਂ-ਬੱਕਰੀਆਂ ਹਨ, ਜੋ ਇਨ੍ਹਾਂ ਨੂੰ ਖਰੀਦਿਆ ਜਾਵੇਗਾ”, ਚੀਮਾ ਨੂੰ ਵਿਰੋਧੀਆਂ ਦਾ ਤਕੜਾ ਜਵਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਬੀਜੇਪੀ ਵੱਲੋਂ ਵਿਧਾਇਕਾਂ ਦੀ ਖਰੀਦੋ ਫਰੋਖਤ ਵਾਲੇ ਇਲਜ਼ਾਮਾਂ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੰਮ ਹੀ ਝੂਠ ਬੋਲਣਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਸੱਚ ਹੈ ਤਾਂ ਪੰਜਾਬ ਵਿੱਚ ਆਪ ਦੀ ਸਰਕਾਰ ਹੈ, ਉਹ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋਇਆ ਹੈ ਤੇ ਬੀਤੇ ਦਿਨ ਆਮ ਆਦਮੀ ਪਾਰਟੀ ਦੇ MLA ਦੀ ਆਡਿਓ ਵਾਇਰਲ ਹੋਈ ਹੈ। ਇਸ ਲਈ ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਬੀਜੇਪੀ ਆਗੂ ਅਨਿਲ ਸਰੀਨ  ਨੇ ਵੀ ਜਵਾਬ ਦਿੰਦਿਆਂ ਚੈਲੰਜ ਕੀਤਾ ਕਿ ਜੇ ਦਮ ਹੈ ਤਾਂ ਨਾਮ ਜਨਤਕ ਕਰੋ ਕਿ ਕਿਹੜੇ ਕਿਹੜੇ ਵਿਧਾਇਕ ਨੂੰ ਆੱਫ਼ਰ ਕੀਤੀ ਗਈ ਹੈ ਅਤੇ ਕਿਨ੍ਹਾਂ ਨੇ ਕੀਤੀ ਹੈ। ਸਰੀਨ ਨੇ ਕਿਹਾ ਕਿ ਇਨ੍ਹਾਂ ਨੇ ਤਾਂ ਤਮਾਸ਼ਾ ਬਣਾ ਲਿਆ ਹੈ ਕਿ ਅਸੀਂ ਇਨ੍ਹਾਂ ਨੂੰ ਖਰੀਦਣ ਲੱਗੇ ਹਾਂ, ਕੀ ਇਹ ਭੇਡ ਬੱਕਰੀਆਂ ਹਨ ਜੋ ਇਨ੍ਹਾਂ ਨੂੰ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਕੁਕਰਮ ਨੂੰ ਛੁਪਾਉਣ ਲਈ ਡਰਾਮਾ ਕਰ ਰਹੀ। ਇਸ ਪਾਰਟੀ ਕੋਲ ਸਿਰਫ਼ ਦੋਸ਼ ਲਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ।

ਬੀਜੇਪੀ ਆਗੂ ਸੁਰਜੀਤ ਜਿਆਣੀ ਨੇ ਕਿਹਾ ਕਿ AAP ਨੂੰ ਆਪਣੇ MLA’s ਤੇ ਯਕੀਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਉਹ ਹੁਣ ਝੂਠੇ ਬਿਆਨ ਦੇ ਰਹੀ ਹੈ। ਚੀਮਾ ਨੂੰ ਇਸ ਤਰ੍ਹਾਂ ਦਾ ਬਿਆਨ ਦੇਣ ਉੱਤੇ ਸ਼ਰਮ ਆਉਣੀ ਚਾਹੀਦੀ ਹੈ। ਕੀ ਇਨ੍ਹਾਂ ਨੂੰ ਆਪਣੇ ਹੀ ਬੰਦਿਆਂ ਉੱਤੇ ਇਤਬਾਰ ਨਹੀਂ ਹੈ।

ਬੀਜੇਪੀ ਆਗੂ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਬੀਜੇਪੀ ਨੂੰ ਖਰੀਦਣ ਦੀ ਲੋੜ ਨਹੀਂ, ਸਗੋਂ ਲੋਕ ਆਪ ਬੀਜੇਪੀ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਲੋਕ ਖੁਦ ਨੂੰ ਠੱਗਿਆ ਹੋਇਆ ਮਹਸੂਸ ਕਰ ਰਹੇ ਹਨ।

“ਵਿਧਾਇਕ ਖਰੀਦਣ ਲਈ ਬੀਜੇਪੀ ਨੇ ਰੱਖਿਆ 1375 ਕਰੋੜ ਰੁਪਏ ਦਾ ਬਜਟ”

ਬੀਜੇਪੀ ਆਗੂ ਰਾਜ ਕੁਮਾਰ ਵੇਰਕਾ ਨੇ ਹਰਪਾਲ ਚੀਮਾ ਦੀ ਪ੍ਰੈਸ ਕਾਨਫਰੰਸ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੋਈ 25 ਰੁਪਏ ਨਾ ਦੇਵੇ, ਇਹ 25 ਕਰੋੜ ਦੀ ਗੱਲ ਕਰਦੇ ਹਨ। ਬੀਜੇਪੀ ਨੂੰ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਖਰੀਦਣ ਦੀ ਕੋਈ ਲੋੜ ਨਹੀਂ। ਆਮ ਆਦਮੀ ਪਾਰਟੀ ਦੂਜੇ ਸੂਬਿਆਂ ਵਿੱਚ ਜਾ ਕੇ ਬੀਜੇਪੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਦੂਜੀਆਂ ਪਾਰਟੀਆਂ ਵਿੱਚ ਆਉਣਾ ਚਾਹੁੰਦੇ ਹਨ।