‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਆਮ ਆਦਮੀ ਪਾਰਟੀ ਨੇ ਭਾਜਪਾ ਉਤੇ ਪੰਜਾਬ ਵਿਚ ‘ਅਪਰੇਸ਼ਨ ਲੋਟਸ’ ਚਲਾਉਣ ਦਾ ਇਲਜ਼ਾਮ ਲਾਇਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬੀਜੇਪੀ ਨੇ ਅਪਰੇਸ਼ਨ ਲੋਟਸ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ 7 ਤੋਂ 10 ਵਿਧਾਇਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਉੱਤੇ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਪੰਜਾਬ ਸਮੇਤ ਦਿੱਲੀ ਤੋਂ ਆਪ ਵਿਧਾਇਕਾਂ ਨੂੰ ਫੋਨ ਆ ਰਹੇ ਹਨ। ਚੀਮਾ ਨੇ ਕਿਹਾ ਕਿ ਵਿਧਾਇਕਾਂ ਨੂੰ ਫੋਨ ਕਰਕੇ ਦਿੱਲੀ ਵਿੱਚ ਬਾਬੂ ਜੀ ਨਾਲ ਮੁਲਾਕਾਤ ਕਰਵਾਉਣ ਦੀ ਗੱਲ ਕਹੀ ਗਈ ਹੈ।

ਇਸ ਤੋਂ ਇਲਾਵਾ ਈਡੀ ਦੇ ਸੀਬੀਆਈ ਦਾ ਖ਼ੌਫ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਡੇਗਣ ਲਈ ਬੀਜੇਪੀ ਨੇ 1375 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਚੀਮਾ ਨੇ ਬੀਜੇਪੀ ਨੂੰ ਸਵਾਲ ਕੀਤਾ ਕਿ ਬੀਜੇਪੀ ਨੇ ਇਹ ਪੈਸਾ ਪੰਜਾਬ ਵਿੱਚ ਕਿੱਥੇ ਲੁਕਾ ਕੇ ਰੱਖਿਆ ਹੈ। ਚੀਮਾ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਦਿੱਲੀ ਤੋਂ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਵੱਡੇ ਅਹੁਦਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ। ਚੀਮਾ ਨੇ ਇਸ ਨੂੰ ਜਾਂਚ ਦਾ ਵਿਸ਼ਾ ਦੱਸਦਿਆਂ ਸੀਬੀਆਈ ਅਤੇ ਈਡੀ ਵਰਗੀਆਂ ਏਜੰਸੀਆਂ ਉੱਤੇ ਵੀ ਨਿਸ਼ਾਨਾ ਕਸਦਿਆਂ ਕਿਹਾ ਕਿ ਇਹ ਦੋਵੇਂ ਏਜੰਸੀਆਂ ਕੇਂਦਰ ਸਰਕਾਰ ਦੇ ਅਧੀਨ ਹਨ। ਇਹ ਦੋਵੇਂ ਏਜੰਸੀਆਂ ਪਹਿਲਾਂ ਹੀ ਆਪ ਦੇ ਪਿੱਛੇ ਲੱਗੀਆਂ ਹੋਈਆਂ ਹਨ। ਚੀਮਾ ਨੇ ਬੀਜੇਪੀ ਨੂੰ ਸੀਰੀਅਲ ਕਿੱਲਰ ਕਰਾਰ ਦਿੰਦਿਆਂ ਕਿਹਾ ਕਿ ਬੀਜੇਪੀ ਹਰੇਕ ਸੂਬੇ ਵਿੱਚ ਪੈਸਾ, ਡਰ ਪੈਦਾ ਕਰਕੇ ਸੂਬਾ ਸਰਕਾਰਾਂ ਨੂੰ ਬਦਲਣ ਦਾ ਕੰਮ ਕਰ ਰਹੀ ਹੈ। ਬੀਜੇਪੀ ਨੇ ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ ਲੋਕਤੰਤਰ ਦੀ ਹੱਤਿਆ ਕੀਤੀ ਹੈ।

ਚੀਮਾ ਨੇ ਫੋਨ ਕਰਨ ਵਾਲਿਆਂ ਦਾ ਨਾਮ ਨਾ ਦੱਸਦਿਆਂ ਕਿਹਾ ਕਿ ਸਮਾਂ ਆਉਣ ਦੇ ਸਬੂਤ ਪੇਸ਼ ਕੀਤੇ ਜਾਣਗੇ। ਸਾਡੀ ਲੀਗਲ ਟੀਮ ਦੇਖ ਰਹੀ ਹੈ ਕਿ ਅਸੀਂ ਕਿਹੜੀ ਗੱਲ ਉੱਤੇ ਐਕਸ਼ਨ ਲੈਣਾ ਹੈ, ਇਸ ਲਈ ਫਿਲਹਾਲ ਨਾਮ ਜਨਤਕ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਆਪ ਕਾਨੂੰਨੀ ਰਾਇ ਲੈ ਕੇ ਭਾਜਪਾ ਖ਼ਿਲਾਫ਼ ਅਗਲੀ ਕਾਰਵਾਈ ਕਰੇਗੀ। ਚੀਮਾ ਨੇ ਬੀਜੇਪੀ ਨੂੰ ਖੁੱਲ੍ਹੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਬੀਜੇਪੀ ਵਿੱਚ ਹਿੰਮਤ ਹੈ ਤਾਂ ਉਹ ਆਪ ਦੇ ਵਰਕਰਾਂ ਨੂੰ ਤੋੜ ਕੇ ਵਿਖਾਵੇ।