Punjab

ਮੌਸਮ ਕਾਰਨ ਤਬਾਹ ਹੋਈਆਂ ਫਸਲਾਂ,ਸੜ੍ਹਕਾਂ ‘ਤੇ ਉੱਤਰਿਆ ਅੰਨਦਾਤਾ ਦਾ ਰੋਸ

ਚੰਡੀਗੜ੍ਹ : ਕਿਸਾਨ ਜਥੇਬੰਦੀ ਏਕਤਾ ਉਗਰਾਹਾਂ ਦੇ ਸੱਦੇ ਤੇ ਅੱਜ ਪੰਜਾਬ ਭਰ ਵਿੱਚ ਡੀਸੀ ਦਫਤਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਮਾਨਸਾ ਵਿੱਚ ਵੀ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀ ਵੱਲੋਂ ਰੱਖੀਆਂ ਗਈਆਂ ਮੰਗਾਂ ਵਿੱਚ ਮੌਸਮ ਕਾਰਨ ਤਬਾਹ ਹੋਈਆਂ ਫਸਲਾਂ ਦੇ ਨੁਕਸਾਨ ਲਈ 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਲਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਮੁੱਖ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਦਾ ਜ਼ਿਕਰ ਵੀ ਕਿਸਾਨ ਆਗੂਆਂ ਨੇ ਕੀਤਾ ਹੈੇ।

ਇਸ ਤੋਂ ਇਲਾਵਾ ਕਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵੀ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਤਬਾਹ ਹੋਈਆਂ ਫਸਲਾਂ ਸੰਬੰਧੀ ਮੰਗਾਂ ਦੇ ਲਈ ਸੂਬੇ ਭਰ ਵਿੱਚ ਰੋਸ ਧਰਨੇ ਦਿੱਤੇ ਗਏ ਤੇ ਪੰਜਾਬ ਸਰਕਾਰ ਦਾ ਪੁਤਲੇ ਵੀ ਫੁਕੇ ਗਏ। ਕਿਸਾਨ ਯੂਨੀਅਨ ਦੇ ਸੱਦੇ ਤੇ ਕਈ ਜਗਾ ਮੋਟਰਸਾਈਕਲ ਰੈਲੀ ਵੀ ਕੱਢੀ ਗਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਚ ਹੋਈ ਬੇਮੌਸਮੀ ਬਰਸਾਤ ਕਾਰਨ ਪੰਜਾਬ ਦੇ ਕਿਸਾਨਾਂ ਵਿੱਚ ਇੱਕ ਨਿਰਾਸ਼ਾ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹੋਈ ਬਰਸਾਤ ਨੇ ਨਾ ਸਿਰਫ਼ ਕਣਕਾਂ ਨੂੰ ਵਿਛਾ ਦਿੱਤਾ ਹੈ ਸਗੋਂ ਕਰਜੇ ਚੱਕ ਕੇ ਬੀਜੀਆਂ ਹੋਰ ਫਸਲਾਂ ਤੇ ਸਬਜੀਆਂ ਦਾ ਵੀ ਨੁਕਸਾਨ ਕੀਤਾ ਹੈ ।ਇਸ ਤੋਂ ਇਲਾਵਾ ਝੱਖੜ ਤੇ ਤੂਫਾਨ ਕਾਰਨ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ।