India

ਗੈਂਗਸਟਰਾਂ ਖਿਲਾਫ NIA ਦਾ ਮੋਰਚਾ,ਦੇਖੋ ਕਿੱਥੇ ਕਿੱਥੇ ਹੋਈ ਛਾਪੇਮਾਰੀ…

ਮੁਹਾਲੀ : ਗੈਂਗਸਟਰਾਂ ਖਿਲਾਫ NIA ਨੇ ਮੋਰਚਾ ਪੂਰੀ ਤਰਾਂ ਨਾਲ ਖੋਲ ਦਿੱਤਾ ਹੈ । ਵੱਡਾ ਕਦਮ ਚੁੱਕਦੇ ਹੋਏ NIA ਵੱਲੋਂ ਦੇਸ਼ ਭਰ ‘ਚ ਕਈ ਥਾਵਾਂ ‘ਤੇ ਰੇਡ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ।ਪੰਜਾਬ ‘ਚ ਵੀ 25 ਥਾਵਾਂ ‘ਤੇ ਰੇਡ ਕੀਤੀ ਗਈ ਹੈ,ਜਿਸ ਦੌਰਾਨ ਗੈਂਗਸਟਰ ਲਾਰੈਂਸ, ਜੱਗੂ ਭਗਵਾਨਪੁਰੀਆ ਗੈਂਗ, ਬੰਬੀਹਾ ਗੈਂਗ ਤੇ ਕੌਸ਼ਲ ਗੈਂਗ ਦੇ ਟਿਕਾਣਿਆਂ ‘ਤੇ ਰੇਡ ਕੀਤੀ ਗਈ ਹੈ। ਇਹ ਸਾਰੀ ਕਾਰਵਾਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ‘ਤੇ ਹੋ ਰਹੀ ਹੈ ।

ਮੰਤਰਾਲੇ ਵਲੋਂ ਹੁਕਮ ਜਾਰੀ ਹੋਏ ਹਨ ਕਿ ਗੈਂਗਸਟਰਾਂ ‘ਤੇ ਅੱਤਵਾਦੀਆਂ ਵਾਂਗ ਕਾਰਵਾਈ ਹੋਵੇ। ਇਹ ਕਤਲ, ਲੁੱਟਾਂ ਖੋਹਾਂ, ਡਰੱਗਸ ਤੇ ਜਬਰੀ ਵਸੂਲੀ ਨੂੰ ਅੰਜਾਮ ਦਿੰਦੇ ਨੇ। ਆਪਣੀਆਂ ਪੈਸੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਾਰਦਾਤਾਂ ਕਰ ਰਹੇ ਨੇ। ਇਹਨਾਂ ਵਲੋਂ ਹਾਲ ਹੀ ‘ਚ ਸਨਸਨੀਖੇਜ਼ ਕਤਲ ਦੀਆਂ ਵਾਰਦਾਤਾਂ ਨਾਲ ਆਮ ਲੋਕਾਂ ਨੂੰ ਡਰਾਉਣ ਵਾਲੇ ਮਾਮਲਿਆਂ ਨੂੰ ਲੈ ਕੇ ਇਹ ਛਾਪੇ ਮਾਰੀ ਕੀਤੀ ਜਾ ਰਹੀ ਹੈ।ਦੇਸ਼ ਦੇ ਪੰਜ ਰਾਜਾਂ ਵਿੱਚ 60 ਵੱਖ-ਵੱਖ ਥਾਵਾਂ ‘ਤੇ ਐਨਆਈਏ ਦੇ ਛਾਪੇਮਾਰੀ ਚੱਲ ਰਹੀ ਹੈ। ਗੈਂਗਸਟਰਾਂ ਦੇ ਅੱਤਵਾਦੀ ਸਬੰਧਾਂ ਨੂੰ ਲੈ ਕੇ ਇਹ ਰੇਡਾਂ ਕੀਤੀਆਂ ਜਾ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਦੇਸ਼-ਵਿਦੇਸ਼ ਦੇ ਨਾਲ-ਨਾਲ ਭਾਰਤ ਦੀਆਂ ਜੇਲ੍ਹਾਂ ਵਿੱਚ ਵੀ ਸਰਗਰਮ ਹਨ । ਗੋਲਡੀ ਬਰਾੜ ਸਮੇਤ ਕਈ ਗੈਂਗਸਟਰ ਵਿਦੇਸ਼ ਤੋਂ ਹੀ ਆਪਣੇ ਗੈਂਗ ਚਲਾ ਰਹੇ ਹਨ।

ਐਨਆਈਏ ਦੀ ਟੀਮ ਨੇ ਹਰਿਆਣਾ ਦੇ ਯਮੁਨਾਨਗਰ ਸਥਿਤ ਗੈਂਗਸਟਰ ਕਾਲਾ ਰਾਣਾ ਦੇ ਘਰ ਵੀ ਛਾਪਾ ਮਾਰਿਆ ਹੈ। ਰਾਣਾ ਦੇ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਹੈ ਅਤੇ ਉਸਦੇ ਮਾਪਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗੈਂਗਸਟਰ ਸ਼ੁਭਮ ਦੇ ਮਜੀਠਾ ਰੋਡ ਸਥਿਤ ਘਰ ‘ਤੇ ਵੀ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਟੀਮ ਉਸ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ।

ਦੂਜੇ ਪਾਸੇ ਪੰਜਾਬ ਦੇ ਮੁਕਤਸਰ ‘ਚ ਗੋਲਡੀ ਬਰਾੜ ਦੇ ਘਰ ਅਤੇ ਗੁਰਦਾਸਪੁਰ ‘ਚ ਜੱਗੂ ਭਗਵਾਨਪੁਰੀਆ ਦੇ ਘਰ ਛਾਪੇਮਾਰੀ ਹੋ ਰਹੀ ਹੈ। ਦੋਵੇਂ ਸਿੱਧੂ ਮੂਸੇਵਾਲਾ ਕੇਸ ਦੇ ਦੋਸ਼ੀ ਹਨ। ਪਿਛਲੇ ਦੋ ਮਹੀਨਿਆਂ ਵਿੱਚ ਕੇਂਦਰ ਨੇ ਪੰਜਾਬ ਵਿੱਚ ਗੈਂਗਵਾਰ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਕਈ ਅਲਰਟ ਭੇਜੇ ਹਨ। ਕਈ ਅੱਤਵਾਦੀ ਮਾਮਲਿਆਂ ਦੀ ਜਾਂਚ ‘ਚ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਗਠਜੋੜ ਦਾ ਪਰਦਾਫਾਸ਼ ਹੋਇਆ ਹੈ। ਕਈ ਗੈਂਗਸਟਰ ਸਲਾਖਾਂ ਦੇ ਪਿੱਛੇ ਵੀ ਕੰਮ ਕਰ ਰਹੇ ਹਨ। ਹਾਲ ਹੀ ਵਿੱਚ ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਕਈ ਗੈਂਗਸਟਰਾਂ ਖਿਲਾਫ ਯੂਏਪੀਏ ਵੀ ਲਗਾਇਆ ਹੈ।