India

NIA ਦੀ ਵੱਡੀ ਕਾਰਵਾਈ,ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਟਿਕਾਣਿਆਂ ‘ਤੇ ਛਾਪੇਮਾਰੀ

ਦਿੱਲੀ : ਐਨਆਈਏ ਨੇ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਟਿਕਾਣਿਆਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਐਨਆਈਏ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਤੋਂ ਦਿੱਲੀ ਲੈ ਕੇ ਗਈ ਹੈ। ਲਾਰੈਂਸ ਤੋਂ ਪੁੱਛਗਿੱਛ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ ।

ਕਈ ਨਿਜ਼ੀ ਚੈਨਲਾਂ ਤੇ ਵੀ ਆਪਣੇ ਭਰੋਸੇਯੋਗ ਸੂਤਰਾਂ ਦੇ ਆਧਾਰ ‘ਤੇ ਵੀ ਇਹ ਵੀ ਖ਼ਬਰ ਚਲਾਈ ਜਾ ਰਹੀ ਹੈ ਕਿ ਲਾਰੈਂਸ ਕੋਲੋਂ ਪੁੱਛਗਿੱਛ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ ਹਨ,ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ  ਤੇ ਦੇਸ਼ ਦੇ4 ਸੂਬਿਆਂ ਵਿੱਚ 20 ਤੋਂ ਵੱਧ ਟਿਕਾਣਿਆਂ ਤੇ ਛਾਪੇ ਮਾਰੀ ਹੋ ਰਹੀ ਹੈ।

ਇਸ ਵਿੱਚ ਲਾਰੈਂਸ ਦੇ ਅੱਤਵਾਦੀਆਂ ਦੇ ਨਾਲ ਸਬੰਧਾਂ ਦੀ ਵੀ ਜਾਂਚ ਹੋ ਰਹੀ ਹੈ।ਇਸ ਤੋਂ ਇਲਾਵਾ ਸਿੱਧੂ ਮੂਸੇ ਵਾਲੇ ਦੇ ਕਤਲ ਤੇ ਹੋਰ ਵੀ ਕਈ ਕੇਸਾਂ ਵਿੱਚ ਲਾਰੈਂਸ ਦਾ ਨਾਮ ਬੋਲਦਾ ਹੈ। ਐਨਆਈਏ ਨੂੰ ਲਾਰੈਂਸ ਦਾ 10 ਦਿਨ ਦਾ ਰਿਮਾਂਡ ਮਿਲਿਆ ਹੈ।ਜਿਸ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਸਐਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਵੀ ਜਾਣਕਾਰੀ ਦਿੱਤੀ ਸੀ ਤੇ ਇਹ ਦਾਅਵਾ ਕੀਤਾ ਸੀ ਕਿ ਰੂਪਨਗਰ ਪੁਲੀਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 4 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਜਦਕਿ ਇਨ੍ਹਾਂ ਦਾ ਇੱਕ ਸਾਥੀ ਫਰਾਰ ਹੋਣ ਵਿੱਚ ਸਫਲ ਹੋ ਗਿਆ।

ਜ਼ਿਲ੍ਹਾ ਪੁਲੀਸ ਨੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਟੀਮਾਂ ਬਣਾ ਕੇ ਮੁਹਿੰਮ ਸ਼ੁਰੂ ਕੀਤੀ ਸੀ ਤੇ ਇਸੇ ਮੁਹਿੰਮ ਅਧੀਨ 26 ਨਵੰਬਰ ਨੂੰ ਇਸ ਟੀਮ ਨੇ ਕੁੱਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ,ਜਿਹਨਾਂ ਕੋਲੋਂ 3 ਪਿਸਤੌਲਾਂ, 22 ਕਾਰਤੂਸ, ਇੱਕ ਕਿਰਪਾਨ ਅਤੇ 12 ਲੋਹੇ ਦੀਆਂ ਰਾਡਾਂ ਮਿਲੀਆਂ ਹਨ।

ਉਨ੍ਹਾਂ ਦੱਸਿਆ ਕਿ ਇਹ ਗੈਂਗ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਕਰ ਰਿਹਾ ਸੀ, ਪਰ ਇਸ ਸਬੰਧੀ ਅਗਾਊਂ ਸੂਚਨਾ ਮਿਲਦੇ ਹੀ ਰੂਪਨਗਰ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਪ੍ਰਾਪਤ ਕਰਨ ਮਗਰੋਂ ਸਖਤੀ ਨਾਲ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।