Punjab

ਟੀਨੂੰ ਦੀ ਪ੍ਰੇਮਿਕਾ ਦੇ ਖਾਤੇ ‘ਚ ਪਾਏ ਸਨ 12 ਵਾਰ ਪੈਸੇ, ਇਸ ਲਾਲਚ ਨੇ ਮਾਰੀ ਸੀ ਪ੍ਰਿਤਪਾਲ ਦੀ ਮੱਤ

‘ਦ ਖ਼ਾਲਸ ਬਿਊਰੋ : ਸਰਦੂਲਗੜ੍ਹ ਦੇ ਹੋਟਲ ਤੋਂ ਸ਼ਨੀਵਰ ਦੇਰ ਰਾਤ ਨੂੰ ਫ਼ਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਮਾਮਲੇ ਵਿੱਚ ਮੁਅੱਤਲ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦਾ ਗੈਂਗਸਟਰਾਂ ਦੇ ਨਾਲ ਸਬੰਧ ਹੋਣ ਦਾ ਖ਼ੁਲਾਸਾ ਹੋਇਆ ਹੈ। ਪ੍ਰਿਤਪਾਲ ਸਿੰਘ ਵੱਲੋਂ ਗੈਂਗਸਟਰ ਦੀਪਕ ਟੀਨੂੰ ਦੀ ਪੁਲਿਸ ਕਾਂਸਟੇਬਲ ਪ੍ਰੇਮਿਕਾ ਦੇ ਖਾਤੇ ਵਿੱਚ 12 ਵਾਰ ਪੈਸੇ ਪਾਏ ਜਾਣ ਦਾ ਖੁਲਾਸਾ ਹੋਇਆ ਹੈ। ਗੈਂਗਸਟਰ ਟੀਨੂੰ ਦੀ ਪ੍ਰੇਮਿਕਾ ਪੁਲਿਸ ਦੇ ਵਾਇਰਲੈੱਸ ਵਿੰਗ ਵਿੱਚ ਤਾਇਨਾਤ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਗੈਂਗਸਟਰ ਟੀਨੂੰ ਨੇ ਪੁਲਿਸ ਦੀ ਗ੍ਰਿਫਤ ਵਿੱਚੋਂ ਭੱਜਣ ਦੇ ਲਈ ਪ੍ਰਿਤਪਾਲ ਦਾ ਇਸਤੇਮਾਲ ਕੀਤਾ ਸੀ। ਟੀਨੂੰ ਨੇ ਪ੍ਰਿਤਪਾਲ ਨੂੰ ਝਾਂਸਾ ਦਿੱਤਾ ਸੀ ਕਿ ਪਾਕਿਸਤਾਨ ਤੋਂ ਜਲਦ ਹੀ ਡ੍ਰੋਨ ਦੇ ਰਾਹੀਂ ਹਥਿਆਰਾਂ ਦੀ ਤਸਕਰੀ ਹੋਵੇਗੀ, ਜਿਸਦੀ ਪੁਖਤਾ ਜਾਣਕਾਰੀ ਉਹ ਪ੍ਰਿਤਪਾਲ ਸਿੰਘ ਨਾਲ ਸਾਂਝੀ ਕਰੇਗਾ। ਇਸੇ ਲਾਲਚ ਵਿੱਚ ਪ੍ਰਿਤਪਾਲ ਸਿੰਘ ਨੇ ਟੀਨੂੰ ਨੂੰ ਮੋਬਾਇਲ ਮੁਹੱਈਆ ਕਰਵਾਇਆ ਸੀ। ਇਹ ਸਭ ਬਰਖਾਸਤ ਏਐੱਸਆਈ ਨੇ ਪੁੱਛ ਪੜਤਾਲ ਵਿੱਚ ਮੰਨਿਆ ਹੈ।

ਡੀਜੀਪੀ ਨੇ ਵਰਤੀ ਸਖ਼ਤੀ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਅਤੇ ਗੈਂਗਸਟਰ ਟੀਨੂੰ ਨੂੰ ਗ੍ਰਿਫਤਾਰ ਕਰਨ ਦੇ ਲਈ ਇੱਕ ਐੱਸਆਈਟੀ ਦਾ ਵੀ ਗਠਨ ਕੀਤਾ ਹੈ, ਜਿਸ ਵਿੱਚ ਚਾਰ ਮੈਂਬਰ ਸ਼ਾਮਿਲ ਕੀਤੇ ਗਏ ਹਨ। ਡੀਜੀਪੀ ਨੇ ਦਾਅਵਾ ਕੀਤਾ ਹੈ ਕਿ ਗੈਂਗਸਟਰ ਫਰਾਰ ਹੋਣ ਦੇ ਮਾਮਲੇ ਵਿੱਚ ਜਿਸ ਵੀ ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਪਾਈ ਗਈ, ਉਸਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਜਾਵੇਗਾ।

SIT ‘ਚ ਸ਼ਾਮਿਲ ਮੈਂਬਰ

ਐੱਸਆਈਟੀ ਨੂੰ ਪਟਿਆਲਾ ਰੇਂਜ ਦੇ ਆਈਜੀਪੀ ਐੱਮਐੱਸ ਛੀਨਾ ਲੀਡ ਕਰਨਗੇ। ਉਨ੍ਹਾਂ ਦੀ ਟੀਮ ਵਿੱਚ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਉਪਿੰਦਰਜੀਤ ਸਿੰਘ, ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ, ਡੀਐੱਸਪੀ ਏਜੀਟੀਐੱਫ਼ ਬਿਕਰਮਜੀਤ ਸਿੰਘ ਬਰਾੜ ਸ਼ਾਮਿਲ ਹਨ। ਐੱਸਆਈਟੀ ਨੂੰ ਥਾਣਾ ਸਿਟੀ 1 ਮਾਨਸਾ ਦੇ ਮੁਖੀ ਪੂਰਾ ਸਹਿਯੋਗ ਕਰਨਗੇ। ਐੱਸਆਈਟੀ ਦੇ ਕੰਮ ਦੀ ਹਰ ਰੋਜ਼ ਨਿਗਰਾਨੀ ਕੀਤੀ ਜਾਵੇਗੀ। ਮਾਨਸਾ ਦੇ ਕਈ ਅਫ਼ਸਰ ਪੁਲਿਸ ਦੀ ਰਾਡਾਰ ਉੱਤੇ ਹਨ।

ਇਨ੍ਹਾਂ ਗੈਂਗਸਟਰਾਂ ਦੀ ਪੇਸ਼ੀ ਚ ਕੀਤਾ ਗਿਆ ਬਦਲਾਅ

ਹੁਣ ਵੱਡੇ ਗੈਂਗਸਟਰਾਂ ਦੀ ਪੇਸ਼ੀ ਵੀਸੀ ਦੇ ਜ਼ਰੀਏ ਹੋਵੇਗੀ। ਗੈਂਗਸਟਰਾਂ ਨੂੰ ਫਿਜ਼ੀਕਲੀ ਪੇਸ਼ ਕਰਨਾ ਜ਼ਰੂਰੀ ਹੋਣ ਉੱਤੇ ਕਮਾਂਡੋ ਜਾਂ ਸਪੈਸ਼ਲ ਟਰੇਨਿੰਗ ਹਾਸਿਲ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ।

ਟੀਨੂੰ ਜੇਲ੍ਹ ਵਰਤਦਾ ਸੀ ਫੋਨ

ਜਾਂਚ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਟੀਨੂੰ ਜੇਲ੍ਹ ਵਿੱਚ ਅਕਸਰ ਫ਼ੋਨ ਦੀ ਵਰਤੋਂ ਕਰਦਾ ਸੀ। ਟੀਨੂੰ ਦੀਆਂ ਤਿੰਨ ਪ੍ਰੇਮਿਕਾਵਾਂ ਸਨ। ਪੁਲਿਸ ਕਾਂਸਟੇਬਲ ਪ੍ਰੇਮਿਕਾ ਅੰਮ੍ਰਿਤਸਰ ਵਿੱਚ ਤਾਇਨਾਤ ਹੈ। ਉਸ ਦੇ ਨਾਲ ਟੀਨੂੰ ਦੀ ਮੁਲਾਕਾਤ ਜੇਲ੍ਹ ਵਿੱਚ ਹੀ ਹੋਈ ਸੀ।

ਪ੍ਰਿਤਪਾਲ ਖਿਲਾਫ਼ ਆਰਮਜ਼ ਐਕਟ ਤਹਿਤ ਵੀ ਦਰਜ ਹੈ ਕੇਸ

ਪ੍ਰਿਤਪਾਲ ਸਿੰਘ ਖ਼ਿਲਾਫ਼ ਆਰਮਜ਼ ਐਕਟ ਦੇ ਤਹਿਤ ਵੀ ਕੇਸ ਦਰਜ ਹੈ। ਉਸਦੀ ਸਰਕਾਰੀ ਰਿਹਾਇਸ਼ ਵਿੱਚੋਂ 2 ਗੈਰ ਕਾਨੂੰਨੀ ਪਿਸਤੌਲ ਅਤੇ 1 ਰਿਵਾਲਵਰ ਬਰਾਮਦ ਹੋਏ ਸਨ। ਪੁਲਿਸ ਨੇ ਪ੍ਰਿਤਪਾਲ ਦੀ ਗੈਂਗਸਟਰ ਨੂੰ ਲਿਆਉਣ ਦੇ ਲਈ ਇਸਤੇਮਾਲ ਕੀਤੀ ਗਈ ਬ੍ਰੇਜਾ ਗੱਡੀ ਨੂੰ ਵੀ ਜ਼ਬਤ ਕਰ ਲਿਆ ਹੈ।

ਮੂਸੇਵਾਲਾ ਦੇ ਮਾਤਾ ਪਿਤਾ ਨਾਖ਼ੁਸ਼

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਪੁਲਿਸ ਤੋਂ ਵਿਸ਼ਵਾਸ ਉੱਠ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਗੈਂਗਸਟਰ ਪੁਲਿਸ ਦੀ ਗ੍ਰਿਫਤ ਵਿੱਚੋਂ ਕਿਵੇਂ ਭੱਜ ਸਕਦਾ ਹੈ ? ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਪੁਲਿਸ ਪੜਤਾਲ ਵਿੱਚ ਹੱਸਦਾ ਹੋਇਆ ਵਿਖਾਈ ਦਿੱਤਾ ਹੈ ਅਤੇ ਉਸਦੇ ਹੱਥਕੜੀ ਵੀ ਨਹੀਂ ਲੱਗੀ ਹੋਈ ਸੀ। ਉਨ੍ਹਾਂ ਨੇ ਡੀਜੀਪੀ ਨਾਲ ਕੋਈ ਨਰਾਜ਼ਗੀ ਜਾਹਿਰ ਨਹੀਂ ਕੀਤੀ ਪਰ ਜ਼ਿਲ੍ਹਾ ਪੁਲਿਸ ਉੱਤੇ ਭਰੋਸਾ ਨਾ ਹੋਣ ਦਾ ਦਾਅਵਾ ਜ਼ਰੂਰ ਕੀਤਾ ਹੈ।