Punjab

ਦੀਪਕ ਟੀਨੂੰ ਦੀ ਮਦਦ ਕਰਨ ਵਾਲੇ ਦੋਸ਼ੀਆਂ ਦੀ ਅਦਾਲਤ ਵਿੱਚ ਪੇਸ਼ੀ

ਮਾਨਸਾ :  ਗੈਂਗਸਟਰ  ਦੀਪਕ ਟੀਨੂੰ ਨੂੰ ਫ਼ਰਾਰ ਹੋਣ ਵਿੱਚ ਮਦਦ ਕਰਨ ਦੇ ਇਲਜ਼ਾਮ ਹੇਠ ਕੱਲ ਗ੍ਰਿਫ਼ਤਾਰ ਕੀਤੇ ਗਏ ਕੁਲਦੀਪ ਸਿੰਘ, ਰਾਜਵੀਰ ਸਿੰਘ ਅਤੇ ਰਜਿੰਦਰ ਸਿੰਘ ਨੂੰ ਵੀ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਅਦਾਲਤ ਨੇ ਇਹਨਾਂ ਤਿੰਨਾਂ ਨੂੰ 19 ਅਕਤੂਬਰ ਤੱਕ ਸੱਤ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

ਇਸ ਦੇ ਨਾਲ ਹੀ ਇਹਨਾਂ ਹੀ ਇਲਜ਼ਾਮਾਂ ਹੇਠ ਮਾਨਸਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦਾ ਵੀ ਅੱਜ ਮੈਡੀਕਲ ਹੋਇਆ ਹੈ,ਜਿਸ ਤੋਂ ਬਾਅਦ ਉਸ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪ੍ਰਿਤਪਾਲ ਸਿੰਘ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ ਹੈ।

ਪ੍ਰਿਤਪਾਲ ਸਿੰਘ, ਸਾਬਕਾ ਸੀਆਈਏ ਸਟਾਫ ਇੰਚਾਰਜ

AGTF ਦੀ ਟੀਮ ਨੇ ਪੁਲਿਸ ਹਿਰਾਸਤ ਵਿੱਚੋਂ ਗੈਂਗਸਟਰ ਦੀਪਕ ਟੀਨੂੰ ਨੂੰ ਭੱਜਣ ਵਿੱਚ ਮਦਦ ਕਰਨ ਵਾਲੇ ਤਿੰਨ ਵਿਅਕਤੀਆਂ ਕੁਲਦੀਪ ਸਿੰਘ ਉਰਫ਼ ਕੋਹਲੀ,ਰਾਜਵੀਰ ਸਿੰਘ ਉਰਫ਼ ਕਾਜ਼ਮਾ ਅਤੇ ਰਜਿੰਦਰ ਸਿੰਘ ਉਰਫ਼ ਗੋਰਾ ਵਾਸੀ ਲੁਧਿਆਣਾ ਨੂੰ ਕੱਲ ਹੀ ਗ੍ਰਿਫਤਾਰ ਕੀਤਾ ਸੀ ਤੇ ਇਨ੍ਹਾਂ ਦੇ ਕਬਜ਼ੇ ‘ਚੋਂ ਵਾਰਦਾਤ ‘ਚ ਵਰਤੀ ਗਈ ਕਾਲੇ ਰੰਗ ਦੀ ਸਕੋਡਾ ਕਾਰ ਵੀ ਬਰਾਮਦ ਹੋਈ ਸੀ।

ਕੁਲਦੀਪ ਕੋਹਲੀ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਜਿੰਮ ਦਾ ਮਾਲਕ ਹੈ ਪਰ ਜਿੰਮ ਚਲਾਉਣ ਦੀ ਆੜ ਵਿੱਚ ਨਸ਼ਿਆਂ ਦਾ ਵਪਾਰ ਕਰਦਾ ਸੀ। ਇਹ ਤਿੰਨੋਂ ਮੁਲਜ਼ਮ ਟੀਨੂੰ ਦੇ ਨਜ਼ਦੀਕੀ ਸਾਥੀ ਸਨ ਅਤੇ ਉਨ੍ਹਾਂ ਨੇ ਟੀਨੂੰ ਨੂੰ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਸੀ ।

ਇਸੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਗ੍ਰਿਫਤਾਰ ਹੋਏ ਸੀਆਈਏ ਸਟਾਫ ਦੇ ਸਾਬਕਾ ਇੰਚਾਰਜ ਪ੍ਰਿਤਪਾਲ ਸਿੰਘ ਤੇ ਵੀ ਇਹ ਇਲਜ਼ਾਮ ਲੱਗਿਆ ਹੈ ਕਿ ਉਸ ਨੇ ਟੀਨੂੰ ਨੂੰ ਫਰਾਰ ਹੋਣ ਵਿੱਚ ਮਦਦ ਕੀਤੀ ਸੀ। ਉਹ ਹੀ ਉਸ ਨੂੰ ਆਪਣੀ ਰਿਹਾਇਸ਼ ਤੇ ਲੈ ਕੇ ਗਿਆ ਸੀ ਤੇ ਉਥੋਂ ਹੀ ਦੀਪਕ ਟੀਨੂੰ ਫਰਾਰ ਹੋਇਆ ਸੀ।