Punjab

ਪੰਜਾਬ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਲੱਗੇ ਸਵਾਲੀਆ ਨਿਸ਼ਾਨ,ਨਾਮੀ ਗੈਂਗਸਟਰ ਹੋਇਆ ਫਰਾਰ

Sidhu moose wala Case

ਦ ਖ਼ਾਲਸ ਬਿਊਰੋ : ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲਾ (sidhu moose wala)ਕਤਲ ਕਾਂਡ ਵਿੱਚ ਨਾਮਜ਼ਦ ਮੁਲਜ਼ਮ ਦੀਪਕ ਟੀਨੂੰ CIA ਸਟਾਫ਼ ਦੀ ਹਿਰਾਸਤ ‘ਚੋਂ ਫਰਾਰ ਹੋ ਗਿਆ ਹੈ। ਇਸ ਖ਼ਬਰ ਨੇ ਪੰਜਾਬ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਪਰ ਕਈ ਨਿੱਜ਼ੀ ਚੈਨਲਾਂ ਤੇ ਇਸ ਖ਼ਬਰ ਨੂੰ ਇੱਕ ਵੱਡੀ ਖ਼ਬਰ ਵਜੋਂ ਚਲਾਇਆ ਜਾ ਰਿਹਾ ਹੈ। ਆਪਣੇ ਭਰੋਸੇਯੋਗ ਸੂਤਰਾਂ ਦੇ ਆਧਾਰ ਤੇ ਇਹਨਾਂ ਚੈਨਲਾਂ ਤੇ ਇਹ ਵੀ ਖ਼ਬਰ ਚਲਾਈ ਜਾ ਰਹੀ ਹੈ ਕਿ ਸਿੱਧੂ ਮਰਡਰ ਮਾਮਲੇ ‘ਚ ਏ ਕੈਟਾਗਰੀ ਦੇ ਗੈਂਗਸਟਰ ਦੀਪਕ ਟੀਨੂੰ ਨੂੰ ਮਾਨਸਾ ਪੁਲਿਸ ਵੱਲੋਂ ਪੁੱਛਗਿੱਛ ਲਈ ਲਿਆਂਦਾ ਗਿਆ ਸੀ ਅਤੇ ਉਸ ਨੂੰ ਕਿਸੇ ਜਗਾ ਨਿਸ਼ਾਨਦੇਹੀ ਲਈ ਲਿਜਾਇਆ ਜਾ ਰਿਹਾ ਸੀ ਰਸਤੇ ‘ਚ ਚਕਮਾ ਦੇ ਕੇ ਦੀਪਕ ਟੀਨੂੰ ਫਰਾਰ ਹੋ ਗਿਆ |

ਇਸ ਤੋਂ ਬਾਅਦ ਗੈਂਗਸਟਰ ਦੀ ਭਾਲ ਨੂੰ ਲੈ ਕੇ ਪੂਰੇ ਪੰਜਾਬ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਮ ਦੀਪਕ ਟੀਨੂੰ ਨੂੰ ਮਾਨਸਾ ਪੁਲਿਸ ਗੋਇੰਦਵਾਲ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਤੇ ਮਾਨਸਾ ਲੈ ਕੇ ਆਈ ਸੀ ਤੇ ਉਹ ਮਾਨਸਾ ਦੇ ਥਾਣਾ ਸੀਆਈਏ ਸਟਾਫ ਵਿਚ ਬੰਦ ਸੀ।

ਸਿੱਧੂ ਮੂਸੇ ਵਾਲਾ ਕਤਲ ਕੇਸ ਵਿੱਚ ਪੰਜਾਬ ਪੁਲੀਸ ਨੇ ਉਸ ਨੂੰ 4 ਜੁਲਾਈ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਟਰਾਂਜ਼ਿਟ ਰਿਮਾਂਡ ’ਤੇ ਲਿਆਂਦਾ ਸੀ। ਦੀਪਕ ਤੋਂ ਕਤਲ ਮਾਮਲੇ ‘ਚ ਪੁੱਛਗਿੱਛ ਕੀਤੀ ਜਾਣੀ ਸੀ।

ਇਸ ਘਟਨਾ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੇ ਮਾਤਾ ਚਰਣ ਕੌਰ ਨੇ ਤਿੱਖਾ ਰੋਸ ਜ਼ਾਹਰ ਕਰਦੇ ਹੋਏ ਕਿਹਾ ਹੈ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ ਤੇ ਗੈਂਗਸਟਰ ਸ਼ਰ੍ਹੇਆਮ ਜੇਲ੍ਹਾਂ ਦੇ ਵਿੱਚੋਂ ਫ਼ਰਾਰ ਹੋ ਰਹੇ ਹਨ। ਉਹਨਾਂ ਇਹ ਵੀ ਕਿਹਾ ਹੈ ਕਿ ਕਈ ਨਾਮਵਰ ਲੋਕਾਂ ਦੇ ਪੰਜਾਬ ਪੁਲਿਸ ਨੂੰ ਨਾਮ ਵੀ ਦਰਜ ਕਰਵਾਏ ਹਨ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਆਪਣੇ ਮਰਹੂਮ ਬੇਟੇ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਚਾਹੇ ਇਸ ਲਈ ਬੇਸ਼ੱਕ ਉਨ੍ਹਾਂ ਨੂੰ ਆਪਣੀ ਜਾਨ ਹੀ ਕੁਰਬਾਨ ਕਿਉਂ ਨਾ ਕਰਨੀ ਪਵੇ ਪਰ ਉਹ ਪਿਛੇ ਨਹੀਂ ਹਟਣਗੇ। ਆਉਣ ਵਾਲੇ ਦਿਨਾਂ ਦੇ ਵਿਚ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਕੈਂਡਲ ਮਾਰਚ ਕੀਤਾ ਜਾਵੇਗਾ ਜਿਸ ਲਈ ਉਨ੍ਹਾਂ ਵੱਲੋਂ ਇੱਕ ਵ੍ਹੱਟਸਐਪ ਨੰਬਰ ਵੀ ਜਾਰੀ ਕੀਤਾ ਜਾ ਰਿਹਾ ਹੈ।