India Khaas Lekh

’22 ‘ਚ ਭਾਰਤ ਦੀਆਂ 23 ਵੱਡੀਆਂ ਖ਼ਬਰਾਂ : ਜਾਣੋ ਸਿਆਸਤ ਦੀ ਹਰ ਚਾਲ ! ਇਨਸਾਫ ਦੇ ਹਥੌੜੇ ਦੇ ਵੱਡੇ ‘ਵਾਰ’,ਦੇਸ਼ ਦੇ ਸਿੱਖਾਂ ਨਾਲ ਜੁੜੇ 5 ਵੱਡੇ ਫੈਸਲੇ

ਬਿਊਰੋ ਰਿਪੋਰਟ : ਸਾਲ 2022 ਖਤਮ ਹੋ ਰਿਹਾ ਰਿਹਾ ਹੈ ਅਤੇ ਲੋਕ ਉਮੀਦਾਂ ਦੇ ਨਾਲ 2023 ਨੂੰ ਵੇਖ ਰਹੇ ਹਨ । ਇਸ ਦੌਰਾਨ ਭਾਰਤ ਦੇ ਕਈ ਸੂਬਿਆਂ ਦੀ ਸਿਆਸਤ ਲੋਕਾਂ ਨੇ ਬਦਲੀ,ਕਈਆਂ ਨੂੰ ਸਿਆਸੀ ਸ਼ੈਅ ਅਤੇ ਮਾਤ ਦੇ ਖੇਡ ਨਾਲ ਬਦਲ ਦਿੱਤਾ ਗਿਆ, ਪਹਿਲਾਂ ਤੋਂ ਹਾਸ਼ੀਏ ਵੱਲ ਵਧ ਰਹੀਆਂ ਸਿਆਸੀ ਪਾਰਟੀਆਂ ਹੋਰ ਕਮਜ਼ੋਰ ਹੋਈਆਂ ਤਾਂ ਕੁਝ ਨਵੀਆਂ ਪਾਰਟੀਆਂ ਦੂਜੇ ਸੂਬਿਆਂ ਵਿੱਚ ਪੈਰ ਪਸਾਰਨ ਵਿੱਚ ਸਫਲ ਰਹੀਆਂ। CBI,ED,NIA ਵਰਗੀ ਕੇਂਦਰੀ ਜਾਂਚ ਏਜੰਸੀਆਂ ਦੀ 2022 ਵਿੱਚ ਚੜਾਈ ਰਹੀ,ਪਰ ਵਿਰੋਧੀਆਂ ‘ਤੇ । ਦੇਸ਼ ਵਿੱਚ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਬਣਿਆ ਤਾਂ ਨਫਰਤੀ ਆਵਾਜ਼ਾਂ ਵੀ ਬੁਲੰਦ ਹੋਇਆ,ਹਾਈਕੋਰਟ ਤੋਂ ਲੈਕੇ ਸੁਪਰੀਮ ਕੋਰਟ ਤੱਕ ਦੇ ਫੈਸਲੇ ਵੀ ਚਰਚਾ ਵਿੱਚ ਰਹੇ,ਸਾਲ ਖਤਮ ਹੁੰਦੇ-ਹੁੰਦੇ ਇੱਕ ਵਾਰ ਮੁੜ ਤੋਂ ਕੋਰੋਨਾ ਦੀ ਦਸਤਕ ਸੁਣਵਾਈ ਦਿੱਤੀ । ਦੇਸ਼ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਵੀ ਬਣਾਇਆ ਤਾਂ ਸਾਹਿਬਜ਼ਾਦੀਆਂ ਦੀ ਸ਼ਹਾਦਤ ਨੂੰ ਪਹਿਲੀ ਵਾਰ ਕੌਮੀ ਪੱਧਰ ‘ਤੇ ਸ਼ਰਧਾਜਲੀ ਦੇਣ ਲਈ ਦਿਨ ਮੁਕਰਰ ਕੀਤਾ ਗਿਆ । ਇੰਨਾਂ ਸਾਰੀਆਂ ਯਾਦਾਂ ਨੂੰ ਸਿਲਸਿਲੇਵਾਰ ਤੁਹਾਡੇ ਸਾਹਮਣੇ ਰੱਖਾਂਗੇ।

1. ਸਭ ਤੋਂ ਪਹਿਲਾਂ ਗੱਲ ਭਾਰਤ ਦੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਦੀ, ਜਿੱਥੋਂ ਦੇਸ਼ ਦੀ ਸਿਆਸਤ ਦਾ ਫੈਸਲਾ ਹੁੰਦਾ ਹੈ । 2024 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਲਈ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵੱਡਾ ਇਮਤਿਹਾਨ ਸੀ । ਯੋਗੀ ਅਦਿੱਤਿਆਨਾਥ ਦੀ ਅਗਵਾਈ ਵਿੱਚ ਬੀਜੇਪੀ ਨੇ ਇਸ ਨੂੰ ਪਾਸ ਕਰ ਲਿਆ । ਮੁਕਾਬਲੇ ਵਿੱਚ ਸਿਰਫ਼ ਸਮਾਜਵਾਦੀ ਪਾਰਟੀ ਸੀ । BSP,ਕਾਂਗਰਸ ਦੂਰ-ਦੂਰ ਤੱਕ ਨਜ਼ਰ ਨਹੀਂ ਆਈ, 10 ਮਾਰਚ ਨੂੰ ਜਦੋਂ ਨਤੀਜੇ ਆਏ ਤਾਂ ਬੀਜੇਪੀ ਨੇ 403 ਵਿਧਾਨਸਭਾ ਸੀਟਾਂ ਵਿੱਚੋਂ 255 ਦੇ ਜ਼ਬਰਦਸਤ ਜਿੱਤ ਹਾਸਲ ਕੀਤੀ। ਦੂਜੇ ਨੰਬਰ ‘ਤੇ 111 ਸੀਟਾਂ ਨਾਲ ਸਮਾਜਵਾਦੀ ਪਾਰਟੀ ਰਹੀ। 2 ਵਾਰ ਦੀ ਮੁੱਖ ਮੰਤਰੀ ਮਾਇਆਵਤੀ ਦੀ BSP ਦੇ ਖਾਤੇ ਵਿੱਚ 1 ਸੀਟ ਗਈ। ਆਪਣਾ ਦਲ 12 ਅਤੇ RLD ਦੇ ਖਾਤੇ ਵਿੱਚ 8 ਸੀਟਾਂ ਆਇਆ, ਯੋਦੀ ਅਦਿੱਤਿਆਨਾਥ ਨੇ ਲਗਾਤਾਰ ਦੂਜੀ ਵਾਰ ਮੁੱਖ ਮੰਤਰੀ ਬਣ ਕੇ ਇਤਿਹਾਸ ਸਿਰਜਿਆ,ਉਤਰਾਖੰਡ ਵਿੱਚ ਵੀ ਬੀਜੇਪੀ ਨੇ ਰਿਵਾਜ਼ ਤੋੜਿਆ,ਲਗਾਤਾਰ ਦੂਜੀ ਵਾਰ ਬੀਜੇਪੀ ਦੀ ਸਰਕਾਰ ਬਣੀ । ਪਰ ਇਹ ਵੱਖਰੀ ਗੱਲ ਹੈ ਕਿ ਬੀਜੇਪੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਪੁਸ਼ਕਰ ਸਿੰਘ ਧਾਮੀ ਹਾਰ ਗਏ,ਪਰ ਫਿਰ ਵੀ ਪਾਰਟੀ ਨੇ ਉਨ੍ਹਾਂ ਨੂੰ ਹੀ ਮੁੜ ਮੁੱਖ ਮੰਤਰੀ ਬਣਾਇਆ। ਪਾਰਟੀ ਨੂੰ 70 ਵਿੱਚੋ 47 ਸੀਟਾਂ ਤੇ ਜਿੱਤ ਮਿਲੀ, ਰਿਵਾਜ਼ ਮੁਤਾਬਿਕ ਸੱਤਾ ਵਿੱਚ ਆਉਣ ਦਾ ਸੁਪਣਾ ਵੇਖ ਰਹੀ ਕਾਂਗਰਸ ਨੂੰ ਸਿਰਫ਼ 19 ਸੀਟਾਂ ਹੀ ਮਿਲਿਆ। 2 BSP ਅਤੇ 2 ਆਜ਼ਾਦ ਉਮੀਦਵਾਰ ਜਿੱਤੇ । ਉਧਰ ਗੋਵਾ ਵੀ ਬੀਜੇਪੀ ਨੇ ਸੱਤਾ ਵਿੱਚ ਲਗਾਤਾਰ ਤੀਜੀ ਵਾਰ ਵਾਪਸੀ ਕੀਤੀ । ਬੀਜੇਪੀ ਨੇ 40 ਵਿੱਚੋਂ 20 ਸੀਟਾਂ ਜਿੱਤਿਆ,ਕਾਂਗਰਸ ਕੋਲ 11, 2 ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਗਈਆਂ, ਆਪ ਨੇ ਗੋਵਾ ਵਿੱਚ ਆਪਣਾ ਖਾਤਾ ਖੋਲਿਆ । ਬੀਜੇਪੀ ਦੇ ਪਰਮੋਦ ਸਾਵੰਤ ਨੇ ਦੂਜੀ ਵਾਰ ਮੁੱਖ ਮੰਤਰੀ ਦੀ ਸਹੁੰ ਚੁੱਕੀ ।

2. ਤਿੰਨ ਸੂਬਿਆਂ ਵਿੱਚ ਬੀਜੇਪੀ ਨੇ ਜਨਤਾ ਦੇ ਵੋਟਾਂ ਦੇ ਨਾਲ ਸੱਤਾ ਹਾਸਲ ਕੀਤੀ ਤਾਂ ਮਹਾਰਾਸ਼ਟਰਾ ਵਿੱਚ ਬੀਜੇਪੀ ਦਾ ਆਪਰੇਸ਼ਨ ਲੋਟਰ ਵਜ਼ਾਰਤ ਵਿੱਚ ਆਉਣ ਦਾ ਜ਼ਰੀਆ ਬਣਿਆ। ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਬੀਜੇਪੀ ਨੇ ਸ਼ਿਵਸੈਨਾ ਨੂੰ 2 ਫਾੜ ਕਰ ਦਿੱਤਾ। ਕਈ ਦਿਨਾਂ ਤੱਕ ਸਿਆਸੀ ਡਰਾਮਾ ਚੱਲਿਆ ਅਤੇ ਉਧਵ ਠਾਕਰੇ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪਿਆ । ਅਖੀਰ ਵਿੱਚ ਏਕਨਾਥ ਸ਼ਿੰਦੇ ਦੀ ਸ਼ਿਵੈਸਾਨ ਨਾਲ ਬੀਜੇਪੀ ਨੇ ਸਰਕਾਰ ਬਣਾਈ, ਬੀਜੇਪੀ ਨੇ ਠਾਕਰੇ ਦੀ ਸ਼ਿਵਸੈਨਾ ਨੂੰ ਤੋੜਨ ਵਾਲੇ ਏਕਨਾਥ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਇਆ ਅਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੰਡਨਵਿਸ ਨੂੰ ਉੱਪ ਮੁੱਖ ਮੰਤਰੀ ਬਣਾਇਆ ਗਿਆ। ਉਧਰ ਮਹਾਰਾਸ਼ਟਰ ਵਿੱਚ ਸੱਤਾ ਬਦਲੀ ਤਾਂ ਬਿਹਾਰ ਵਿੱਚ ਬੀਜੇਪੀ ਨਾਲ ਨਿਤੀਸ਼ ਕੁਮਾਰ ਨੇ ਖੇਡ ਕਰ ਦਿੱਤਾ । ਨਿਤੀਸ਼ ਇੱਕ ਵਾਰ ਮੁੜ ਤੋਂ ਸਿਆਸੀ ਪਾਲਾ ਬਦਲ ਕੇ RJD ਨਾਲ ਆ ਗਏ ਅਤੇ 5ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ।

3. ਸਾਲ ਦੇ ਅਖੀਰ ਵਿੱਚ ਗੁਜਰਾਤ ਅਤੇ ਹਿਮਾਚਲ ਦੀਆਂ ਵਿਧਾਸਭਾ ਚੋਣਾਂ ਨੇ ਦੇਸ਼ ਦੀ ਸਿਆਸਤ ਨੂੰ ਮੁੜ ਤੋਂ ਗਰਮਾ ਦਿੱਤਾ। ਦੋਵਾਂ ਸੂਬਿਆਂ ਵਿੱਚ ਹਾਲਾਂਕਿ ਸਿੱਧਾ ਮੁਕਾਬਲਾ ਬੀਜੇਪੀ ਅਤੇ ਕਾਂਗਰਸ ਦੇ ਵਿੱਚ ਸੀ । ਪਰ ਆਮ ਆਦਮੀ ਪਾਰਟੀ ਨੇ ਗੁਜਰਾਤ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ ਅਤੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਪਰ ਚੋਣਾਂ ਦੇ ਨਤੀਜੇ ਆਉਂਦੇ- ਆਉਂਦੇ ਬਾਜ਼ੀ ਮੁੜ ਤੋਂ ਬੀਜੇਪੀ ਦੇ ਹੱਥ ਵਿੱਚ ਸੀ। ਪਾਰਟੀ ਨੇ 35 ਸਾਲ ਪੁਰਾਣੀ ਜਿੱਤ ਦਾ ਰਿਕਾਰਡ ਤੋੜਿਆ 182 ਸੀਟਾਂ ਵਿੱਚੋਂ ਬੀਜੇਪੀ ਨੇ 156 ਸੀਟਾਂ ਜਿੱਤਿਆ ਕਾਂਗਰਸ 17 ਸੀਟਾਂ ਦੇ ਨਾਲ ਦੂਜੇ ਨੰਬਰ ‘ਤੇ ਰਹੀ ਅਤੇ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਸਿਰਫ਼ 5 ਸੀਟਾਂ ਹੀ ਆਈਆਂ ਪਰ 12 ਫੀਸਦੀ ਵੋਟ ਹਾਸਲ ਕਰਕੇ ਆਪ ਨੂੰ ਕੌਮੀ ਪਾਰਟੀ ਦਾ ਦਰਜਾ ਹਾਸਲ ਕਰ ਲਿਆ । ਉਧਰ ਹਿਮਾਚਲ ਵਿੱਚ ਜਨਤਾ ਨੇ ਉੱਤਰਾਖੰਡ ਵਾਂਗ ਰਿਵਾਜ਼ ਨਹੀਂ ਬਦਲਿਆ,ਰਾਹੁਲ ਤੋਂ ਬਿਨਾਂ ਹਿਮਾਚਲ ਵਿੱਚ ਕਾਂਗਰਸ ਦੀ ਵੱਡੀ ਜਿੱਤ ਹੋਈ, ਪਾਰਟੀ ਨੇ 40 ਸੀਟਾਂ ਹਾਸਲ ਕੀਤੀਆਂ,ਬੀਜੇਪੀ 25 ਸੀਟਾਂ ਹੀ ਜਿੱਤ ਸੱਕੀ,ਆਪ ਨੂੰ ਜਨਤਾ ਨੇ ਮੂੰਹ ਹੀ ਨਹੀਂ ਲਾਇਆ। ਚੋਣ ਜਿੱਤਣ ਤੋਂ ਬਾਅਦ ਹਿਮਾਚਲ ਦੇ ਮੁੱਖ ਮੰਤਰੀ ਦੀ ਚੋਣ ਕਾਂਗਰਸ ਲਈ ਵੱਡੀ ਚੁਣੌਤੀ ਸੀ। 2 ਦਿਨ ਤੱਕ ਚੱਲੀ ਸਿਆਸੀ ਕਸਰਤ ਤੋਂ ਬਾਅਦ ਹਾਈਕਮਾਨ ਨੇ ਸੁਖਵਿੰਦਰ ਸਿੰਘ ਸੁੱਖੂ ਦੇ ਨਾਂ ‘ਤੇ ਮੋਹਰ ਲਗਾਈ ਅਤੇ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਦੇ ਕੈਂਪ ਤੋਂ ਮੁਕੇਸ਼ ਅਗਨੀਹੋਤਰੀ ਨੂੰ ਉੱਪ ਮੁੱਖ ਮੰਤਰੀ ਬਣਾਇਆ ਗਿਆ।

4. ਦਿੱਲੀ ਦੀਆਂ ਨਗਰ ਨਿਗਮ ਚੋਣਾਂ ਵਿੱਚ 15 ਸਾਲ ਬਾਅਦ ਬੀਜੇਪੀ ਸੱਤਾ ਤੋਂ ਬੇਦਖਲ ਹੋਈ ਆਮ ਆਦਮੀ ਪਾਰਟੀ ਦੀ ਨਗਰ ਨਿਗਮ ਵਿੱਚ ਐਂਟਰੀ ਹੋਈ । 270 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ 134 ਕੌਂਸਲਰ ਜਿੱਤੇ ਤਾਂ ਬੀਜੇਪੀ ਨੇ 104 ਸੀਟਾਂ ਜਿੱਤਿਆ ਕਾਂਗਰਸ ਦੇ ਖਾਤੇ ਵਿੱਚ 9 ਸੀਟਾਂ ਹੀ ਆਈਆਂ, ਆਮ ਆਦਮੀ ਪਾਰਟੀ ਨੇ ਸ਼ੈਲੀ ਓਬਰਾਏ ਨੂੰ ਮੇਅਰ ਅਹੁਦੇ ਦੇ ਲਈ ਚੁਣਿਆ ਹੈ । ਇਸ ਤੋਂ ਪਹਿਲਾਂ ਜੁਲਾਈ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਸਨ ਪਰ ਹੱਦਬੰਦੀ ਦੀ ਵਜ੍ਹਾ ਕਰਕੇ ਚੋਣਾਂ ਨੂੰ ਅੱਗੇ ਕਰ ਦਿੱਤਾ ਗਿਆ ਸੀ । ਨਗਰ ਨਿਗਮ ਦੇ ਕਬਜ਼ੇ ਦੀ ਜੰਗ ਵਿੱਚ ਇੱਕ ਪਾਸੇ ਕੇਜਰੀਵਾਲ ਸਨ ਤਾਂ ਦੂਜੇ ਪਾਸੇ ਬੀਜੇਪੀ ਦੇ ਕਈ ਸੂਬਿਆਂ ਦੇ ਮੁੱਖ ਮੰਤਰੀ ਸਨ ।

5. 2022 ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਦਾ ਸ਼ੋਰ ਵੀ ਸੁਣਾਈ ਦਿੱਤੀ । ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਨੇ ਇਸੇ ਮੁੱਦੇ ‘ਤੇ ਪਾਰਟੀ ਛੱਡੀ ਤਾਂ 17 ਅਕਤੂਬਰ ਨੂੰ ਨਵੇਂ ਕੌਮੀ ਪ੍ਰਧਾਨ ਚੁਣਨ ਦੀ ਤਰੀਕ ਤੈਅ ਹੋਈ । ਰੇਸ ਵਿੱਚ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਨ ਪਰ ਰਾਜਸਥਾਨ ਦੀ ਕੁਰਸੀ ਛੱਡਣ ਨੂੰ ਤਿਆਰ ਨਾ ਹੋਣ ਤੇ ਮਲਿਵਾਅਰਜੁਨ ਖੜਕੇ ਦੇ ਨਾਂ ਨੂੰ ਅੱਗੇ ਕੀਤਾ ਗਿਆ । ਉਧਰ ਖੜਕੇ ਨੂੰ ਚੁਣੌਤੀ ਦੇਣ ਦੇ ਲਈ ਸ਼ਸ਼ੀ ਥਰੂਰ ਮੈਦਾਨ ਵਿੱਚ ਉਤਰ ਗਏ । ਪਰ ਗਾਂਧੀ ਪਰਿਵਾਰ ਦੀ ਮੋਹਰ ਪਹਿਲਾਂ ਹੀ ਖੜਗੇ ‘ਤੇ ਲੱਗ ਚੁੱਕੀ ਸੀ ਇਸ ਲਈ ਜਿੱਤ ਵੀ ਉਨ੍ਹਾਂ ਦੀ ਹੋਈ । ਉਧਰ ਕਾਂਗਰਸ ਦੇ ਨਵੇਂ ਕੌਮੀ ਪ੍ਰਧਾਨ ਦੀ ਚੋਣ ਤੋਂ ਠੀਕ ਪਹਿਲਾਂ 7 ਸਤੰਬਰ ਨੂੰ ਰਾਹੁਲ ਗਾਂਧੀ ਨੇ ਕਨਿਆਕੁਮਾਰੀ ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ । ਰਾਹੁਲ ਦੀ ਭਾਰਤ ਜੋੜੋ ਯਾਤਰਾ ਤਮਿਲਨਾਡੂ,ਕਰਨਾਟਕਾ,ਮੱਧ ਪ੍ਰਦੇਸ਼,ਰਾਜਸਥਾਨ,ਹਰਿਆਣਾ ਤੋਂ ਹੁੰਦੇ ਹੋਏ ਇਸ ਵਕਤ ਦਿੱਲੀ ਪਹੁੰਚ ਗਈ ਹੈ ਅਗਲੇ ਮਹੀਨੇ ਯਾਤਰਾ ਯੂਪੀ ਅਤੇ ਪੰਜਾਬ ਵਿੱਚ ਦਾਖਲ ਹੋਵੇਗੀ ਅਤੇ ਅੰਤ ਵਿੱਚ ਜੰਮ-ਕਸ਼ਮੀਰ ਜਾਕੇ ਖਤਮ ਹੋਵੇਗੀ। ਯਾਤਰਾ ਵਿੱਚ ਹੁਣ ਤੱਕ ਕਈ ਹਸਤਿਆਂ ਜੁੜ ਚੁੱਕਿਆ ਹਨ ਜਿਸ ਵਿੱਚ RBI ਦੇ ਸਾਬਕਾ ਗਵਰਨਰ ਰਘੁਰਾਮ ਰਾਜਨ,ਕਮਲ ਹਾਸਲ ਦਾ ਨਾਂ ਸ਼ਾਮਲ ਹੈ ।

6. ਕਾਂਗਰਸ ਦੀ ਰਾਜਸਥਾਨ ਦੀ ਸਿਆਸੀ ਲੜਾਈ ਵੀ ਚਰਚਾ ਵਿੱਚ ਰਹੀ। ਪਾਰਟੀ ਨੇ ਪੰਜਾਬ ਵਾਂਗ ਰਾਜਸਥਾਨ ਵਿੱਚ CM ਅਹੁਦੇ ‘ਤੇ ਗਹਿਲੋਤ ਨੂੰ ਹਟਾਉਣ ਦਾ ਪਲਾਨ ਬਣਾਇਆ ਅਤੇ ਸਚਿਨ ਪਾਇਲਟ ਨੂੰ ਕੁਰਸੀ ਦੇਣ ਦਾ ਫੈਸਲਾ ਕੀਤਾ ਪਰ ਦਾਅ ਉਲਟਾ ਪੈ ਗਿਆ । ਸਿਆਸਤ ਦੇ ਜਾਦੂਗਰ ਨਾਲ ਮਸ਼ਹੂਰ ਅਸ਼ੋਕ ਗਹਿਲੋਤ ਨੇ ਪਾਸਾ ਪਲਟ ਦਿੱਤਾ । ਗਹਿਲੋਤ ਕੈਂਪ ਦੇ ਸਾਰੇ ਵਿਧਾਇਕਾਂ ਨੇ ਪਾਰਟੀ ਆਬਜ਼ਰਵਰਾਂ ਨੂੰ ਅੱਖ ਵਿਖਾਈ ਅਤੇ ਸਾਫ ਕਰ ਦਿੱਤਾ ਕਿ ਗਹਿਲੋਤ ਤੋਂ ਇਲਾਵਾ ਹੋਰ ਕੋਈ ਵੀ ਮੁੱਖ ਮੰਤਰੀ ਮਨਜ਼ੂਰ ਨਹੀੰ। ਅਗਲੇ ਸਾਲ ਰਾਜਸਥਾਨ ਵਿੱਚ ਚੋਣਾਂ ਹਨ ਪਾਰਟੀ ਪੂਰੀ ਕੋਸ਼ਿਸ਼ ਕਰ ਰਹੀ ਹੈ ਗਹਿਲੋਤ ਨੂੰ ਹਟਾਉਣ ਦੀ ਪਰ ਹਰ ਵਾਰ ਦਾਅ ਉਲਟਾ ਹੀ ਪੈ ਰਿਹਾ ਹੈ।

7. ਜੂਨ ਅਤੇ ਜੁਲਾਈ ਦਾ ਮਹੀਨਾ ਕਾਂਗਰਸ ਦੇ 2 ਸਭ ਤੋਂ ਵੱਡੇ ਚਿਹਰਿਆਂ ਦੇ ਲਈ ਚੁਣੌਤੀ ਭਰਪੂਰ ਰਿਹਾ, ਨੈਸ਼ਨਲ ਹਰਲਾਡ (National Herald) ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ED ਦੇ ਸਾਹਮਣੇ ਰਾਹੁਲ ਗਾਂਧੀ ਦੀ ਜੂਨ ਮਹੀਨੇ ਵਿੱਚ 5 ਵਾਰ ਪੇਸ਼ੀ ਹੋਈ ਕਈ ਸਵਾਲ ਦੇ ਜਵਾਬ ਮੰਗੇ ਗਏ,ਉਸ ਤੋਂ ਬਾਅਦ ਜੁਲਾਈ ਵਿੱਚ ਸੋਨੀਆ ਗਾਂਧੀ ਨੂੰ ED ਨੇ ਪੇਸ਼ ਹੋਣ ਦੇ ਲਈ ਬੁਲਾਇਆ ਅਤੇ ਕੇਸ ਨਾਲ ਜੁੜੇ ਕਈ ਸਵਾਲਾਂ ਦਾ ਜਵਾਬ ਲਿਆ।

8. ਆਮ ਆਦਮੀ ਪਾਰਟੀ ਨੇ ਪੰਜਾਬ ਅਤੇ ਗੁਜਰਾਤ ਦੀ ਸਿਆਸਤ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਤਾਂ ਦਿੱਲੀ ਵਿੱਚ ਉੱਪ ਰਾਜਪਾਲ ਵੀਕੇ ਸਕਸੈਨਾ ਦੇ ਨਾਲ ਉਨ੍ਹਾਂ ਦੇ ਵਿਵਾਦ ਸਾਹਮਣੇ ਆਉਂਦੇ ਰਹੇ। LG ਨੇ ਦਿੱਲੀ ਸ਼ਰਾਬ ਘੁਟਾਲੇ ਦੀ ਜਾਂਚ ਕਰਵਾਈ ਅਤੇ ਮਾਮਲਾ CBI ਨੂੰ ਸੌਂਪ ਦਿੱਤਾ ਗਿਆ । ਇਸ ਵਿੱਚ ਖਜ਼ਾਨਾ ਮੰਤਰੀ ਮਨੀਸ਼ ਸਿਸੋਦੀਆ ਅਤੇ ਆਪ ਦੇ ਕਈ ਆਗੂਆਂ ਦੇ ਨਾਂ ਆਏ, ਸੀਬੀਆਈ ਨੇ ਸਿਸੋਦੀਆ ਤੋਂ ਪੁੱਛ-ਗਿੱਛ ਕੀਤੀ । ਇਸ ਤੋਂ ਇਲਾਵਾ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਆਮਦਨ ਵਧ ਜਾਇਦਾਦ ਦੇ ਮਾਮਲੇ ਵਿੱਚ 6 ਮਹੀਨੇ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ। ਬੀਜੇਪੀ ਵੱਲੋਂ ਜਾਰੀ ਉਨ੍ਹਾਂ ਦੇ ਜੇਲ੍ਹ ਵੀਡੀਵੀਓ ਵੀ ਕਾਫੀ ਚਰਚਾ ਵਿੱਚ ਰਹੇ ਜਿੱਥੇ ਉਨ੍ਹਾਂ ਨੂੰ VIP ਟ੍ਰੀਟਮੈਂਟ ਦਿੱਤਾ ਰਿਹਾ ਸੀ ।

9. ਬੀਜੇਪੀ ਆਗੂ ਨੁਪੁਰ ਸ਼ਰਮਾ ਦਾ ਟੀਵੀ ਚੈੱਨਲ ‘ਤੇ ਪੈਗਬਰ ਮੁਹੰਮਦ ਸਾਹਿਬ ‘ਤੇ ਵਿਵਾਦਿਤ ਬਿਆਨ ਵੀ ਕਾਫੀ ਚਰਚਾ ਵਿੱਚ ਰਿਹਾ । ਦੇਸ਼ ਅਤੇ ਵਿਦੇਸ਼ ਤੋਂ ਨੁਪੁਰ ਸ਼ਰਮਾ ਦੇ ਬਿਆਨ ਨੂੰ ਲੈਕੇ ਨਿੰਦਾ ਹੋਣ ਲੱਗੀ,ਖਾੜੀ ਮੁਲਕਾਂ ਦੇ ਇਤਰਾਜ ਤੋਂ ਬਾਅਦ ਬੀਜੇਪੀ ਨੇ ਨੁਪੁਰ ਸ਼ਰਮਾ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ । ਦੇਸ਼ ਦੇ ਕਈ ਹਿੱਸਿਆਂ ਵਿੱਚ ਨੁਪੁਰ ਸ਼ਰਮਾ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਹੋਏ ਅਤੇ FIR ਦਰਜ ਹੋਈ। ਜਦੋਂ ਨੁਪੁਰ ਸੁਪਰੀਮ ਕੋਰਟ ਪਹੁੰਚੀ ਤਾਂ ਉਨ੍ਹਾਂ ਨੂੰ ਅਦਾਲਤ ਤੋਂ ਵੀ ਝਾੜ ਪਈ । ਸੁਪਰੀਮ ਕੋਰਟ ਨੇ ਦੇਸ਼ ਵਿੱਚ ਹੋ ਰਹੀ ਹਿੰਸਾ ਨੂੰ ਲੈਕੇ ਨੁਪੁਰ ਸ਼ਰਮਾ ਨੂੰ ਜ਼ਿੰਮੇਵਾਰ ਦੱਸਿਆ। ਨੁਪੁਰ ਸ਼ਰਮਾ ਦੇ ਬਿਆਨ ਦਾ ਅਸਰ ਇਨ੍ਹਾਂ ਜ਼ਿਆਦਾ ਹੋਇਆ ਕਿ ਰਾਜਸਥਾਨ ਵਿੱਚ ਇੱਕ 2 ਮੁਸਲਿਮ ਨੌਜਵਾਨਾਂ ਨੇ ਨੁਪੁਰ ਸ਼ਰਮਾ ਦੇ ਹੱਕ ਵਿੱਚ ਫੋਨ ਦਾ ਸਟੇਟਸ ਪਾਉਣ ‘ਤੇ ਇੱਕ ਦਰਜੀ ਦਾ ਸਰੇਆਮ ਕਤਲ ਕਰ ਦਿੱਤਾ । ਹਾਲਾਂਕਿ ਬਾਅਦ ਵਿੱਚੋਂ ਦੋਵੇ ਮੁਲਜ਼ਮ ਫੜੇ ਗਏ । ਇਸ ਤੋਂ ਬਾਅਦ ਮਹਾਰਾਸ਼ਟਰਾਂ ਵਿੱਚ ਵੀ ਅਜਿਹਾ ਹੀ ਇੱਕ ਮਾਮਲੇ ਸਾਹਮਣੇ ਆਇਆ,ਇੱਕ ਕੈਮਿਸਟ ਦਾ ਨੁਪੁਰ ਸ਼ਰਮਾ ਦੀ ਹਮਾਇਤ ਕਰਨ ‘ਤੇ ਕਤਲ ਕਰ ਦਿੱਤਾ ਗਿਆ ।

10. 2022 ਦੇ ਵਿੱਚ ਦੇਸ਼ ਨੂੰ ਨਵਾਂ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਮਿਲਿਆ । ਬੀਜੇਪੀ ਦੀ ਅਗਵਾਈ ਵਿੱਚ NDA ਨੇ ਦ੍ਰੋਪਤੀ ਮੁਰਮੂ ਨੂੰ ਰਾਸ਼ਟਰਪਤੀ ਦੇ ਉਮੀਦਵਾਰ ਵੱਜੋਂ ਮੈਦਾਨ ਵਿੱਚ ਉਤਾਰਿਆ ਸੀ। ਜਦਕਿ UPA ਵੱਲੋਂ ਯਸ਼ਵੰਤ ਸਿਨਹਾ ਰਾਸ਼ਟਰਪਤੀ ਦੇ ਉਮੀਦਵਾਰ ਸਨ । 22 ਜੁਲਾਈ ਦ੍ਰੋਪਤੀ ਮੁਰਮੂ ਨੇ ਯਸ਼ਵੰਤ ਸਿਨਹਾ ਨੂੰ ਹਰਾਇਆ ਅਤੇ 25 ਜੁਲਾਈ ਨੂੰ ਦੇਸ਼ ਦੀ 15ਵੀਂ ਰਾਸ਼ਟਰਪਤੀ ਦੀ ਸਹੁੰ ਚੁੱਕੀ। ਉਧਰ ਅਗਸਤ ਵਿੱਚ ਉੱਪ ਰਾਸ਼ਟਰਪਤੀ ਦੀ ਚੋਣ ਹੋਈ, NDA ਵੱਲੋਂ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧੰਨਖੜ ਉੱਪ ਰਾਸ਼ਟਰਪਤੀ ਦੇ ਉਮੀਦਵਾਰ ਬਣਾਏ ਗਏ ਤਾਂ UPA ਵੱਲੋਂ ਮਾਰਗੇਟ ਅਲਵਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ । 6 ਅਗਸਤ ਨੂੰ ਵੋਟਿੰਗ ਹੋਈ ਅਤੇ ਜਗਦੀਸ਼ ਧੰਨਖੜ 74 ਫੀਸਦੀ ਵੋਟਾਂ ਦੇ ਨਾਲ ਜੇਤੂ ਐਲਾਨੇ ਗਏ ਅਤੇ ਭਾਰਤ ਦੇ ਅਗਲੇ ਉੱਪ ਰਾਸ਼ਟਰਪਤੀ ਬਣੇ।

11. 2022 ਵਿੱਚ ਸੌਧਾ ਸਾਧ ਦੀ ਪੈਰੋਲ ਵੀ ਕਾਫੀ ਚਰਚਾ ਵਿੱਚ ਰਹੀ । ਪਹਿਲਾਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਫਿਰ ਹਰਿਆਣਾ ਦੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਅਕਤੂਬਰ ਨਵੰਬਰ ਵਿੱਚ ਮੁੜ ਤੋਂ ਲੰਮੀ ਪੈਰੋਲ ਖਤਮ ਕਰਕੇ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਭੇਜਿਆ ਗਿਆ। ਇਸ ਦੌਰਾਨ ਸੌਧਾ ਸਾਧ ਨੇ ਆਪਣੇ ਪੈਰਾਕਾਰਾਂ ਨੂੰ ਆਨਲਾਈਨ ਸੁਨੇਹਾ ਨਾਲ ਜੋੜਿਆ, ਜਿਸ ਨੂੰ ਲੈਕੇ ਵਿਰੋਧੀ ਪਾਰਟੀ ਨੇ ਕਾਫੀ ਹੰਗਾਮਾ ਕੀਤਾ। ਰਾਮ ਰਹੀਮ ਦਾ ਅਸਲੀ ਅਤੇ ਨਕਲੀ ਹੋਣ ਦਾ ਮੁੱਦਾ ਵੀ ਕਾਫੀ ਗਰਮਾਇਆ, ਇੱਕ ਪੈਰੋਕਾਰ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਕੇ ਬਾਹਰ ਆਏ ਰਾਮ ਰਹੀਮ ਨੂੰ ਨਕਲੀ ਦੱਸਿਆ। ਹਾਲਾਂਕਿ ਬਾਅਦ ਵਿੱਚੋਂ ਪਟੀਸ਼ਨਕਰਤਾਵਾਂ ਨੂੰ ਕਾਫੀ ਝਾੜ ਪਈ ।

12. ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਵਾਦ ਨੂੰ ਲੈਕੇ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਇਆ, 2014 ਵਿੱਚ ਹੁੱਡਾ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਨੂੰ ਸੁਪਰੀਮ ਕੋਰਟ ਨੇ ਮਨਜ਼ੂਰੀ ਦੇ ਦਿੱਤੀ । ਜਿਸ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ 38 ਮੈਂਬਰੀ ਨਵੀ ਐਡਹਾਕ ਕਮੇਟੀ ਦਾ ਗਠਨ ਕਰ ਦਿੱਤਾ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਥਾਂ ਮਹੰਤ ਕਰਮਜੀਤ ਸਿੰਘ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਉਧਰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੂੰ ਇਸ ਸਾਲ ਵੀ 1984 ਨਸਲਕੁਸ਼ੀ ਦੇ ਮਾਮਲੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੰਦੌਰ ਵਿੱਚ ਰਾਗੀ ਸਿੰਘ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਕਮਲਨਾਥ ਨੂੰ ਸਿਰੋਪਾ ਦੇਣ ਦਾ ਸਖ਼ਤ ਵਿਰੋਧ ਕੀਤਾ ਜਿਸ ਤੋਂ ਬਾਅਦ ਕਮਲਨਾਥ ਨੂੰ ਸਮਾਗਮ ਤੋਂ ਜਾਣਾ ਪਿਆ । ਮਨਪ੍ਰੀਤ ਸਿੰਘ ਕਾਨਪੁਰੀ ਨੇ ਇਹ ਵੀ ਕਿਹਾ ਕਿ ਉਹ ਕਦੇ ਵੀ ਹੁਣ ਇੰਦੌਰ ਨਹੀਂ ਆਉਣਗੇ। ਐੱਸਜੀਪੀਸੀ ਵੱਲੋਂ ਵੀ ਮਨਪ੍ਰੀਤ ਸਿੰਘ ਕਾਨਪੁਰੀ ਦੇ ਸਟੈਂਡ ਹੀ ਹਮਾਇਤ ਕੀਤੀ ਗਈ ।

13. 1991 ਪੀਲੀਭੀਤ ਵਿੱਚ 11 ਸਿੱਖਾਂ ਦੇ ਐਂਕਾਉਂਟਰ ਮਾਮਲੇ ਵਿੱਚ ਇਲਾਹਾਬਾਦ ਹਾਈਕੋਰਟ ਤੋਂ ਪੀੜਤ ਪਰਿਵਾਰਾਂ ਨੂੰ ਵੱਡਾ ਝਟਕਾ ਮਿਲਿਆ,ਹਾਈਕੋਰਟ ਨੇ ਸੀਬੀਆਈ ਦੇ ਫੈਸਲੇ ਨੂੰ ਪਲਟ ਦੇ ਹੋਏ 40 ਤੋਂ ਵਧ ਪੁਲਿਸ ਮੁਲਜ਼ਮਾਂ ਦੀ ਉਮਰ ਕੈਦ ਦੀ ਸਜ਼ਾ 6 ਸਾਲ ਵਿੱਚ ਤਬਦੀਲ ਕਰ ਦਿੱਤੀ । ਸਿੱਖ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ। ਉਧਰ 1984 ਦੀ ਸਿੱਖ ਨਸਲਕੁਸ਼ੀ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਕਾਨਪੁਰ ਦੇ ਗੋਵਿੰਦ ਨਗਰ ਇਲਾਕੇ ਵਿੱਚ 6 ਸਿੱਖਾਂ ਦੇ ਕਤਲ ਦੇ ਦੋਸ਼ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਮਲ ਕਿਸ਼ੋਰ ਮਿਸ਼ਰਾ, ਰਾਜ ਕਿਸ਼ੋਰ ਮਿਸ਼ਰਾ ਅਤੇ ਗੋਵਿੰਦ ਤਿਵਾਰੀ ਵਜੋਂ ਹੋਈ ਹੈ। ਸਿੱਖ ਨਸਲਕੁਸ਼ੀ ਮਾਮਲੇ ਵਿੱਚ ਜਾਂਚ ਟੀਮ ਨੇ ਹੁਣ ਤੱਕ 40 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

14 12 ਨਵੰਬਰ ਨੂੰ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਤਮਿਲਨਾਡੂ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ । ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 6 ਮੁਜ਼ਰਿਮਾਂ ਦੀ ਰਿਹਾਈ ਹੋ ਸਕੀ ।ਇਹ ਸਾਰੇ ਮੁਲਜ਼ਮ 30 ਸਾਲ ਤੋਂ ਵਧ ਜੇਲ੍ਹ ਵਿੱਚ ਰਹਿ ਚੁੱਕੇ ਸਨ । ਅਦਾਲਤ ਨੇ ਇਹ ਫੈਸਲਾ 6 ਮਹੀਨੇ ਪਹਿਲਾਂ ਰਿਹਾ ਹੋਏ ਪੈਰਾਰੀਵਲਨ ਨੂੰ ਅਧਾਰ ਬਣਾਕੇ ਸੁਣਾਇਆ ਸੀ । ਉਸ ਵਕਤ ਪੈਰਾਰੀਵਲਨ ਦੀ ਰਿਹਾਹੀ ਦੇ ਪਿੱਛੇ ਖਰਾਬ ਸਿਹਤ ਨੂੰ ਕਾਰਨ ਦੱਸਿਆ ਗਿਆ ਸੀ । ਇਸੇ ਅਧਾਰ ‘ਤੇ ਹੀ 6 ਹੋਰ ਦੋਸ਼ੀਆਂ ਨੇ ਰਿਹਾਈ ਦੀ ਅਪੀਲ ਕੀਤੀ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਮਨਜ਼ੂਰ ਕਰ ਲਿਆ । ਹਾਲਾਂਕਿ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਅਤੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦਾ ਫੈਸਲਾ ਲਿਆ ਸੀ । ਉਧਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਦਾ ਮਾਮਲਾ ਵੀ 2022 ਵਿੱਚ ਸੁਪਰੀਮ ਕੋਰਟ ਵਿੱਚ ਘੁੰਮ ਰਿਹਾ ਹੈ । ਰਾਜੋਆਣਾ ਦੇ ਵਕੀਲ ਵੱਲੋਂ ਅਦਾਲਤ ਨੂੰ ਜਲਦ ਸੁਣਵਾਈ ਦੀ ਅਪੀਲ ਕੀਤੀ ਜਾ ਚੁੱਕੀ ਹੈ। ਜਿਸ ਤੋਂ ਬਾਅਦ ਅਦਾਲਤ ਨੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਸੀ । ਪਰ ਮੋਦੀ ਸਰਕਾਰ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਸੁਰੱਖਿਆ ਕਾਰਨਾ ਦੀ ਵਜ੍ਹਾ ਕਰਕੇ ਉਹ ਫੈਸਲਾ ਨਹੀਂ ਲੈ ਸਕਦੇ ਹਨ। ਇਸੇ ਤਰ੍ਹਾਂ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ ਵਿੱਚ ਦਿੱਲੀ ਸਰਕਾਰ ਦੀਆਂ ਫਾਈਲਾਂ ਵਿੱਚ ਘੁੰਮ ਰਿਹਾ ਹੈ । ਦਿੱਲੀ ਸਰਕਾਰ ਦੀ 5 ਮੈਂਬਰੀ ਬੋਰਡ ਹੁਣ ਤੱਕ ਇਸ ਤੇ ਫੈਸਲੇ ਨਹੀਂ ਲੈ ਪਾ ਰਿਹਾ ਹੈ ।

15. ਬਿਲਕਿਸ ਬਾਨੋ ਦੇ ਕਾਤਲਾਂ ਨੂੰ ਸਮੇਂ ਤੋਂ ਪਹਿਲਾਂ ਰਿਹਾ ਕਰਨ ਦਾ ਮਾਮਲਾ ਵੀ ਕਾਫੀ ਚਰਚਾ ਵਿੱਚ ਰਿਹਾ,ਗੁਜਰਾਤ ਸਰਕਾਰ ਵੱਲੋਂ ਦਿੱਤੀ ਗਈ ਮੁਆਫੀ ਨੂੰ ਲੈਕੇ ਬਿਲਕਿਸ ਬਾਨੋ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ । ਹਾਲਾਂਕਿ ਗੁਜਰਾਤ ਸਰਕਾਰ ਨੇ ਨਿਯਮਾਂ ਮੁਤਾਬਿਕ ਸਜ਼ਾ ਮੁਆਫ ਕਰਨ ਦਾ ਤਰਕ ਦਿੱਤੀ ।

16. 2022 ਵਿੱਚ ਕਰਨਾਟਕਾ ਦੇ ਉਡਪੀ ਤੋਂ ਹਿਜਾਬ ਪਾਉਣ ਦਾ ਮੁੱਦਾ ਵੀ ਕਾਫੀ ਸਰਗਰਮ ਰਿਹਾ । ਹਿਜਾਬ ਪਾਉਣ ਵਾਲੀ ਵਿਦਿਆਰਥਣਾਂ ਨੂੰ ਕਲਾਸ ਵਿੱਚ ਨਹੀਂ ਵੜਨ ਦਿੱਤਾ ਗਿਆ ਕਿਹਾ ਗਿਆ ਹਿਜਾਬ ਡਰੈਸ ਕੋਰਡ ਦਾ ਹਿੱਸਾ ਨਹੀਂ ਹੈ । ਮੁਸਲਮਾਨ ਭਾਈਚਾਰੇ ਨੇ ਇਸ ਦਾ ਸਖ਼ਤ ਵਿਰੋਧ ਕੀਤਾ । ਮਾਮਲਾ ਹਾਈਕੋਰਟ ਤੋਂ ਬਾਅਦ ਸੁਪਰੀਮ ਕੋਰਟ ਪਹੁੰਚਿਆ । ਕਰਨਾਟਕਾ ਹਾਈਕੋਰਟ ਨੇ ਕਾਲਜ ਦੇ ਫੈਸਲੇ ਨੂੰ ਸਹੀ ਦੱਸਿਆ ਪਰ ਸੁਪਰੀਮ ਕੋਰਟ ਵਿੱਚ ਇਸ ਨੂੰ ਲੈਕੇ ਮਤਭੇਦ ਸੀ । ਸੁਪਰੀਮ ਕੋਰਟ ਦੇ ਜਸਟਿਸ ਹੇਮੰਤ ਗੁਪਤਾ ਨੇ ਇਹ ਕੇਸ 9 ਜੱਜਾਂ ਦੀ ਵੱਡੀ ਬੈਂਚ ਨੂੰ ਸੌਂਪ ਦਿੱਤਾ । ਕੋਰਟ ਆਉਣ ਵਾਲੇ ਸਾਲ ਵਿੱਚ ਇਸ ਤੇ ਫੈਸਲਾ ਸੁਣਾਏਗਾ ।

17. ਗੋਆ ਵਿੱਚ ਹਰਿਆਣਾ ਦੀ ਗਾਇਕ ਸੋਨਾਲੀ ਫੋਗਾਟ ਦੀ ਮੌਤ ਵੀ ਕਾਫੀ ਚਰਚਾ ਵਿੱਚ ਰਹੀ । ਜਦੋਂ ਮੌਤ ਦੀ ਖਬਰ ਆਈ ਤਾਂ ਪਰਿਵਾਰ ਨੇ ਪਹਿਲੇ ਦਿਨ ਤੋਂ ਹੀ ਮੈਨੇਜਰ ਸੁਧੀਰ ਸਾਗਵਾਨ ਅਤੇ ਸੁਖਵਿੰਦਰ ਸਿੰਘ ‘ਤੇ ਸ਼ੱਕ ਜਤਾਇਆ। ਜਿਸ ਤੋਂ ਬਾਅਦ ਗੋਆ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਕਈ ਵੀਡੀਓ ਸਾਹਮਣੇ ਆਏ ਅਤੇ ਦਾਅਵਾ ਕੀਤਾ ਗਿਆ ਡਰੱਸ ਦੇਕੇ ਸੋਨਾਲੀ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਸੁਧੀਰ ਸਾਗਵਾਨ ਅਤੇ ਸੁਖਵਿੰਦਰ ਸਿੰਘ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ।

18. 30 ਅਕਤੂਬਰ ਨੂੰ ਗੁਜਰਾਤ ਦੇ ਮੋਰਬੀ ਵਿੱਚ 140 ਪੁਰਾਣੇ ਪੁੱਲ ਟੁੱਟਣ ਦੇ ਨਾਲ ਹੋਏ ਹਾਦਸੇ ਨੇ ਪੂਰੇ ਦੇਸ਼ ਨੂੰ ਹਿੱਲਾ ਦਿੱਤਾ । 140 ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ । ਹਾਦਸਾ ਪ੍ਰਸ਼ਾਸਨ ਅਤੇ ਪੁੱਲ ਦੀ ਰਿਪੇਅਰ ਕਰਨ ਵਾਲੀ ਕੰਪਨੀ ਦੀ ਵੱਡੀ ਲਾਪਰਵਾਈ ਕਾਰਨ ਹੋਇਆ । ਹਫਤੇ ਪਹਿਲਾਂ ਹੀ ਪੁੱਲ ਦੀ ਮਰਮਤ ਤੋਂ ਬਾਅਦ ਇਸ ਨੂੰ ਖੋਲਿਆ ਗਿਆ ਸੀ । ਪਰ ਵਧ ਪੈਸੇ ਕਮਾਉਣ ਦੇ ਚੱਕਰ ਵਿੱਚ ਪੁੱਲ ਦੀ ਸਮਰਥਾਂ ਤੋਂ ਵਧ ਕੰਪਨੀ ਨੇ ਲੋਕਾਂ ਨੂੰ ਪੁੱਲ ‘ਤੇ ਜਾਣ ਦੀ ਇਜਾਜ਼ਤ ਦਿੱਤੀ ਜਿਸ ਦਾ ਨਤੀਜਾ ਇਹ ਹੋਇਆ ਕਿ ਪੁੱਲ ਟੁੱਟ ਗਿਆ ਅਤੇ ਕਈ ਲੋਕ ਨਦੀ ਵਿੱਚ ਡਿੱਗ ਗਏ। ਸਾਲ ਖਤਮ ਹੁੰਦੇ-ਹੁੰਦੇ ਸਿੱਕਮ ਵਿੱਚ 16 ਫੌਜੀ ਵੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਏ । ਫੌਜ ਦਾ ਟਰੱਕ ਖੱਡ ਵਿੱਚ ਡਿੱਗਣ ਦੀ ਵਜ੍ਹਾਂ ਕਰਕੇ 16 ਫੌਜੀਆਂ ਦੀ ਮੌਤ ਹੋ ਗਈ ਜਿਸ ਵਿੱਚ ਇੱਕ ਗੁਰਦਾਸਪੁਰ ਦਾ ਫੌਜੀ ਵੀ ਸ਼ਾਮਲ ਸੀ ।

19 . ਭਾਰਤੀ ਫਿਲਮਾਂ ਨੂੰ ਲੈਕੇ ਵੀ ਇਸ ਸਾਲ ਕਾਫੀ ਵਿਵਾਦ ਹੋਇਆ । ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਆਮੀਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦੇ ਬਾਈਕਾਟ ਸ਼ੁਰੂ ਹੋ ਗਿਆ। ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਇਆ ਬਾਈਕਾਟ ਸੜਕਾਂ ‘ਤੇ ਵੀ ਨਜ਼ਰ ਆਇਆ। ਬਾਈਕਾਟ ਦੇ ਪਿੱਛੇ ਤਰਤ ਦਿੱਤਾ ਗਿਆ ਆਮੀਰ ਖਾਨ ਦੇ 7 ਸਾਲ ਪੁਰਾਣੇ ਬਿਆਨ ਨੂੰ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਭਾਰਤ ਦੇ ਹਾਲਾਤ ਚਿੰਤਾ ਜਨਤ ਹਨ ਅਤੇ ਦੇਸ਼ ਵਿੱਚ ਉਨ੍ਹਾਂ ਦੀ ਪਤਨੀ ਨੂੰ ਡਰ ਲੱਗ ਦਾ ਹੈ। ਇਸ ਤੋਂ ਇਲਾਵਾ ਹੁਣ ਸ਼ਾਰੂਖ ਖਾਨ ਦੀ ਫਿਲਮ ਪਠਾਨ ਨੂੰ ਲੈਕੇ ਵੀ ਵਿਵਾਦ ਹੋ ਗਿਆ ਹੈ। ਵਿਵਾਦ ਦਾ ਕਾਰਨ ਦੀਪਿਕਾ ਦੇ ਗਾਣੇ ਅਤੇ ਡਰੈਸ ਨੂੰ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਪਿੱਛੇ ਕਾਰਨ ਕੁਝ ਹੋਰ ਹੀ ਹੈ । ਫਿਲਮ ਕਸ਼ਮੀਰ ਫਾਈਲ ਵੀ ਚਰਚਾ ਵਿੱਚ ਰਹੀ, ਕੁਝ ਫਿਲਮਕਾਰਾਂ ਨੇ ਇਸ ਦਾ ਵਿਰੋਧ ਕੀਤਾ ਕਈਆਂ ਨੇ ਇਸ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।

20. ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਸੈਕਟਰ ਬੈਂਕ ICICI ਦੀ ਸਾਬਕਾ MD ਅਤੇ CEO ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਪਾਰਿਕ ਦੀ ਗਿਰਫਤਾਰੀ ਵੀ ਦੇਸ਼ ਦੀ ਸਭ ਤੋਂ ਵੱਡੀ ਖਬਰ ਸੀ । ਦੋਵਾਂ ਨੂੰ ਸੀਬੀਆਈ ਨੇ ਵੀਡੀਓਕਾਨ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇਲਜ਼ਾਮ ਸਨ ਕਿ ਚੰਦਾ ਕੋਚਰ ਨੇ ਵੀਡੀਓ ਕਾਨ ਨੂੰ 300 ਕਰੋੜ ਦਾ ਲੋਨ ਦਿੱਤਾ ਸੀ ਜਿਸ ਵਿੱਚੋਂ ਤਕਰੀਬਨ 65 ਕਰੋੜ ਰੁਪਏ ਵੀਡੀਓ ਕਾਨ ਵੱਲੋਂ ਉਨ੍ਹਾਂ ਦੇ ਪਤੀ ਦੀਪਕ ਪਾਰਿਕ ਦੀ ਕੰਪਨੀ ਵਿੱਚ ਟਰਾਂਸਫਰ ਕੀਤੇ ਗਏ ਸਨ । ਦੱਸਿਆ ਜਾ ਰਿਹਾ ਹੈ ਕਿ 5 ਸਾਲਾਂ ਵਿੱਚ ਤਕਰੀਬਨ 1800 ਕਰੋੜ ICICI ਨੇ ਚੰਦਾ ਕੋਚਰ ਦੇ CEO ਰਹਿੰਦੇ ਹੋਏ ਵੀਡੀਓਕਾਨ ਨੂੰ ਦਿੱਤੇ ਸਨ ।

21. 69 ਸਾਲ ਬਾਅਦ ਮਹਾਰਾਜਾ ਇੱਕ ਵਾਰ ਮੁੜ ਤੋਂ TATA ਅਧੀਨ ਆ ਗਿਆ । ਭਾਰਤ ਸਰਕਾਰ ਨੇ AIR INDIA ਦੇ 100 ਫੀਸਦੀ ਸ਼ੇਅਰ ਟਾਟਾ ਦੀ ਕੰਪਨੀ TALACE ਦੇ ਨਾਂ ‘ਤੇ ਟਰਾਂਸਫਰ ਕਰ ਦਿੱਤੇ । ਤਕਰੀਬਨ 70 ਸਾਲ ਪਹਿਲਾਂ ਟਾਟਾ ਨੇ ਹੀ ਏਅਰ ਇੰਡੀਆ ਦੀ ਸ਼ਰੂਆਤ ਕੀਤੀ ਸੀ ਜਿਸ ਨੂੰ ਬਾਅਦ ਵਿੱਚੋਂ ਭਾਰਤ ਸਰਕਾਰ ਨੇ ਆਪਣੇ ਅਧੀਨ ਲੈ ਲਿਆ ਸੀ। ਏਅਰ ਇੰਡੀਆ ਵਿੱਚ ਲਗਤਾਰ ਵਧ ਰਹੇ ਘਾਟੇ ਦੀ ਵਜ੍ਹਾ ਕਰਕੇ ਭਾਰਤ ਸਰਕਾਰ ਨੇ ਇਸ ਨੂੰ ਵੇਚਣ ਦਾ ਫੈਸਲਾ ਕੀਤੀ ਸੀ । ਜਿਸ ਦੀ ਬੋਲੀ ਟਾਟਾ ਨੇ ਜਿੱਤੀ । ਇਸ ਤੋਂ ਇਲਾਵਾ ਭਾਰਤ ਵਿੱਚ ਸਤੰਬਰ ਮਹੀਨੇ ਵਿੱਚ 5G ਨੈੱਟਵਰਕ ਦੀ ਸ਼ੁਰੂਆਤ ਹੋ ਗਈ । ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਦੀ ਸ਼ੁਰੂਆਤ ਕਰਦੇ ਹੋਏ JIO,AIRTEL ਅਤੇ VODAPHONE ਨੂੰ ਸਭ ਤੋਂ ਪਹਿਲਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ।

22. ਸਾਲ ਖਤਮ ਹੁੰਦੇ-ਹੁੰਦੇ ਮੁੜ ਤੋਂ ਕੋਵਿਡ ਦੀ ਦਸਤਕ ਭਾਰਤ ਵਿੱਚ ਸੁਣਾਈ ਦੇ ਲੱਗੀ ਹੈ । ਚੀਨ ਵਿੱਚ ਫੈਲੇ B-7 ਕੋਰੋਨਾ ਵੈਰੀਐਂਟ ਹੁਣ ਤੱਕ 91 ਦੇਸ਼ਾਂ ਵਿੱਚ ਫੈਲ ਚੁੱਕਾ ਹੈ ਭਾਰਤ ਵਿੱਚ ਵੀ ਇਸ ਦੇ ਕੁਝ ਮਾਮਲੇ ਸਾਹਮਣੇ ਆਏ ਹਨ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਾਹਿਰਾ ਨਾਲ ਮੀਟਿੰਗ ਕਰਕੇ ਸਾਰੇ ਸੂਬਿਆਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ ਅਤੇ ਦੇਸ਼ ਦੇ ਹਸਪਤਾਲਾਂ ਵਿੱਚ ਤਿਆਰੀ ਦਾ ਜਾਇਜ਼ਾ ਲੈਣ ਦੇ ਲਈ ਮੋਕ ਡ੍ਰਿਲ ਵੀ ਕੀਤੀਆਂ ਗਈਆਂ।

23. ਦੇਸ਼ ਨੇ ਅਜ਼ਾਦੀ ਦੇ 75ਵੇ ਸਾਲ ਨੂੰ ਅਮ੍ਰਿਤ ਮਹੋਤਸਵ ਦੇ ਰੂਪ ਵਿੱਚ ਬਣਾਇਆ। 15 ਅਗਸਤ ਨੂੰ ਦੇਸ਼ ਭਰ ਵਿੱਚ ਤਿਰੰਗਾ ਫਹਿਰਾਇਆ ਗਿਆ। ਸਕੂਲਾਂ,ਦਫਤਰਾਂ ਵਿੱਚ ਸਰਕਾਰ ਵੱਲੋਂ ਫ੍ਰੀ ਵਿੱਚ ਝੰਡੇ ਵੰਡੇ ਗਏ। ਘਰਾਂ ‘ਤੇ ਲੋਕਾਂ ਨੇ ਤਿਰੰਗਾ ਝੰਡਾ ਲਹਿਰਾਇਆ । ਉਧਰ ਲਾਲ ਕਿਲੇ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਭਾਰਤ ਸਰਕਾਰ ਵਲੋਂ ਮਨਾਇਆ ਗਿਆ । ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਪਹੁੰਚੇ। ਇਸੇ ਤਰ੍ਹਾਂ26 ਦਸੰਬਰ ਨੂੰ ਦੇਸ਼ ਵਿੱਚ ਪਹਿਲੀ ਵਾਰ ਸਾਹਿਬਜ਼ਾਦੀਆਂ ਦੀ ਸ਼ਹਾਦਤ ਨੂੰ ਸਮਰਪਤ ਵੀਰ ਬਾਲ ਦਿਵਸ ਭਾਰਤ ਸਰਕਾਰ ਵੱਲੋਂ ਦਿੱਲੀ ਦੇ ਧਿਆਨ ਚੰਦ ਸਟੇਡੀਅਮ ਵਿੱਚ ਮਨਾਇਆ ਗਿਆ ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੀ ਪਹੁੰਚੇ।