India

ਖਿਡਾਰੀਆਂ ਦੇ ਹੱਕ ‘ਚ ਨਿੱਤਰੇ ਨਵਜੋਤ ਸਿੱਧੂ, ਧਰਨੇ ‘ਚ ਪਹੁੰਚ ਕਹਿ ਦਿੱਤੀ ਵੱਡੀ ਗੱਲ!

ਦਿੱਲੀ : ਕੁਸ਼ਤੀ ਖਿਡਾਰੀਆਂ ਵਲੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਧਰਨੇ ਨੂੰ ਕਾਫੀ ਸਮਰਥਨ ਮਿਲ ਰਿਹਾ ਹੈ।ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਥੇ ਪਹੁੰਚੇ ਹਨ। ਉਹਨਾਂ ਖਿਡਾਰੀਆਂ ਨੂੰ ਹਰ ਤਰਾਂ ਨਾਲ ਸਮਰਥਨ ਦੇਣ ਦੀ ਗੱਲ ਕੀਤੀ ਹੈ।

ਇਸ ਸੰਬੰਧੀ ਜਾਣਕਾਰੀ ਉਹਨਾਂ ਇੱਕ ਟਵੀਟ ਰਾਹੀਂ ਦਿੱਤੀ ਹੈ ਤੇ ਜਿਸ ਵਿੱਚ ਉਹਨਾਂ ਕਈ ਸਵਾਲ ਵੀ ਚੁੱਕੇ ਹਨ।

ਉਹਨਾਂ ਕਿਹਾ ਹੈ ਕਿ ਇਸ ਗੱਲ ਦੀ ਜਾਣਕਾਰੀ ਹੋਣਾ ਕਿ ਕੀ ਸਹੀ ਹੈ ਪਰ ਕੁੱਝ ਨਾ ਕਰਨਾ ਸਭ ਤੋਂ ਵੱਡੀ ਕਾਇਰਤਾ ਹੈ। ਉਹਨਾਂ ਸਵਾਲ ਕੀਤਾ ਹੈ ਕਿ FIR ਵਿੱਚ ਦੇਰੀ ਕਿਉਂ ਹੋਈ ਹੈ ? ਐਫਆਈਆਰ ਨੂੰ ਜਨਤਕ ਨਾ ਕੀਤੇ ਜਾਣ ‘ਤੇ ਵੀ ਉਹਨਾਂ ਸਵਾਲ ਕੀਤੇ ਹਨ ਤੇ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਐਫਆਈਆਰ ਸਹੀ ਤਰੀਕੇ ਨਾਲ ਨਹੀਂ ਲਿਖੀ ਗਈ ਹੈ ਤੇ ਅਤੇ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੀ ਪੁਸ਼ਟੀ ਕਰਨ ਵਾਲੀ ਵੀ ਨਹੀਂ ਹੈ। ਇਸ ਪਿੱਛੇ ਇਰਾਦਾ ਸ਼ੱਕੀ ਦੋਸ਼ੀ ਨੂੰ ਬਚਾਉਣ ਦਾ ਹੈ।

ਉਹਨਾਂ ਸਾਫ਼ ਲਿੱਖਿਆ ਹੈ ਕਿ ਕੀ ਪਰਦੇ ਦੇ ਪਿੱਛੇ ਤੱਥਾਂ ਨੂੰ ਲੁਕਾਇਆ ਜਾ ਰਿਹਾ ਹੈ? ਐਫਆਈਆਰ ਵਿੱਚ ਦੇਰੀ ਕਰਨ ਵਾਲੇ ਅਧਿਕਾਰੀ ਉੱਤੇ ਆਈਪੀਸੀ ਦੀ ਧਾਰਾ 166 ਦੇ ਤਹਿਤ ਮੁਕੱਦਮਾ ਕਿਉਂ ਨਹੀਂ ਚਲਾਇਆ ਜਾ ਰਿਹਾ ਹੈ ਹਾਲਾਂਕਿ ਉਹ ਇੱਕ ਐਫਆਈਆਰ ਦਰਜ ਕਰਨ ਲਈ ਪਾਬੰਦ ਸੀ,ਜਿਵੇਂ ਲਲਿਤਾ ਕੁਮਾਰੀ ਬਨਾਮ ਯੂਪੀ ਸਰਕਾਰ ਕੇਸ ਸੰਬੰਧੀ ਮਾਨਯੋਗ ਸੁਪਰੀਮ ਦੇ ਆਏ ਫੈਸਲੇ ਦੇ ਅਨੁਸਾਰ ਇੱਕ ਨੋਟਿਸਯੋਗ ਅਪਰਾਧ ਦੇ ਮਾਮਲੇ ਵਿੱਚ ਲਾਜ਼ਮੀ ਹੈ।

 

ਉਹਨਾਂ ਇਹ ਵੀ ਸਵਾਲ ਚੁੱਕਿਆ ਹੈ ਕਿ ਪੋਕਸੋ ਐਕਟ ਤਹਿਤ ਦਰਜ ਕੇਸ ਗੈਰ-ਜ਼ਮਾਨਤੀ ਹੋਣ ਦੇ ਬਾਵਜੂਦ ਹੁਣ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋਈ ਹੈ?  ਕੀ ਕਾਨੂੰਨ ਉੱਚ ਅਤੇ ਤਾਕਤਵਰ ਲਈ ਵੱਖਰਾ ਹੈ?

ਜਿਸ ਵਿਅਕਤੀ ‘ਤੇ ਸਵਾਲ ਉੱਠੇ ਹਨ , ਉਹ ਲਗਾਤਾਰ ਪ੍ਰਭਾਵ ਅਤੇ ਦਬਦਬੇ ਦੀ ਸਥਿਤੀ ਵਿਚ ਕਿਉਂ ਬਣਿਆ ਰਹਿੰਦਾ ਹੈ,ਜੋ ਕਿਸੇ ਦਾ ਕੈਰੀਅਰ ਬਣਾ ਅਤੇ ਤੋੜ ਸਕਦਾ ਹੈ? ਉਸ ਦੇ ਨਾਲ ਮਾਮਲੇ ਦੀ ਨਿਰਪੱਖ ਜਾਂਚ ਅਸੰਭਵ ਹੈ। ਕਮੇਟੀਆਂ ਦਾ ਗਠਨ ਸਿਰਫ ਦੇਰੀ ਅਤੇ ਟਾਲ-ਮਟੋਲ ਹੈ। ਇੱਕ ਸਾਰਥਕ ਜਾਂਚ ਅਤੇ ਸੱਚਾਈ ਨੂੰ ਬੇਨਕਾਬ ਕਰਨ ਲਈ ਅੱਗੇ ਦਾ ਇੱਕੋ ਇੱਕ ਰਸਤਾ “ਹਿਰਾਸਤੀ ਪੁੱਛਗਿੱਛ” ਹੈ, ਜਿਸ ਤੋਂ ਬਿਨਾਂ ਇਸ ਨਿਰਪੱਖ ਜਾਂਚ ਦਾ ਕੋਈ ਮਤਲਬ ਨਹੀਂ ਹੈ।

ਇਹ ਲੜਾਈ ਹਰ ਔਰਤ ਦੀ ਇੱਜ਼ਤ, ਅਖੰਡਤਾ ਅਤੇ ਸਵੈਮਾਣ ਦੀ ਹੈ ਤੇ  ਇੱਕ ਸਮਾਜ ਜੋ ਔਰਤਾਂ ਦੀ ਇੱਜ਼ਤ ਨਹੀਂ ਕਰਦਾ,ਉਹ ਨਿਘਾਰ ਵੱਲ ਚਲਾ ਜਾਂਦਾ ਹੈ। ਜੇਕਰ ਉੱਚ ਸਨਮਾਨ ਅਤੇ ਪ੍ਰਾਪਤੀਆਂ ਵਾਲੀਆਂ ਔਰਤਾਂ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਉਨ੍ਹਾਂ ਨਾਲ ਇੰਨਾ ਘਟੀਆ ਸਲੂਕ ਕੀਤਾ ਜਾਂਦਾ ਹੈ ਤਾਂ ਕਲਪਨਾ ਕਰੋ ਕਿ ਆਮ ਸੜਕਾਂ ‘ਤੇ ਘੁੰਮ ਰਹੀਆਂ ਔਰਤਾਂ ਦਾ ਕੀ ਹਾਲ ਹੋਵੇਗਾ।

ਜ਼ਿਕਰਯੋਗ ਹੈ ਕਿ ਇਸ ਸਾਲ ਜੇਲ੍ਹ ਚੋਂ ਆਪਣੀ ਸਜ਼ਾ ਭੁਗਤ ਕੇ ਬਾਹਰ ਆਏ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਕਾਫੀ ਸਰਗਰਮ ਹੋ ਗਏ ਹਨ ਤੇ ਜਲੰਧਰ ਜ਼ਿਮਨੀ ਚੋਣ ਲਈ ਪ੍ਰਚਾਰ ਦਾ ਲਗਾਤਾਰ ਹਿੱਸਾ ਬਣੇ ਹੋਏ ਹਨ । ਅੱਜ ਉਹ ਜੰਤਰ-ਮੰਤਰ ਦਿੱਲੀ ਵਿੱਚ ਚੱਲ ਰਹੇ ਪਹਿਲਵਾਨਾਂ ਦੇ ਧਰਨੇ ਵਿੱਚ ਉਹਨਾਂ ਨੂੰ ਸਮਰੱਥਨ ਦੇਣ ਲਈ ਪਹੁੰਚੇ।