India

ਭਲਵਾਨਾਂ ਦੇ ਧਰਨੇ ‘ਚ ਕਿਸਾਨਾਂ ਦਾ ਪਹੁੰਚਣਾ ਲਗਾਤਾਰ ਜਾਰੀ,ਇਸਤਰੀ ਜਾਗ੍ਰਿਤੀ ਮੰਚ ਨੇ ਵੀ ਕੀਤੀ ਸ਼ਿਰਕਤ

ਦਿੱਲੀ : ਭਲਵਾਨਾਂ ਵੱਲੋਂ ਜੰਤਰ-ਮੰਤਰ ‘ਤੇ ਚੱਲ ਰਿਹਾ ਧਰਨੇ ਨੂੰ ਸਮਰਥਨ ਦੇਣ ਲਈ ਕਿਸਾਨ ਜਥੇਬੰਦੀਆਂ ਦਾ ਆਉਣਾ ਲਗਾਤਾਰ ਜਾਰੀ ਹੈ। ਅੱਜ ਵੀ ਸੰਯੁਕਤ ਕਿਸਾਨ ਮੋਰਚਾ ਹਿਸਾਰ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਦਾ ਇੱਕ ਜਥਾ ਹਿਸਾਰ ਤੋਂ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦਾ ਸਮਰਥਨ ਕਰਨ ਲਈ ਇਥੇ ਪਹੁੰਚਿਆ ਹੈ।ਇਸ ਜਥੇ ਵਿੱਚ ਵੱਡੀ ਸੰਖਿਆ ਵਿੱਚ ਕਿਸਾਨ ਬੀਬੀਆਂ ਵੀ ਪਹੁੰਚੀਆਂ ਹਨ।

ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜਾਂਚ ਕਮੇਟੀ ਦੀ ਰਿਪੋਰਟ ਨੂੰ ਜਨਤਕ ਕਰਨ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਨੂੰ ਉਸ ਦੇ ਅਹੁਦੇ ਤੋਂ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕਰਨ ਅਤੇ ਮਹਿਲਾ ਖਿਡਾਰਨਾਂ ਦੀ ਸੁਰੱਖਿਆ ਸੁਨਿਸਚਿਤ ਕੀਤੀ ਜਾਣ ਅਤੇ ਸਮੁੱਚੇ ਖੇਡ ਤੰਤਰ ਵਿੱਚ ਰਾਜਨੀਤਕ ਪ੍ਰਭਾਵ ਵਾਲੇ ਨੇਤਾਵਾਂ ਤੋਂ ਮੁਕਤ ਕੀਤੇ ਜਾਣ ਦੀ ਮੰਗ ਕੀਤੀ ਹੈ।

ਇਸ ਤੋਂ ਇਲਾਵਾ ਇਸਤਰੀ ਜਾਗ੍ਰਿਤੀ ਮੰਚ ਨੇ ਵੀ ਅੱਜ ਧਰਨੇ ‘ਤੇ ਹਾਜਰੀ ਭਰੀ ਹੈ। ਮੰਚ ਦੀਆਂ ਆਗੂ ਬੀਬੀਆਂ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਦੇਸ਼ ਵਿੱਚ ਬੀਜੇਪੀ ਸਰਕਾਰ ਦੇ ਆਉਣ ਮਗਰੋਂ ਔਰਤਾਂ ਨਾਲ ਹੋ ਰਹੇ ਜ਼ੁਲਮਾਂ ‘ਚ ਵਾਧਾ ਹੋਇਆ ਹੈ। ਬਿਲਕੀਜ਼ ਬਾਨੋ ਦੇ ਦੋਸ਼ੀਆਂ ਦੀ ਸਜ਼ਾ ਮੁਆਫ਼ੀ,ਹਾਥਰਸ ਦੇ ਦੋਸ਼ੀਆਂ ਦੀ ਘਟਾਈ ਸਜ਼ਾ, ਪੀਜੀਆਈ ਦੀਆਂ ਵਿਦਿਆਰਥਣਾਂ ਦੁਆਰਾ ‘ਮਨ ਦੀ ਬਾਤ ‘ ਪ੍ਰੋਗਰਾਮ ਨਾ ਸੁਣਨ ਕਰਕੇ  ਇਕ ਹਫ਼ਤੇ ਲਈ ਹੋਸਟਲ ਚੋਂ ਨਿਕਲਣ ਤੇ ਲਾਈ ਪਾਬੰਦੀ ਬੀਜੇਪੀ ਸਰਕਾਰ ਦੇ ਔਰਤਾਂ ਖਿਲਾਫ਼ ਅਪਣਾਏ ਜਾਂਦੇ ਘਟੀਆ ਰਵੱਈਏ ਉੱਪਰ ਮੋਹਰ ਲਗਾ ਰਿਹਾ ਹੈ।

ਬੀਜੇਪੀ ਦੇ ਖਿਲਾਫ਼ ਜੋ ਵੀ ਖੜ੍ਹਾ ਹੁੰਦਾ ਹੈ ਸਰਕਾਰ ਉਹਨਾਂ ਨੂੰ ਥਕਾ ਕੇ ਪਿਛੇ ਮੋੜਨ , ਲੜਨ ਵਾਲੀਆਂ ਤਾਕਤਾਂ ਖਿਲਾਫ਼ ਝੂਠੇ ਪ੍ਰਚਾਰ ਕਰਕੇ ਲੋਕਾਂ ਵਿੱਚੋਂ ਨਿਖੇੜਨ ਅਤੇ ਜਬਰ ਦੀ ਨੀਤੀ ਤੇ ਚੱਲ ਰਹੀ ਹੈ। ਆਗੂਆਂ ਨੇ ਕਿਹਾ ਅੱਜ ਸਰਕਾਰ ਪੁਲਿਸ ਜਬਰ ਦੁਆਰਾ ਇਸ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੀ ਹੈ। ਆਗੂਆ ਨੇ ਕਿਹਾ ਕਿ ਜੰਤਰ ਮੰਤਰ  ਵਿੱਚ ਸੰਘਰਸ਼ ਕਰ ਰਹੀਆਂ ਲੜਕੀਆਂ ਦਾ ਮਸਲਾ ਸਮੁੱਚੇ ਸਮਾਜ ਅੰਦਰ ਔਰਤਾਂ ਖਿਲਾਫ ਪਸਰੀ ਹੋਈ ਹਿੰਸਾ ਹੈ ਅਤੇ ਇਹ ਮਹਿਜ ਔਰਤਾਂ ਦਾ ਨਹੀ ਸਮੁੱਚੇ ਸਮਾਜ ਦਾ ਮਸਲਾ ਹੈ। ਇਸ ਲਈ ਸਮੁੱਚੇ ਸਮਾਜ ਨੂੰ ਪਹਿਲਵਾਨ ਲੜਕੀਆਂ ਦੇ ਹੱਕ ਵਿਚ ਡਟਣ ਦਾ ਸੱਦਾ ਦਿੱਤਾ ।

ਆਗੂਆਂ ਨੇ ਮੰਗ ਕੀਤੀ ਕਿ ਜਾਂਚ ਕਮੇਟੀ ਦੀ ਰਿਪੋਰਟ ਨੂੰ ਜਨਤਕ ਕਰਨ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਨੂੰ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਤੇ ਨਾਲ ਹੀ  ਮਹਿਲਾ ਖਿਡਾਰਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।