India

ਧਰਨਾਕਾਰੀ ਮਹਿਲਾ ਰੈਸਲਰਾਂ ਨੂੰ ਮਿਲੀ ਪੁਲਿਸ ਸੁਰੱਖਿਆ,ਸੁਪਰੀਮ ਕੋਰਟ ਨੇ ਦਿੱਤੇ ਸੀ ਹੁਕਮ

ਦਿੱਲੀ : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀਆਂ ਮਹਿਲਾ ਪਹਿਲਵਾਨਾਂ ਨੂੰ ਦਿੱਲੀ ਪੁਲਸ ਨੇ ਸੁਰੱਖਿਆ ਮੁਹੱਈਆ ਕਰਵਾਈ ਹੈ। ਦਿੱਲੀ ਪੁਲਿਸ ਵੱਲੋਂ ਸੱਤ ਮਹਿਲਾ ਪਹਿਲਵਾਨਾਂ ਨੂੰ ਇਹ ਸੁਰੱਖਿਆ ਦਿੱਤੀ ਗਈ ਹੈ।

ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਮਹਿਲਾ ਪਹਿਲਵਾਨਾਂ ਨੂੰ ਸੁਰੱਖਿਆ ਦੇਣ ਲਈ ਕਿਹਾ ਸੀ। ਹੁਣ ਦਿੱਲੀ ਪੁਲਿਸ ਜਲਦੀ ਹੀ ਮਹਿਲਾ ਪਹਿਲਵਾਨਾਂ ਦੇ ਬਿਆਨ ਦਰਜ ਕਰ ਸਕਦੀ ਹੈ। ਦਿੱਲੀ ਪੁਲਿਸ ਸਾਰੇ ਪਹਿਲਵਾਨਾਂ ਦੇ ਸੰਪਰਕ ਵਿੱਚ ਹੈ।ਭਾਜਪਾ ਸੰਸਦ ਮੈਂਬਰ ਅਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਸੱਤ ਮਹਿਲਾ ਪਹਿਲਵਾਨਾਂ ਅਤੇ ਇੱਕ ਨਾਬਾਲਗ ਲੜਕੀ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਪੁਲਿਸ ਹੁਣ ਇਨ੍ਹਾਂ ਸੱਤ ਸ਼ਿਕਾਇਤਕਰਤਾਵਾਂ ਦੇ ਬਿਆਨ ਦਰਜ ਕਰੇਗੀ।

ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਮਹਿਲਾ ਪਹਿਲਵਾਨਾਂ ਦੁਆਰਾ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਹਨ।

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਅਤੇ ਧਮਕਾਉਣ ਦੇ ਦੋਸ਼ ਲਗਾਉਣ ਵਾਲੇ ਪਹਿਲਵਾਨਾਂ ਨੇ 23 ਅਪ੍ਰੈਲ ਤੋਂ ਆਪਣਾ ਅੰਦੋਲਨ ਮੁੜ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਨਵਰੀ ‘ਚ ਧਰਨਾ ਦਿੱਤਾ ਸੀ।