India

ਪੰਜਾਬ ਨੈਸ਼ਨਲ ਬੈਂਕ ਨੇ ਸਖਤ ਕੀਤੇ ATM ਨਿਯਮ ! ਪੈਸੇ ਕੱਢਣ ਵੇਲੇ ਇਹ ਗਲਤੀ ਕੀਤੀ ਤਾਂ ਜੁਰਮਾਨਾ ਭਰਨਾ ਹੋਵੇਗਾ

ਚੰਡੀਗੜ੍ਹ : ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਨਿਯਮਾਂ ਵਿੱਚ ਬਦਲਾਅ ਕਰਕੇ ਗਾਹਕਾਂ ਨੂੰ ਤਿੰਨ ਵੱਡੇ ਝਟਕੇ ਦਿੱਤੇ ਹਨ। ਇੱਕ ਨਿਯਮ ਨੂੰ ਲਾਗੂ ਕਰ ਦਿੱਤਾ ਗਿਆ ਹੈ ਜਦਕਿ ਦੋ ਹੋਰ ਨਿਯਮਾਂ ਨੂੰ ਜਲਦ ਹੀ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਿਸ ਨਿਯਮ ਨੂੰ ਲਾਗੂ ਕੀਤਾ ਗਿਆ ਹੈ ਉਸ ਮੁਤਾਬਕ ਹੁਣ ਏਟੀਐੱਮ(ATM) ਤੋਂ ਪੈਸੇ ਕਢਵਾਉਣ ਦੇ ਲਈ ਤੁਹਾਨੂੰ ਸਾਵਧਾਨੀ ਵਰਤਨੀ ਪਏਗੀ। ਜੇਕਰ ਤੁਹਾਡੀ ਟਰਾਂਸਜੈਕਸ਼ਨ ਫੇਲ੍ਹ ਹੋ ਜਾਂਦੀ ਹੈ ਤਾਂ ਤੁਹਾਨੂੰ ਜੁਰਮਾਨਾ ਵੀ ਦੇਣਾ ਹੋਵੇਗਾ। ਹਰ ਇੱਕ ਫੇਲ੍ਹ ਟਰਾਂਸਜੈਕਸ਼ਨ ‘ਤੇ 10 ਰੁਪਏ ਜੁਰਮਾਨਾ ਪਲਸ GST ਵੀ ਦੇਣਾ ਹੋਵੇਗਾ।

ਉਦਾਹਰਣ ਨਾਲ ਤੁਹਾਨੂੰ ਸਮਝਾਉਂਦੇ ਹਾਂ ਜਿਵੇਂ ਤੁਹਾਡੇ ਅਕਾਉਂਟ ਵਿੱਚ ਸਿਰਫ਼ 10 ਹਜ਼ਾਰ ਹਨ ਪਰ ਤੁਸੀਂ 12 ਹਜ਼ਾਰ ATM ਵਿੱਚ ਕਢਵਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਸ ਦੌਰਾਨ ਤੁਹਾਡਾ ਬੈਂਕ ਬੈਲੰਸ ਘੱਟ ਹੋਣ ਦੀ ਵਜ੍ਹਾ ਕਰਕੇ ATM ਤੁਹਾਡੀ ਅਰਜ਼ੀ ਖਾਰਜ ਕਰ ਦਿੰਦਾ ਹੈ। ਪਰ ਹੁਣ ਤੁਹਾਨੂੰ ਇਸ ਗਲਤੀ ਦੇ ਲਈ 10 ਰੁਪਏ ਪਲਸ ਜੀਐੱਸਟੀ ਜੁਰਮਾਨਾ ਦੇਣਾ ਹੋਵੇਗਾ, ਜਿੰਨੀ ਵਾਰ ਤੁਸੀਂ ਕੋਸ਼ਿਸ਼ ਕਰੋਗੇ ਤੁਹਾਨੂੰ ਜੁਰਮਾਨਾ ਜੋੜਦਾ ਜਾਵੇਗਾ । ਪੰਜਾਬ ਨੈਸ਼ਨਲ ਬੈਂਕ ਨੇ ਇਹ ਨਿਯਮ ਇੱਕ ਮਈ ਤੋਂ ਲਾਗੂ ਕਰ ਦਿੱਤਾ ਹੈ। ਹਾਲਾਂਕਿ ਬੈਂਕ ਨੇ ਇਹ ਸਾਫ ਨਹੀਂ ਕੀਤਾ ਹੈ ਕਿ ਜੇਕਰ ਕਿਸੇ ਹੋਰ ਬੈਂਕ ਦਾ ਡੈਬਿਟ ਕਾਰਡ ਗਾਹਰ ਪੰਜਾਬ ਨੈਸ਼ਨਲ ਬੈਂਕ ਦੇ ATM ਵਿੱਚ ਵਰਤ ਦਾ ਹੈ ਤਾਂ ਵੀ ਜੁਰਮਾਨਾ ਦੇਣਾ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਨੇ 2 ਹੋਰ ਝਟਕੇ ਗਾਹਕਾਂ ਨੂੰ ਦੇਣ ਦੀ ਤਿਆਰੀ ਕਰ ਰਿਹਾ ਹੈ।

ਬੈਂਕ ਵੱਲੋਂ ਡਬਲ ਝਟਕੇ ਦੀ ਤਿਆਰੀ

ਪੰਜਾਬ ਨੈਸ਼ਨਲ ਬੈਂਕ ਵੱਲੋਂ ਡੈਬਿਟ ਕਾਰਡ ਦੀ ਸਾਲਾਨਾ ਫੀਸ ਵਧਾਉਣ ਦੀ ਵੀ ਤਿਆਰੀ ਚੱਲ ਰਹੀ ਹੈ। ਹਰ ਬੈਂਕ ਇਹ ਫੀਸ ਆਪਣੇ ਗਾਹਕਾਂ ਤੋਂ ਡੈਬਿਟ ਕਾਰਡ ਸੇਵਾ ਦੇਣ ਦੇ ਲਈ ਚਾਰਜ ਕਰਦਾ ਹੈ। ਇਸ ਤੋਂ ਇਲਾਵਾ ਬੈਂਕ ਈ-ਕਾਮਰਸ ਟਰਾਂਸਜੈਕਸ਼ਨ (e-commerce transactions) ਵਿੱਚ ਵੀ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਡੈਬਿਟ ਕਾਰਡ ਦੇ ਨਾਲ ਆਨ ਲਾਈਨ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ ਇਸ ਦੇ ਲਈ ਫੀਸ ਦੇਣੀ ਪੈ ਸਕਦੀ ਅਤੇ ਬੈਂਕ ਜਲਦ ਹੀ ਇਸ ਨੂੰ ਸ਼ੁਰੂ ਕਰਨ ਜਾ ਰਿਹਾ ਹੈ ।

ਬੈਂਕ ਵੱਲੋਂ ਹੋਰ ਅਹਿਮ ਜਾਣਕਾਰੀ ਸਾਂਝੀ

ਪੰਜਾਬ ਨੈਸ਼ਨਲ ਬੈਂਕ ਵੱਲੋਂ 2 ਹੋਰ ਅਹਿਮ ਜਾਣਕਾਰੀਆਂ ਸਾਂਝੀ ਕੀਤੀਆਂ ਗਈਆਂ ਹਨ। ਗਾਹਕਾਂ ਨੂੰ ਦੱਸਿਆ ਗਿਆ ਹੈ ਕਿ ਜੇਕਰ ਉਹ ATM ਤੋਂ ਪੈਸੇ ਕੱਢਵਾਉਂਦੇ ਹਨ ਪਰ ਕੈਸ਼ ਬਾਹਰ ਨਹੀਂ ਆਉਂਦਾ ਹੈ ਅਤੇ ਅਕਾਉਂਟ ਤੋਂ ਡੈਬਿਟ ਹੋ ਜਾਂਦਾ ਹੈ ਤਾਂ ਇਸ ਦੀ ਜਾਣਕਾਰੀ 7 ਦਿਨਾਂ ਦੇ ਅੰਦਰ ਦਿੱਤੀ ਜਾਵੇਂ। ਜੇਕਰ ਬੈਂਕ 30 ਦਿਨਾਂ ਵਿੱਚ ਇਸ ਨੂੰ ਸੁਲਝਾਉਣ ਵਿੱਚ ਸਮਰਥ ਨਹੀਂ ਹੁੰਦਾ ਤਾਂ ਗਾਹਕ ਨੂੰ 100 ਰੁਪਏ ਹਰ ਰੋਜ਼ ਦੇ ਹਿਸਾਬ ਨਾਲ ਦੇਵੇਗਾ। ਗਾਹਕ ਇਸ ਦੇ ਖਿਲਾਫ਼ 0120.2490000 ਨੰਬਰ ‘ਤੇ ਸ਼ਿਕਾਇਤ ਵੀ ਦਰਜ ਕਰ ਸਕਦਾ ਹੈ ।
ਜੇਕਰ ਗਾਹਕ ਦਾ ATM ਕਾਰਡ ਗੁੰਮ ਜਾਂਦਾ ਹੈ ਤਾਂ ਬੈਂਕ ਨੇ ਬਲਾਕ ਦੇ ਲਈ ਟੋਲ ਫ੍ਰੀ ਨੰਬਰ 1800 180 2222 ‘ਤੇ ਜਾਣਕਾਰੀ ਦੇਣ ਲਈ ਕਿਹਾ ਹੈ ਇਸ ਤੋਂ ਇਲਾਵਾ ਬੈਂਕ ਨੂੰ SMS 607040 ਦੇ ਜ਼ਰੀਏ ਵੀ ਇਸ ਨੂੰ ਬਲਾਕ ਕਰਵਾ ਸਕਦੇ ਹਨ। ਬੈਂਕ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਇਹ ਬਦਲਾਅ ਗਾਹਕਾਂ ਨੂੰ ਚੰਗੀ ਸਰਵਿਸ ਦੇਣ ਦੇ ਲਈ ਕੀਤੇ ਗਏ ਹਨ ।