Punjab

ਕੈਪਟਨ ਸਾਬ੍ਹ ! ਤੁਹਾਨੂੰ ਪੰਜਾਬ ਦੇ ਜੈਚੰਦ ਵਜੋਂ ਯਾਦ ਕੀਤਾ ਜਾਵੇਗਾ – ਨਵਜੋਤ ਸਿੱਧੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫਰੰਸ ਦੌਰਾਨ ਹੀ ਟਵੀਟ ਕਰਕੇ ਕੈਪਟਨ ‘ਤੇ ਨਿਸ਼ਾਨਾ ਕੱਸਿਆ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਜੈਚੰਦ ਕਿਹਾ। ਸਿੱਧੂ ਨੇ ਕਿਹਾ ਕਿ ਜ਼ਲਾਲਤ ਭਰੀ ਤਰਸਯੋਗ ਹਾਲਤ ਤੋਂ ਵੱਡਾ ਦੁੱਖ ਕੋਈ ਨਹੀਂ ! ਕੀ ਤੁਹਾਨੂੰ ਚੰਗੀ ਕਾਰਗੁਜ਼ਾਰੀ ਲਈ ਜਲੀਲ ਕਰਕੇ ਹਟਾਇਆ ਗਿਆ ? ਜਾਂ 18 ਨੁਕਾਤੀ ਏਜੰਡੇ ਨੇ ਪੰਜਾਬ ਦੇ ਸਭ ਤੋਂ ਨਲਾਇਕ ਮੁੱਖ ਮੰਤਰੀ ਨੂੰ ਧੌਣ ਤੋਂ ਫੜ ਕੇ ਅਹੁਦਿਓਂ ਲਾਹ ਦਿੱਤਾ। ਤੁਹਾਨੂੰ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਜੈ ਚੰਦ ਵੱਜੋਂ ਯਾਦ ਰੱਖਿਆ ਜਾਵੇਗਾ, ਤੁਸੀਂ ਸੱਚਮੁੱਚ ਹੀ ਚੱਲੇ ਹੋਇਆ ਕਾਰਤੂਸ ਹੋ।

ਸਿੱਧੂ ਨੇ ਕਿਹਾ ਕਿ ਕੀ ਤੁਹਾਡੀ ਜਵਾਬਦੇਹੀ ਤੈਅ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਤੁਹਾਡੇ ਉੱਪਰ ਰਹਿਮ ਕਰਨ ਲਈ ਬਣਾਈ ਗਈ ਸੀ ? ਵਿਧਾਇਕ ਤੁਹਾਡੇ ਵਿਰੁੱਧ ਕਿਉਂ ਸਨ ? ਕਿਉਂਕਿ ਸਭ ਜਾਣਦੇ ਨੇ ਕਿ ਤੁਹਾਡੀ ਬਾਦਲਾਂ ਨਾਲ ਮਿਲੀਭੁਗਤ ਹੈ ! ਤੁਹਾਡੀ ਇੱਕੋ-ਇੱਕ ਇੱਛਾ ਮੈਨੂੰ ਹਰਾਉਣਾ ਹੈ, ਕੀ ਤੁਸੀਂ ਕਦੇ ਇਹ ਵੀ ਚਾਹਿਆ ਹੈ ਕਿ ਪੰਜਾਬ ਜਿੱਤੇ ? ਬਾਦਲਾਂ ਅਤੇ ਬੀ.ਜੇ.ਪੀ. ਨਾਲ ਤੁਹਾਡੀ 75/25 ਵਾਲੀ ਸਾਂਝ ਕਿਸੇ ਤੋਂ ਲੁਕੀ ਨਹੀਂ।

ਸਿੱਧੂ ਨੇ ਟਵੀਟ ਕਰਕੇ ਕੈਪਟਨ ‘ਤੇ ਖੁਦ ਨੂੰ ਬਚਾਉਣ ਲਈ ਪੰਜਾਬ ਨਾਲ ਸਮਝੌਤਾ ਕਰਨ ਦਾ ਇਲਜ਼ਾਮ ਲਗਾਇਆ ਹੈ। ਸਿੱਧੂ ਨੇ ਟਵੀਟ ਕੀਤਾ ਕਿ “ਅਸੀਂ ਪੰਜਾਬ ਕਾਂਗਰਸ ਦੇ 78 ਵਿਧਾਇਕ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਵਿੱਚ ਪੰਜਾਬ ਦਾ ਉਹ ਮੁੱਖ ਮੰਤਰੀ ਮਿਲਿਆ ਸੀ ਜਿਸਦੀ ਲਗਾਮ ਈ.ਡੀ. ਦੇ ਸਿਕੰਜੇ ਰਾਹੀਂ ਬੀ.ਜੇ.ਪੀ. ਦੇ ਹੱਥਾਂ ਵਿੱਚ ਹੈ।… ਜਿਸਨੇ ਆਪਣਾ ਚੰਮ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ ! ਜੋ ਪੰਜਾਬ ਅੰਦਰ ਇਨਸਾਫ਼ ਅਤੇ ਵਿਕਾਸ ਦਾ ਰਾਹ ਰੋਕਣ ਵਾਲੀ ਨਾਕਾਰਾਤਮਕ ਤਾਕਤ ਸੀ। ਜੋ ਜਾਣਬੁੱਝ ਕੇ ਪੰਜਾਬ ਦੋਖੀਆਂ ਨੂੰ ਬਚਾਉਣ ਖਾਤਰ ਪੰਜਾਬ ਦੇ ਸਭ ਤੋਂ ਅਹਿਮ ਮੁੱਦਿਆਂ ਉੱਪਰ ਬੇਫ਼ਿਕਰੀ ਦੀ ਨੀਂਦ ਸੁੱਤਾ ਰਿਹਾ।” ਹਾਲਾਂਕਿ, ਕੈਪਟਨ ਨੇ ਸਿੱਧੂ ਦੇ ਇਸ ਟਵੀਟ ਦਾ ਜਵਾਬ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਹੀ ਦੇ ਦਿੱਤਾ ਸੀ ਕਿ ਉਹ ਸਿਰਫ ਸੀਐੱਮ ਰਹਿੰਦਿਆਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਨੂੰ ਮਿਲਦੇ ਸਨ।

ਸਿੱਧੂ ਨੇ ਇੱਕ ਹੋਰ ਟਵੀਟ ਕਰਕੇ ਕੈਪਟਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ “ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ, ਤੁਸੀਂ ਮੇਰਾ ਰਾਹ ਰੋਕਣਾ ਚਾਹਿਆ ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ ਤੇ ਤਾਕਤ ‘ਚ ਨਾ ਹੁੰਦੇ ਹੋਏ ਵੀ ਸੱਚ ਬੋਲਦਾ ਰਿਹਾ। ਪਿਛਲੀ ਵਾਰ ਵੀ ਤੁਸੀਂ ਆਪਣੀ ਪਾਰਟੀ ਬਣਾ ਸਿਰਫ਼ 856 ਵੋਟਾਂ ਲੈ ਕੇ ਆਪਣੀ ਜ਼ਮਾਨਤ ਜ਼ਬਤ ਕਰਵਾਈ ਸੀ। ਇਕ ਵਾਰ ਫਿਰ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਦੀ ਸਜ਼ਾ ਤੁਹਾਨੂੰ ਦੇਣ ਲਈ ਪੰਜਾਬ ਦੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।”