Punjab

ਮੋਰਿੰਡਾ ਬੇਅਦਬੀ ਦੇ ਮੁਲਜ਼ਮ ਦੇ ਨਾਲ ਹੋਇਆ ਇਹ ਕੰਮ !

ਮੋਰਿੰਡਾ :    ਮੋਰਿੰਡਾ ਬੇਅਦਬੀ ਮਾਮਲੇ ਦੇ ਮੁਲਜ਼ਮ ਜਸਬੀਰ ਸਿੰਘ ‘ਤੇ ਹਮਲਾ ਕੀਤਾ ਗਿਆ ਹੈ । ਜਦੋਂ ਉਸ ਨੂੰ ਰੋਪੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਇੱਕ ਸਿੱਖ ਵਕੀਲ ਨੇ ਉਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਪੁਲਿਸ ਨੇ ਹਮਲਾ ਕਰਨ ਵਾਲੇ ਵਕੀਲ ਨੂੰ ਹਿਰਾਸਤ ਵਿੱਚ ਲਿਆ ਹੈ, ਬੀਬੀਸੀ ਮੁਤਾਬਿਕ ਜਿਸ ਵਕੀਲ ਨੇ ਹਮਲਾ ਕੀਤਾ ਹੈ ਉਸ ਦਾ ਨਾਂ ਸਾਹਿਬ ਖੁਰਲ ਦੱਸਿਆ ਜਾ ਰਿਹਾ ਹੈ ਉਸ ‘ਤੇ ਪਿਸਤੌਲ ਤਾਣ ਲਈ, ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਚੁਸਤੀ ਵਿਖਾਉਂਦੇ ਹੋਏ ਵਕੀਲ ਨੂੰ ਕਾਬੂ ਕਰ ਲਿਆ ਗਿਆ। ਇਸ ਤੋਂ ਪਹਿਲਾਂ ਰੋਪੜ ਬਾਰ ਐਸੋਸੀਏਸ਼ਨ ਨੇ ਜਸਬੀਰ ਸਿੰਘ ਦਾ ਕੇਸ ਲੜਨ ਤੋਂ ਇਨਕਾਰ ਕੀਤਾ ਸੀ।

24 ਅਪ੍ਰੈਲ ਨੂੰ ਮੁਲਜ਼ਮ ਨੇ ਜਦੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਤਾਂ ਲੋਕਾਂ ਨੇ ਗੁੱਸੇ ਵਿੱਚ ਉਸ ਦੇ ਘਰ ਵਿੱਚ ਭੰਨਤੋੜ ਕੀਤੀ ਸੀ। ਪੂਰਾ ਪਰਿਵਾਰ ਘਰ ਛੱਡ ਕੇ ਚੱਲਾ ਗਿਆ ਸੀ । ਮਰਿੰਡਾ ਦੇ ਲੋਕਾਂ ਨੇ ਪੂਰਾ ਸ਼ਹਿਰ ਬੇਅਦਬੀ ਦੇ ਰੋਸ ਵਿੱਚ ਬੰਦ ਕਰ ਦਿੱਤਾ ਸੀ, 2 ਦਿਨ ਦੁਕਾਨਾਂ ਬੰਦ ਰਹੀਆਂ ਸਨ ਸਿੱਖ ਸੰਗਤ ਨੇ ਸੜਕਾਂ ‘ਤੇ ਜਾਮ ਲੱਗਾ ਦਿੱਤਾ ਸੀ । ਥਾਣੇ ਦਾ ਘਿਰਾਓ ਕੀਤੀ ਸੀ ਇਸ ਤੋਂ ਬਾਅਦ ਪੁਲਿਸ ਨੇ ਜਦੋਂ 2 ਹੋਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਤਾਂ ਧਰਨਾ ਖਤਮ ਹੋਇਆ।

ਰੋਪੜ ਪੁਲਿਸ ਨੇ ਲੋਕਾਂ ਦੀ ਸ਼ਿਕਾਇਤ ‘ਤੇ ਪ੍ਰਮਾਤਮਾ ਸਿੰਘ ਅਤੇ ਜਸਵਿੰਦਰ ਸਿੰਘ ਨਾਂ ਦੇ ਸ਼ਖਸ ਖਿਲਾਫ ਮਾਮਲਾ ਦਰਜ ਕੀਤਾ ਸੀ । ਪਰਮਾਤਮਾ ਸਿੰਘ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਸੇਵਾਦਾਰ ਸੀ । ਦੋਵਾਂ ਵਿਅਕਤੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 153 ਅਤੇ 34 ਤਹਿਤ ਕੇਸ ਦਰਜ ਹੋਇਆ ਹੈ। ਗੁਰਮੀਤ ਸਿੰਘ ਨਾਮ ਦੇ ਵਿਅਕਤੀ ਦੇ ਬਿਆਨਾਂ ਦੇ ਅਧਾਰ ‘ਤੇ ਦਰਜ਼ ਕੀਤੇ ਗਏ ਇਸ ਕੇਸ ਵਿੱਚ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਸਾਜ਼ਿਸ਼ ਰਚਣ ਦਾ ਇਲਜ਼ਾਮ ਇਹਨਾਂ ‘ਤੇ ਲੱਗਿਆ ਹੈ ।

24 ਅਪ੍ਰੈਲ ਨੂੰ ਮੁਲਜ਼ਮ ਨੇ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕੋਤਵਾਲੀ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤੀ ਸੀ। ਮੁਲਜ਼ਮ ਜੰਗਲਾ ਖੋਲ੍ਹ ਕੇ ਅੰਦਰ ਆਇਆ ਅਤੇ ਤਾਬਿਆਂ ਦੇ ਬੈਠੇ ਪਾਠਿਆਂ ਨੂੰ ਪਹਿਲਾਂ ਚਪੇੜਾ ਮਾਰੀਆ ਅਤੇ ਫਿਰ ਉਨ੍ਹਾਂ ਦੀ ਪੱਗ ਲਾ ਦਿੱਤੀ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਫਿਆਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸਿਸ਼ ਕੀਤੀ ਗਈ ਸੀ। ਗੁਰਦੁਆਰੇ ਵਿੱਚ ਮੌਜੂਦ ਸੰਗਤ ਨੇ ਉਸ ਨੂੰ ਫੜਿਆ ਅਤੇ ਕੁੱਟਮਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ । ਮੁਲਜ਼ਮ ਦੇ ਖਿਲਾਫ 295 A,307,323 506 ਧਾਰਾਵਾਂ ਅਧੀਨ ਮਾਮਲਾ ਦਰਜ ਹੋਇਆ ਸੀ ।

ਉਧਰ ਫਰੀਦਕੋਟ ਵਿੱਚ ਹੋਈ ਬੇਅਦਬੀ ਮਾਮਲੇ ਵਿੱਚ ਵੀ ਮੁਲਜ਼ਮ ਵਿੱਕੀ ਮਸੀਹ ਨੇ ਬੀਤੇ ਦਿਨ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਉਸ ਨੇ ਬਲੇਡ ਦੇ ਨਾਲ ਆਪਣਾ ਹੱਥ ਵੱਢ ਲਿਆ ਸੀ ।