ਸ਼ਾਹਜਹਾਂਪੁਰ : ਅਦਾਲਤ ਵਲੋਂ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਠਹਿਰਾਏ ਗਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ 17 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਵਿਸ਼ਨੂੰ ਵਾਟਿਕਾ ‘ਚ ਆਨਲਾਈਨ “ਸਤਿਸੰਗ” ਦਾ ਆਯੋਜਨ ਕੀਤਾ ਗਿਆ ਸੀ, ਜੋ ਕਿ ਹੁਣ ਚਰਚਾਵਾਂ ਵਿੱਚ ਹੈ।
ਹੋਇਆ ਇਹ ਕਿ ਸਤਿਸੰਗ ਦੀ ਵੀਡੀਓ ਸਾਹਮਣੇ ਆਈ ਹੈ ਤੇ ਉਸ ਵਿੱਚ ਕੁੱਝ ਅਜਿਹਾ ਸੀ,ਜਿਸ ਤੋਂ ਬਾਅਦ ਹੁਣ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਦਰਅਸਲ, ਵੱਡੀ ਗੱਲ ਇਹ ਸੀ ਕਿ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਲੋਕਾਂ ਵਿੱਚ ਸਕੂਲੀ ਵਰਦੀ ਪਾਏ ਹੋਏ 300 ਬੱਚੇ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਸਨ।
ਮੁੱਢਲੀ ਸਿੱਖਿਆ ਅਧਿਕਾਰੀ ਸੁਰਿੰਦਰ ਸਿੰਘ ਨੇ ਮੰਨਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਉਹਨਾਂ ਦੱਸਿਆ ਹੈ ਕਿ ਇਸ ਪ੍ਰੋਗਰਾਮ ਵਿੱਚ ਆਪਣੇ ਵਿਦਿਆਰਥੀਆਂ ਨੂੰ ਭੇਜਣ ਵਾਲੇ ਸਕੂਲ ਦੀ ਪਛਾਣ ਕਰਨ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ, “ਸਾਨੂੰ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ ਸਕੂਲੀ ਵਿਦਿਆਰਥੀ ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਇਸ ਮੁੱਦੇ ਨੂੰ ਜ਼ਿਲ੍ਹਾ ਸਕੂਲ ਇੰਸਪੈਕਟਰ ਕੋਲ ਉਠਾਇਆ ਜਾਵੇਗਾ।”
ਇਸ ਤੋਂ ਪਹਿਲਾਂ ਵੀ ਇੱਕ ਵਾਰ ਰਾਮ ਰਹੀਮ ਦੇ ਸਤਿਸੰਗ ਪ੍ਰੋਗਰਾਮ ਬਾਰੇ ਜਦੋਂ ਵੀਹੀਪ ਅਤੇ ਬਜਰੰਗ ਦਲ ਦੇ ਵਰਕਰਾਂ ਨੂੰ ਪਤਾ ਲੱਗਾ ਸੀ ਤਾਂ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚ ਪ੍ਰੋਗਰਾਮ ਨੂੰ ਰੋਕਣ ਲਈ ਕਿਹਾ ਤੇ ਉਸ ਥਾਂ ‘ਤੇ ਲਗਾਏ ਗਏ ਰਾਮ-ਰਹੀਮ ਦੇ ਬੈਨਰ ਅਤੇ ਹੋਰਡਿੰਗਜ਼ ਨੂੰ ਪਾੜ ਦਿੱਤਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਨਜ਼ਦੀਕੀ ਥਾਣੇ ਦੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਸਥਿਤੀ ‘ਤੇ ਕਾਬੂ ਪਾਇਆ। ਪੁਲੀਸ ਨੇ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ।
ਡੇਰਾ ਸਾਧ ਦੇ ਇਸ ਪ੍ਰੋਗਰਾਮ ਨੂੰ ਇਸ ਲਈ ਬੰਦ ਕਰਵਾਇਆ ਗਿਆ ਸੀ ਕਿਉਂਕਿ ਪ੍ਰਬੰਧਕਾਂ ਨੇ ਇਸ ਦੀ ਇਜਾਜ਼ਤ ਨਹੀਂ ਲਈ ਸੀ।
ਡੇਰਾ ਸਾਧ ਰਾਮ ਰਹੀਮ ‘ਤੇ ਆਪਣੀਆਂ ਹੀ ਚੇਲੀਆਂ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਸਨ ਤੇ ਅਦਾਲਤ ਵਿੱਚ ਇਹ ਸਾਬਤ ਵੀ ਹੋ ਗਏ ਸੀ।ਜਿਸ ਦੇ ਦੋਸ਼ ‘ਚ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਨਾਂ ਹੀ ਨਹੀਂ,ਇੱਕ ਪੱਤਰਕਾਰ ਤੇ ਇੱਕ ਸੇਵਾਦਾਰ ਦੇ ਕਤਲ ਦੇ ਜੁਰਮ ਵਿੱਚ ਵੀ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ,ਜਿਸ ਲਈ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਪਰ ਅੱਜਕਲ ਪੈਰੋਲ ਤੇ ਬਾਹਰ ਆਇਆ ਹੋਇਆ ਹੈ ਤੇ ਉੱਤਰ ਪ੍ਰਦੇਸ਼ ਵਿੱਚ ਰਹਿ ਰਿਹਾ ਹੈ।