Punjab

ਸਿੱਧੂ ਦੇ ਸਲਾਹਕਾਰ ਨੇ ਕੈਪਟਨ ਨੂੰ ਦਿੱਤੀ ਚਿਤਾਵਨੀ

‘ਦ ਖ਼ਾਲਸ ਬਿਊਰੋ :- ਨਵਜੋਤ ਸਿੰਘ ਸਿੱਧੂ ਦੇ ਰਣਨੀਤਕ ਸਲਾਹਕਾਰ ਅਤੇ ਸਾਬਕਾ ਆਈਪੀਐੱਸ ਮੁਹੰਮਦ ਮੁਸਤਫਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਮੁੜ ਨਿਸ਼ਾਨਾ ਕੱਸਦਿਆਂ ਇੱਕ ਟਵੀਟ ਕੀਤਾ ਹੈ। ਮੁਸਤਫ਼ਾ ਨੇ ਆਪਣਾ ਟਵੀਟ ਇੱਕ ਕਵਿਤਾ ਨਾਲ ਸ਼ੁਰੂ ਅਤੇ ਖ਼ਤਮ ਕੀਤਾ ਹੈ। ਮੁਸਤਫ਼ਾ ਨੇ ਸ਼ੁਰੂ ਵਿੱਚ ਲਿਖਿਆ ਸੀ ਕਿ “ਨਾ ਤਾਂ ਖੰਜਰ ਉੱਠੇਗਾ, ਨਾ ਤਲਵਾਰ ਇੰਨ੍ਹਾਂ ਤੋਂ, ਇਹ ਬਾਹਾਂ ਮੇਰੀਆਂ ਅਜਮਾਈਆ ਹੋਈਆਂ ਨੇ।” ਅੰਤ ਵਿੱਚ ਲਿਖਿਆ ਗਿਆ ਹੈ ਕਿ “ਤੁਸੀਂ ਸਿੱਟਣ ‘ਚ ਲੱਗੇ ਸੀ, ਤੁਸੀਂ ਸੋਚਿਆ ਹੀ ਨਹੀਂ, ਮੈਂ ਡਿੱਗਿਆ ਤਾਂ ਮਸਲਾ ਬਣਕੇ ਖੜ੍ਹਾ ਹੋ ਜਾਵਾਂਗਾ।”

ਮੁਸਤਫਾ ਨੇ ਟਵੀਟ ‘ਚ ਦਾਅਵਾ ਕੀਤਾ ਕਿ ਕੈਪਟਨ ਕਿਸੇ ਵੀ ਸੀਟ ਤੋਂ ਚੋਣ ਲੜ ਲੈਣ, ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਜਾਵੇਗੀ। ਜੇ ਅਜਿਹਾ ਨਾ ਹੋਇਆ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਉਹ ਪੰਜਾਬ ਦੀਆਂ 117 ਸੀਟਾਂ ਵਿੱਚੋਂ ਕੋਈ ਵੀ ਵਿਧਾਨ ਸਭਾ ਹਲਕਾ ਚੁਣ ਸਕਦੇ ਹਨ। ਮੁਸਤਫਾ ਨੇ ਇੱਥੋਂ ਤੱਕ ਕਿਹਾ ਕਿ ਸਿੱਧੂ ਕੈਪਟਨ ਨੂੰ ਉਨ੍ਹਾਂ ਦੇ ਘਰ ਯਾਨੀ ਪਟਿਆਲਾ ਵਿੱਚ ਹਰਾਉਣ ਲਈ ਤਿਆਰ ਹਨ। ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਬਜਾਏ ਅਮਰਿੰਦਰ ਨੂੰ ਖੁਦ ਸਿੱਧੂ ਦੇ ਵਿਰੁੱਧ ਆਉਣਾ ਚਾਹੀਦਾ ਹੈ।

ਮੁਸਤਫਾ ਨੇ ਕਿਹਾ ਕਿ ਕੈਪਟਨ ਮੁੱਖ ਮੰਤਰੀ ਦੀ ਕੁਰਸੀ ਜਾਣ ਕਾਰਨ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੇ ਹਨ, ਉਹ ਆਪਣੀ ਤਕਦੀਰ ਨਹੀਂ ਬਦਲ ਸਕਦੇ, ਸਿੱਧੂ ਦੀ ਕਿਸਮਤ ਕੀ ਬਦਲਣਗੇ। ਕੈਪਟਨ ਦੇ ਕਾਂਗਰਸ ਛੱਡਣ ਦੇ ਬਿਆਨ ‘ਤੇ ਮੁਸਤਫਾ ਨੇ ਕਿਹਾ ਕਿ ਉਹ ਇਹ ਸੁਣ ਕੇ ਹੈਰਾਨ ਹਨ, ਪਰ ਕੀ ਉਹ ਹੁਣ ਤੱਕ ਕਾਂਗਰਸ ‘ਚ ਸਨ, ਉਹ ਤਾਂ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਹਨ। ਕਾਂਗਰਸ ਦੇ ਨਾਮ ਦਾ ਤਾਂ ਉਨ੍ਹਾਂ ਨੇ ਇੱਕ ਚੋਲ੍ਹਾ ਹੀ ਪਾਇਆ ਹੋਇਆ ਸੀ, ਤਾਂ ਜੋ ਉਨ੍ਹਾਂ ਦੀ ਮੁੱਖ ਮੰਤਰੀ ਦੀ ਕੁਰਸੀ ਬਰਕਰਾਰ ਰਹੇ। ਪਰ ਜਿਨ੍ਹਾਂ ਪਾਰਟੀਆਂ ‘ਚ ਉਹ ਆਪਣਾ ਭਵਿੱਖ ਲੱਭ ਰਹੇ ਹਨ, ਉਨ੍ਹਾਂ ‘ਚ ਡਬਲ ਕ੍ਰਾਸ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ।