India Punjab

ਮੈਂ ਸਾਬਕਾ ਮੁੱਖ ਮੰਤਰੀ ਨਹੀਂ, ਭਾਰਤੀ ਫੁੱਟਬਾਲ ਟੀਮ ਦਾ ਗੋਲਕੀਪਰ ਹਾਂ

ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦਿੱਤਾ ਹੈ, ਉਦੋਂ ਤੋਂ ਮੀਡੀਆ ਦੀਆਂ ਨਜ਼ਰਾਂ ਕੈਪਟਨ ਅਮਰਿੰਦਰ ਸਿੰਘ ‘ਤੇ ਟਿਕੀਆਂ ਹੋਈਆਂ ਹਨ ਕਿ ਉਹ ਭਵਿੱਖ ਵਿੱਚ ਕੀ ਕਰਨਗੇ, ਕਿਹੜੀ ਪਾਰਟੀ ਵਿੱਚ ਸ਼ਾਮਿਲ ਹੋਣਗੇ ਜਾਂ ਫਿਰ ਆਪਣੀ ਕੋਈ ਪਾਰਟੀ ਬਣਾਉਣਗੇ।

Amrinder Singh leaves Mumbai City FC after five seasons
ਭਾਰਤੀ ਫੁੱਟਬਾਲ ਟੀਮ ਵਿੱਚ ਗੋਲਕੀਪਰ ਅਮਰਿੰਦਰ ਸਿੰਘ

ਇਸੇ ਦੇ ਚੱਲਦਿਆਂ ਭਾਰਤੀ ਫੁੱਟਬਾਲ ਟੀਮ ਦੇ ਇੱਕ ਖਿਡਾਰੀ ਅਮਰਿੰਦਰ ਸਿੰਘ ਦਾ ਟਵੀਟ ਸਾਹਮਣੇ ਆਇਆ ਹੈ, ਜਿਸ ਵਿੱਚ ਉਸਨੇ ਨਿਊਜ਼ ਮੀਡੀਆ ਅਤੇ ਪੱਤਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨਹੀਂ ਹਨ ਤੇ ਉਹਨਾਂ ਨੂੰ ਟੈਗ ਨਾ ਕੀਤਾ ਜਾਵੇ। ਉਹ ਭਾਰਤੀ ਫੁੱਟਬਾਲ ਟੀਮ ਵਿੱਚ ਇੱਕ ਗੋਲਕੀਪਰ (Goalkeeper) ਹਨ।

ਅਮਰਿੰਦਰ ਸਿੰਘ ਦੇ ਟਵੀਟ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਕੈਪਟਨ ਨੇ ਉਸਦੇ ਟਵੀਟ ’ਤੇ ਲਿਖਿਆ ਹੈ ਕਿ ਮੇਰੇ ਨੌਜਵਾਨ ਦੋਸਤ, ਮੈਨੂੰ ਤੇਰੇ ਨਾਲ ਹਮਦਰਦੀ ਹੈ। ਭਵਿੱਖ ਦੀਆਂ ਖੇਡਾਂ ਲਈ ਤੁਹਾਨੂੰ ਸ਼ੁਭਕਾਮਨਾਵਾਂ।

ਖਿਡਾਰੀ ਅਮਰਿੰਦਰ ਸਿੰਘ ਦੇ ਟਵੀਟ ਥੱਲੇ ਕੁੱਝ ਲੋਕਾਂ ਵੱਲੋਂ ਕੁਮੈਂਟ ਵੀ ਕੀਤੇ ਗਏ ਹਨ ਕਿ “ਇਸੇ ਬਹਾਨੇ ਦੇਸ਼ ਦੀ ਜਨਤਾ ਨੂੰ ਪਤਾ ਲੱਗ ਗਿਆ ਹੈ ਕਿ ਭਾਰਤੀ ਫੁੱਟਬਾਲ ਟੀਮ ਦਾ ਗੋਲਕੀਪਰ ਕੌਣ ਹੈ। ਕੁੱਝ ਗਲਤਫਹਿਮੀਆਂ ਅੱਛੀ ਵੀ ਹੁੰਦੀਆਂ ਹਨ”।

ਖਿਡਾਰੀ ਅਮਰਿੰਦਰ ਸਿੰਘ ਨੇ ਕੈਪਟਨ ਦੇ ਟਵੀਟ ਦਾ ਧੰਨਵਾਦ ਕਰਦਿਆਂ ਕਿਹਾ ਕਿ “ਸ਼ੁਭਕਾਮਨਾਵਾਂ ਦੇਣ ਲਈ ਧੰਨਵਾਦ ਕੈਪਟਨ”।