India Punjab

ਸੜਕਾਂ ਕਿਸਾਨਾਂ ਨੇ ਨਹੀਂ ਰੋਕੀਆਂ, ਕੰਧਾਂ ਪੁਲਿਸ ਨੇ ਕੀਤੀਆਂ ਖੜ੍ਹੀਆਂ – ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਸੁਪਰੀਮ ਕੋਰਟ ਦੀ ਟਿੱਪਣੀ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅਸੀਂ ਹਾਈਵੇਅ ਨਹੀਂ ਜਾਮ ਕੀਤਾ, ਅਸੀਂ ਤਾਂ ਰਾਮਲੀਲਾ ਗਰਾਊਂਡ, ਜੰਤਰ-ਮੰਤਰ ਦੀ ਮੰਗ ਕੀਤੀ ਸੀ। ਸਾਨੂੰ ਸਰਕਾਰ ਨੇ ਸੜਕਾਂ ‘ਤੇ ਬਿਠਾ ਕੇ ਰੱਖਿਆ ਹੋਇਆ ਹੈ ਅਤੇ ਸੜਕਾਂ ‘ਤੇ ਕੰਧਾਂ (ਬੈਰੀਕੇਡ) ਤਾਂ ਸਰਕਾਰ ਨੇ ਲਾ ਕੇ ਰੱਖੇ ਹੋਏ ਹਨ, ਕਿਸਾਨਾਂ ਵੱਲੋਂ ਤਾਂ ਦੁਵੱਲੇ ਪਾਸਿਆਂ ਤੋਂ ਸੜਕੀ ਆਵਾਜਾਈ ਚਾਲੂ ਹੈ। ਕਿਸਾਨਾਂ ਨੇ ਸੜਕਾਂ ਨਹੀਂ ਰੋਕੀਆਂ ਹੋਈਆਂ, ਇਹ ਤਾਂ ਬਸ ਕਿਸਾਨਾਂ ਦੇ ਸਿਰ ਭਾਂਡਾ ਫੋੜਿਆ ਜਾ ਰਿਹਾ ਹੈ। ਅੱਜ ਵੀ ਲੋਕ ਸਾਡੀ ਸਰਵਿਸ ਰੋਡ ਤੋਂ ਹੋ ਕੇ ਜਿੱਥੋਂ ਪੁਲਿਸ ਨੇ ਦੀਵਾਰ ਖੜ੍ਹੀ ਕੀਤੀ ਹੈ, ਉੱਥੋਂ ਗਲੀਆਂ ਵਿੱਚੋਂ ਦੀ ਹੋ ਕੇ ਜਾਂਦੇ ਹਨ।

ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਆਮ ਲੋਕ ਸਾਡੇ ਵਿੱਚੋਂ ਦੀ ਲੰਘ ਕੇ ਜਾ ਰਹੇ ਹਨ। ਸਾਨੂੰ ਸਰਕਾਰ ਬਦਨਾਮ ਕਰਨ ‘ਤੇ ਲੱਗੀ ਹੋਈ ਹੈ, ਸਰਕਾਰ ਨੇ ਸਾਨੂੰ ਦੇਸ਼ਧ੍ਰੋਹੀ, ਦੇਸ਼ ਵਿਰੋਧੀ, ਖ਼ਾਲਿਸਤਾਨੀ ਹਰ ਗੱਲ ਕਹੀ ਹੈ। ਸਰਕਾਰ ਸਾਡਾ ਮਸਲਾ ਹੈ, ਅਸੀਂ ਸੜਕਾਂ ‘ਤੇ ਬੈਠ ਕੇ ਕੀ ਕਰਨਾ ਹੈ। ਸਾਨੂੰ ਪਰਿਵਾਰ, ਘਰ-ਬਾਰ, ਖੇਤੀਬਾੜੀ ਛੱਡਿਆਂ ਨੂੰ ਇੱਕ ਸਾਲ ਹੋ ਗਿਆ ਹੈ। ਮੋਰਚਿਆਂ ‘ਤੇ ਜ਼ੀਰੋ ਡਿਗਰੀ, 50 ਡਿਗਰੀ ਵੀ ਵੇਖੀ ਹੈ। ਰੋਜ਼ ਮੋਰਚੇ ਤੋਂ ਲਾਸ਼ਾਂ ਘਰਾਂ ਨੂੰ ਜਾ ਰਹੀਆਂ ਹਨ। ਸੁਪਰੀਮ ਕੋਰਟ ਕਾਨੂੰਨ ਹੋਲਡ ‘ਤੇ ਕਿਉਂ ਪਾ ਰਹੀ ਹੈ। ਸੁਪਰੀਮ ਕੋਰਟ ਨੂੰ ਸਟੈਂਡ ਲੈਣਾ ਚਾਹੀਦਾ ਹੈ ਕਿ ਸੁਪਰੀਮ ਕੋਰਟ ਕਹੇ ਕਿ ਇਹ ਖੇਤੀ ਕਾਨੂੰਨ ਵਾਪਸ ਲਉ ਅਤੇ ਦੁਬਾਰਾ ਕਮੇਟੀ ਬਣਾ ਕੇ ਜਿਹੜੇ ਕਾਨੂੰਨ ਗਲਤ ਬਣੇ ਹਨ, ਉਨ੍ਹਾਂ ਨੂੰ ਠੀਕ ਕੀਤਾ ਜਾਵੇ। ਅਸੀਂ ਸਰਕਾਰ ਦੇ ਗੱਲਬਾਤ ਕਰਨ ਲਈ ਹਰ ਵੇਲੇ ਤਿਆਰ ਹਾਂ। ਕਾਨੂੰਨ ਤਾਂ ਅਸੀਂ ਰੱਦ ਕਰਵਾ ਕੇ ਹੀ ਜਾਣੇ ਹਨ, ਚਾਹੇ ਦੋ ਸਾਲ ਹੋਰ ਬੈਠਣਾ ਪਵੇ। ਲੱਖੋਵਾਲ ਨੇ ਕਿਹਾ ਕਿ ਇੱਕ ਵਾਰ ਸਾਡੀ ਪ੍ਰਧਾਨ ਮੰਤਰੀ ਦੇ ਨਾਲ ਤਾਂ ਗੱਲ ਕਰਵਾ ਦਿਉ, ਕੀ ਪਤਾ ਗੱਲ ਦਾ ਹੱਲ ਨਿਕਲ ਜਾਵੇ।

ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਸਾਨ ਲੀਡਰਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਕਾਨੂੰਨ ਹੋਲਡ ‘ਤੇ ਪਾਏ ਹੋਏ ਹਨ। ਉਨ੍ਹਾਂ ਨੇ ਇਸ ਲਈ ਕਮੇਟੀ ਵੀ ਬਣਾਈ ਹੋਈ ਹੈ ਜਿਸਦੀ ਰਿਪੋਰਟ ਵੀ ਜਲਦੀ ਆ ਜਾਣੀ ਹੈ। ਸਰਕਾਰ ਵੱਲੋਂ ਕਿਸਾਨਾਂ ਦੇ ਲਈ ਸਾਰੇ ਰਸਤੇ ਖੁੱਲ੍ਹੇ ਹੋਏ ਹਨ। ਸਰਕਾਰ ਕਾਨੂੰਨ ਰੱਦ ਕਰਨ ਨੂੰ ਤਿਆਰ ਨਹੀਂ ਹੈ ਅਤੇ ਕਿਸਾਨ ਕਾਨੂੰਨ ਰੱਦ ਕਰਨ ‘ਤੇ ਅੜੇ ਹੋਏ ਹਨ, ਬਸ ਇਸੇ ਕਰਕੇ ਗੱਲ ਅੜੀ ਹੋਈ ਹੈ। ਕਿਸਾਨਾਂ ਦੀ ਸਰਕਾਰ ਦੇ ਨਾਲ ਜਲਦ ਮੁਲਾਕਾਤ ਹੋ ਜਾਵੇਗੀ।