India

MCD ਚੋਣਾਂ ‘ਚ ਜਿੱਤ ਮਗਰੋਂ ਮਾਨ ਤੇ ਕੇਜ਼ਰੀਵਾਲ ਨੇ ਕੀਤਾ ਸਭ ਦਾ ਧੰਨਵਾਦ

ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਐਮਸੀਡੀ ਚੋਣਾਂ ਤੋਂ ਬਾਅਦ ਆਮ ਲੋਕਾਂ ਤੇ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਸਾਰਿਆਂ ਨੂੰ ਵਧਾਈ ਦਿੱਤੀ ਹੈ। ਉਹਨਾਂ ਇਸ ਜਿੱਤ ਨੂੰ ਆਮ ਲੋਕਾਂ ਦੀ ਜਿੱਤ ਦੱਸਿਆ ਹੈ । ਉਹਨਾਂ ਗੁਜਰਾਤ ਵਿੱਚ ਵੀ ਇਹੀ ਸਿਲਸਿਲਾ ਦੋਹਰਾਏ ਜਾਣ ਦੀ ਉਮੀਦ ਜਤਾਈ ਹੈ ਤੇ ਕਿਹਾ ਹੈ ਕਿ ਗੁਜਰਾਤ ਵਿੱਚ ਵੀ ਜਿੱਤ ਦੋਹਰਾਈ ਜਾਏਗੀ।

ਟੀਵੀ ‘ਤੇ ਚੱਲ ਰਹੇ ਐਗਜ਼ਿਟ ਪੋਲ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਮੀਡੀਆ ਇੱਕ ਪੱਖੀ ਰੁਝਾਨ ਦਿਖਾ ਰਿਹਾ ਸੀ ਪਰ ਨਤੀਜਾ ਉਲਟ ਆਇਆ ਹੈ ।
ਮਾਨ ਨੇ ਪੰਜਾਬ ਵਿੱਚ ਆਪ ਦੀਆਂ ਪ੍ਰਾਪਤੀਆਂ ਨੂੰ ਵੀ ਗਿਣਾਇਆ ਤੇ ਕਿਹਾ ਕਿ ਉਹ 15 ਲੱਖ ਵਾਲੇ ਵਾਅਦੇ ਨਹੀਂ ਕਰ ਸਕਦੇ ਪਰ ਸਿੱਖਿਆ ਤੇ ਸਿਹਤ ਸੇਵਾਵਾਂ ਦੇਣ ਦੀ ਗਰੰਟੀ ਜ਼ਰੂਰ ਦਿੰਦੇ ਹਨ।

ਜਿੱਤ ਹਾਸਲ ਕਰਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਤੇ ਉਹਨਾਂ ਦੀ ਸ਼ੁਕਰੀਆ ਅਦਾ ਕੀਤਾ ਹੈ।

ਉਹਨਾਂ ਇਹ ਵੀ ਕਿਹਾ ਕਿ ਆਪ ਨੇ ਦਿੱਲੀ ਦੀ ਜਨਤਾ ਵਲੋਂ ਮਿਲੀ ਹਰ ਜਿੰਮੇਵਾਰੀ ਨੂੰ ਮਿਹਨਤ ਨਾਲ ਨਿਭਾਇਆ ਹੈ। ਉਹਨਾਂ ਆਪਣੀਆਂ ਹੋਰ ਪ੍ਰਾਪਤੀਆਂ ਵੀ ਗਿਣਾਈਆਂ ਤੇ ਉਮੀਦ ਜ਼ਾਹਿਰ ਕੀਤੀ ਕਿ ਆਪ ਇਸ ਜਿੰਮੇਵਾਰੀ ਨੂੰ ਬਾਖੂਬੀ ਨਿਭਾਏਗੀ।ਦਿੱਲੀ ਨੇ ਆਪਣੇ ਵੱਡੇ ਪੁੱਤਰ ਨੂੰ ਵੱਡੀ ਜਿੰਮੇਵਾਰੀ ਸੌਂਪੀ ਹੈ ।

ਉਹਨਾਂ ਆਮ ਲੋਕਾਂ ਤੇ ਵਿਰੋਧੀ ਧਿਰ ਨੂੰ ਵੀ ਇਹ ਅਪੀਲ ਕੀਤੀ ਕਿ ਹੁਣ ਸਾਰਿਆਂ ਨੇ ਮਿਲ ਕੇ ਦਿੱਲੀ ਦਾ ਵਿਕਾਸ ਕਰਨਾ ਹੈ ਤੇ ਰਾਜਨੀਤੀ ਤੋਂ ਉਪਰ ਉੱਠ ਕੇ ਦਿੱਲੀ ਨੂੰ ਠੀਕ ਕਰਨ ਲਈ ਸਾਂਝੇ ਯਤਨ ਕਰਨੇ ਹਨ।

ਇਸ ਕੰਮ ਲਈ ਉਹਨਾਂ ਕੇਂਦਰ ਸਰਕਾਰ ਦੀ ਮਦਦ ਦੀ ਲੋੜ ਵੀ ਦੱਸੀ ਹੈ ਤੇ ਕਿਹਾ ਹੈ ਕਿ ਦਿੱਲੀ ਦਾ ਕੂੜਾ ਸਾਫ ਕਰਨ ਲਈ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਾਈ ਜਾਵੇਗੀ।

ਕੇਜ਼ਰੀਵਾਲ ਨੇ ਆਪ ਨੂੰ ਸ਼ਰੀਫਾਂ ਦੀ ਪਾਰਟੀ ਦੱਸਿਆ ਤੇ ਕਿਹਾ ਕਿ ਕੰਮ ਕਰਨ ਨਾਲ ਹੀ ਵੋਟ ਮਿਲਦੀ ਹੈ,ਨਾ ਕਿ ਗਾਲੀ ਗਲੋਚ ਜਾ ਗੁੰਡਾਗਰਦੀ ਕਰ ਕੇ।ਆਪ ਨੇ ਪਾਜੀਟਿਵ ਰਾਜਨੀਤੀ ਕੀਤੀ ਹੈ ਤੇ ਆਪਣੇ ਕੰਮਾਂ ਦੇ ਆਧਾਰ ਤੇ ਹੀ ਵੋਟਾਂ ਮੰਗੀਆਂ ਹਨ। ਉਹਨਾਂ ਸਾਰਿਆਂ ਨੂੰ ਹੰਕਾਰ ਤੋਂ ਦੂਰ ਰਹਿਣ ਦੀ ਵੀ ਅਪੀਲ ਕੀਤੀ।