India Punjab

ਕੇਜਰੀਵਾਲ ਭਗਵੰਤ ਮਾਨ ‘ਤੇ ਮੁੜ ਵਰ੍ਹੇ

‘ਦ ਖ਼ਾਲਸ ਬਿਊਰੋ :- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਚਾਹੇ ਇੱਕ-ਦੂਜੇ ਨਾਲ ਰਲ ਕੇ ਚੱਲਦੇ ਨਜ਼ਰ ਆ ਰਹੇ ਹਨ ਪਰ ਕਿਤੇ ਨਾ ਕਿਤੇ ਦੋਹਾਂ ਦੇ ਅੰਦਰੋਂ ਖਹਿ-ਬਾਜ਼ੀ ਜਾ ਨਹੀਂ ਰਹੀ ਹੈ। ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਵੱਲ ਝਾਕ ਲਾਈ ਬੈਠੇ ਹਨ ਜਦਕਿ ਕੇਜਰੀਵਾਲ ਰਾਜੀ ਨਹੀਂ। ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਇਹ ਪਹਿਲੀ ਵਾਰ ਨਹੀਂ ਜਦੋਂ ਦੋਹਾਂ ਵਿੱਚ ਨਰਾਜ਼ਗੀ ਵਧੀ ਹੋਵੇ। ਅਰਵਿੰਦ ਕੇਜਰੀਵਾਲ ਨੂੰ ਅਸਲੀਅਤ ਵਿੱਚ ਕੋਈ ਯੋਗ ਉਮੀਦਵਾਰ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਵਿੱਚ ਟਾਲਾ ਵੱਟੀ ਫਿਰਦੇ ਹਨ ਜਦਕਿ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ‘ਤੇ ਆਪਣਾ ਹੱਕ ਜਤਾ ਰਹੇ ਹਨ।

ਅਰਵਿੰਦ ਕੇਜਰੀਵਾਲ ਦੀ 22 ਨਵੰਬਰ ਦੀ ਫੇਰੀ ਦੌਰਾਨ ਵੀ ਦੋਵਾਂ ਨੇਤਾਵਾਂ ਵਿੱਚ ਮੁੜ ਦੂਰੀਆਂ ਵਧਣ ਦੀ ਸੂਹ ਮਿਲੀ ਹੈ। ਇੱਕ ਸਮਾਗਮ ਦੌਰਾਨ ਜਦੋਂ ਕੇਜਰੀਵਾਲ ਅਤੇ ਭਗਵੰਤ ਇੱਕ ਸਟੇਜ ਸਾਂਝੀ ਕਰ ਰਹੇ ਸਨ ਤਾਂ ਉੱਥੇ ਮੌਜੂਦ ਪਾਰਟੀ ਵਰਕਰਾਂ ਨੇ ਮਾਨ ਦੇ ਹੱਕ ਵਿੱਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਕੇਜਰੀਵਾਲ ਵੱਟ ਖਾ ਗਏ। ਸਾਬਕਾ ਆਈਆਰਐੱਸ ਅਧਿਕਾਰੀ ਕੇਜਰੀਵਾਲ ਮੌਕੇ ‘ਤੇ ਚੁੱਪ ਰਹੇ ਪਰ ਉਨ੍ਹਾਂ ਨੇ ਪਿੱਛੋਂ ਇੱਕ ਬੰਦ ਕਮਰੇ ਵਿੱਚ ਭਗਵੰਤ ਦੀ ਤਕੜੀ ਕਲਾਸ ਲਾਈ। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਭਗਵੰਤ ਮਾਨ ਵੀ ਨਰਾਜ਼ ਹੋ ਕੇ ਕੇਜਰੀਵਾਲ ਦੇ ਅਗਲੇ ਸਮਾਗਮ ਤੋਂ ਦੂਰ ਰਹੇ। ਉਂਝ, ਪਤਾ ਇਹ ਵੀ ਲੱਗਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਦੀ ਚੋਣ ਲਈ ਕਰਵਾਏ ਇੱਕ ਸਰਵੇਖਣ ਵਿੱਚ ਬਹੁਤੀਆਂ ਵੋਟਾਂ ਭਗਵੰਤ ਦੇ ਹੱਕ ਵਿੱਚ ਭੁਗਤੀਆਂ ਹਨ।

ਕੇਜਰੀਵਾਲ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਆਪ ਫਸੇ ਹੋਏ ਨਜ਼ਰ ਆ ਰਹੇ ਹਨ। ਵੱਡੀ ਗੱਲ ਇਹ ਹੈ ਕਿ ਉਹਨਾਂ ਵੱਲੋਂ ਕਈ ਨਾਮਵਰ ਸ਼ਖਸੀਅਤਾਂ ਨਾਲ ਸੰਪਰਕ ਕੀਤਾ ਜਾਂਦਾ ਰਿਹਾ ਹੈ ਪਰ ਹਾਲੇ ਤੱਕ ਹੱਥ ਨਹੀਂ ਪਿਆ। ਦੂਜੇ ਪਾਸੇ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ‘ਤੇ ਆਪਣਾ ਪੂਰਾ ਹੱਕ ਦੱਸ ਰਹੇ ਹਨ। ਇੱਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਭਗਵੰਤ ਮਾਨ ਨੇ ਜਦੋਂ ਕੇਜਰੀਵਾਲ ਕੋਲ ਮੁੱਖ ਮੰਤਰੀ ਦੇ ਅਹੁਦੇ ਦੀ ਆਪ ਮੰਗ ਰੱਖ ਦਿੱਤੀ ਸੀ ਤਾਂ ਉਹ ਭਗਵੰਤ ਨੂੰ ਪਲੋਸ ਕੇ ਪਤਿਆਉਣ ਵਿੱਚ ਕਾਮਯਾਬ ਹੋ ਗਏ ਸਨ।