Punjab Religion

ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ‘ਵੀਰ ਬਾਲ ਦਿਵਸ’ ਨਾਂ ਨਹੀਂ ਮਨਜ਼ੂਰ ! SGPC ਨੇ PM ਮੋਦੀ ਨੂੰ ਭੇਜਿਆ ਨਵਾਂ ਨਾਂ

change name of veer bal diwas to Sahibzade Shahadat Diwas

ਬਿਊਰੋ ਰਿਪੋਰਟ : ਇਸ ਮਹੀਨੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿਛਲੇ ਸਾਲ ਇਸ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਦੇ ਤੌਰ ‘ਤੇ ਮਨਾਉਣ ਦਾ ਐਲਾਨ ਕੀਤਾ ਸੀ । ਪਰ ਪਹਿਲੇ ਦਿਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਵੀਰ ਬਾਲ ਦਿਵਸ’ ਦੇ ਨਾਂ ‘ਤੇ ਇਹ ਕਹਿੰਦੇ ਹੋਏ ਇਤਰਾਜ਼ ਜ਼ਾਹਿਰ ਕੀਤਾ ਸੀ ਕਿ ਇਹ ਸਿੱਖ ਮਰਿਆਦਾ ਦੇ ਮੁਤਾਬਿਕ ਨਹੀਂ ਹੈ। ਪਰ ਇਸ ਦੀ ਪਰਵਾ ਕੀਤੇ ਬਗੈਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 9 ਜਨਵਰੀ 2022 ਨੂੰ ਹਰ ਸਾਲ 26 ਦਸੰਬਰ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਨੋਟਿਫਿਕੇਸ਼ ਜਾਰੀ ਕਰ ਦਿੱਤਾ ਸੀ। ਹੁਣ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹਵਾਲਾ ਦਿੰਦੇ ਹੋਏ ਕੇਂਦਰ ਸਰਕਾਰ ਨੂੰ ‘ਵੀਰ ਬਾਲ ਦਿਵਸ’ ਦੀ ਥਾਂ ਨਵੇ ਨਾਂ ਦੀ ਸਿਫਾਰਿਸ਼ ਭੇਜੀ ਹੈ

ਸ਼੍ਰੀ ਅਕਾਲ ਤਖ਼ਤ ਦੀ ਕਮੇਟੀ ਨੇ ਤੈਅ ਕੀਤਾ ਨਾਂ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖੀ ਚਿੱਠੀ ਵਿੱਚ ਦੱਸਿਆ ਕਿ ‘ਵੀਰ ਬਾਲ ਦਿਵਸ’ ਨਾਂ ਨੂੰ ਲੈਕੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਵੀ ਸਹਿਮਤ ਨਹੀਂ ਸਨ । ਇਸ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਸੀ । ਕਮੇਟੀ ਨੇ ਵਿਚਾਰ ਕਰਨ ਤੋਂ ਬਾਅਦ ‘ਵੀਰ ਬਾਲ ਦਿਵਸ’ ਦੀ ਥਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਦਾ ਨਾਂ ਦੇਣ ਦਾ ਸੁਝਾਅ ਦਿੱਤਾ ਜਿਸ ਨੂੰ SGPC ਦੀ ਕਾਰਜਕਾਰਨੀ ਨੇ 11 ਅਕਤੂਬਰ ਨੂੰ ਮਨਜ਼ੂਰ ਕਰ ਲਿਆ। ਸ਼੍ਰੀ ਅਕਾਲ ਤਖ਼ਤ ਦੇ ਹੁਕਮਾਂ ਤੋਂ ਬਾਅਦ ਹੁਣ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਕਰ ਦੇਣ ਤਾਂਕੀ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਕੋਈ ਦੁਬਿਧਾ ਨਾ ਰਹੇ ਅਤੇ ਪੂਰੇ ਭਾਰਤ ਵਿੱਚ ਇਸ ਨੂੰ ਮਨਾਇਆ ਜਾ ਸਕੇ ।