India

ਦੱਖਣੀ ਅਫ਼ਰੀਕਾ ਤੋਂ ਮੁੰਬਈ ਮੁੜਿਆ ਸ਼ਖਸ ਕੋਰੋਨਾ ਪਾਜ਼ੇਟਿਵ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦੱਖਣੀ ਅਫ਼ਰੀਕਾ ਤੋਂ ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਡੋਂਬੀਵਲੀ ਪਰਤੇ ਇਕ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਕਲਿਆਣ-ਡੋਂਬੀਵਲੀ ਮਿਉਂਸਪਲ ਕਾਰਪੋਰੇਸ਼ਨ (ਕੇਡੀਐਮਸੀ) ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਮਰੀਜ਼ ਕੋਰੋਨਾ ਵਾਇਰਸ ਦੇ Omicron ਵੇਰੀਐਂਟ ਨਾਲ ਇਨਫੈਕਟਿਡ ਹੈ, ਜਿਸ ਨੂੰ ਡਬਲਯੂਐਚਓ ਦੁਆਰਾ ਚਿੰਤਾ ਦਾ ਇਕ ਰੂਪ ਘੋਸ਼ਿਤ ਕੀਤਾ ਗਿਆ ਹੈ। ਫਿਲਹਾਲ ਉਸ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ।

ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ 24 ਨਵੰਬਰ ਨੂੰ ਕੇਪਟਾਊਨ ਤੋਂ ਡੋਂਬੀਵਲੀ ਪਰਤਿਆ ਸੀ। ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਕੇਡੀਐਮਸੀ ਦੀ ਮੈਡੀਕਲ ਅਫ਼ਸਰ ਡਾ. ਪ੍ਰਤਿਭਾ ਪਾਨਪਾਟਿਲ ਨੇ ਦੱਸਿਆ ਕਿ ਇਹ ਵਿਅਕਤੀ ਦੱਖਣੀ ਅਫ਼ਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਕਿਸੇ ਦੇ ਸੰਪਰਕ ‘ਚ ਨਹੀਂ ਆਇਆ ਹੈ। ਹਾਲਾਂਕਿ ਉਹ ਦੱਖਣੀ ਅਫ਼ਰੀਕਾ ਤੋਂ ਪਹਿਲਾਂ ਦਿੱਲੀ ਆਇਆ ਸੀ, ਫਿਰ ਠਾਣੇ ਪਹੁੰਚਿਆ। ਪਾਨਪਾਟਿਲ ਨੇ ਕਿਹਾ ਕਿ ਇਨਫੈਕਟਿਡ ਪਾਏ ਗਏ ਵਿਅਕਤੀ ਨੇ ਦੱਖਣੀ ਅਫ਼ਰੀਕਾ ਤੋਂ ਦਿੱਲੀ ਅਤੇ ਦਿੱਲੀ ਤੋਂ ਮੁੰਬਈ ਦੀ ਯਾਤਰਾ ਕੀਤੀ ਸੀ। ਉਸ ਦੇ ਭਰਾ ਦੀ ਰਿਪੋਰਟ ਨੈਗੇਟਿਵ ਆਈ ਹੈ। ਪਰਿਵਾਰ ਦੇ ਬਾਕੀ ਮੈਂਬਰਾਂ ਦਾ ਅੱਜ ਟੈਸਟ ਕੀਤਾ ਜਾਵੇਗਾ।

ਇਸ ਦੌਰਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਐਤਵਾਰ ਨੂੰ ਦੱਖਣੀ ਅਫ਼ਰੀਕਾ ਵਿਚ ਪਾਏ ਗਏ ਨਵੇਂ ਰੂਪਾਂ ਦੇ ਮੱਦੇਨਜ਼ਰ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਅਣਦੇਖੀ ਨਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬਾ ਇਕ ਹੋਰ ਤਾਲਾਬੰਦੀ ਬਰਦਾਸ਼ਤ ਨਹੀਂ ਕਰ ਸਕਦਾ। ਇਸ ਤੋਂ ਬਚਣ ਲਈ, ਕੋਰੋਨਾ ਨਾਲ ਸਬੰਧਤ ਸਾਰੇ ਉਪਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ।