India Punjab

80 ਸਾਲਾ ਖੜਗੇ ਬਣੇ ਕਾਂਗਰਸ ਦੇ ਨਵੇਂ BOSS

Mallikarujan Kharge won, became the president of the Congress

ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰੁਜਨ ਖੜਗੇ ਅੱਜ ਕਾਂਗਰਸ ਪਾਰਟੀ ਦੀ ਚੋਣ ਜਿੱਤ ਗਏ। 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰਲ ਦਾ ਕੋਈ ਨੇਤਾ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਕੁੱਲ 9385 ਵੋਟਾਂ ਵਿਚੋਂ ਖੜਗੇ ਨੂੰ 7897 ਵੋਟਾਂ ਪਈਆਂ ਜਦਕਿ ਸ਼ਸ਼ੀ ਥਰੂਰ ਨੂੰ 1072 ਵੋਟਾਂ ਪਈਆਂ। 416 ਵੋਟਾਂ ਰੱਦ ਕੀਤੀਆਂ ਗਈਆਂ। ਇਸ ਦੌਰਾਨ ਥਰੂਰ ਨੇ ਹਾਰ ਕਬੂਲ ਲਈ ਤੇ ਖੜਗੇ ਨੂੰ ਵਧਾਈ ਦਿੱਤੀ। ਸ਼ਸ਼ੀ ਥਰੂਰ ਨੇ ਟਵੀਟ ਕਰਕੇ ਹਾਰ ਕਬੂਲਦਿਆਂ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ। 17 ਅਕਤੂਬਰ ਨੂੰ ਕਾਂਗਰਸ ਪ੍ਰਧਾਨ ਦੇ ਲੋਈ ਵੋਟਿੰਗ ਹੋਈ ਸੀ। ਇਸ ਅਹੁਦੇ ਦੇ ਲਈ ਸ਼ਸ਼ੀ ਥਰੂਰ ਅਤੇ ਖੜਗੇ ਵਿਚਾਲੇ ਮੁਕਾਬਲਾ ਸੀ।

ਸ਼ਸ਼ੀ ਥਰੂਰ ਦੀ ਟੀਮ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਦੌਰਾਨ ਉੱਤਰ ਪ੍ਰਦੇਸ਼ ਵਿੱਚ ਬਹੁਤ ਗੰਭੀਰ ਬੇਨਿਯਮੀਆਂ ਦਾ ਮੁੱਦਾ ਉਠਾਉਂਦੇ ਹੋਏ ਕਾਂਗਰਸ ਦੀ ਪ੍ਰਮੁੱਖ ਚੋਣ ਅਥਾਰਟੀ ਨੂੰ ਪੱਤਰ ਲਿਖਿਆ ਸੀ। ਟੀਮ ਨੇ ਕਿਹਾ ਸੀ ਕਿ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪਈਆਂ ਸਾਰੀਆਂ ਵੋਟਾਂ ਨੂੰ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਥਰੂਰ ਦੀ ਟੀਮ ਨੇ ਉੱਤਰ ਪ੍ਰਦੇਸ਼ ਤੋਂ ਇਲਾਵਾ ਪੰਜਾਬ ਅਤੇ ਤਿਲੰਗਾਨਾ ਵਿੱਚ ਚੋਣਾਂ ਦੌਰਾਨ ਗੰਭੀਰ ਸਮੱਸਿਆਵਾਂ ਦਾ ਮਸਲਾ ਵੀ ਚੁੱਕਿਆ ਸੀ।

80 ਸਾਲਾ ਖੜਗੇ, ਕਾਂਗਰਸ ਦੇ ਸਭ ਤੋਂ ਪ੍ਰਮੁੱਖ ਦਲਿਤ ਚਿਹਰਿਆਂ ਵਿੱਚੋਂ ਇੱਕ ਹਨ ਅਤੇ ਕਰਨਾਟਕ ਵਰਗੇ ਸੂਬੇ ਤੋਂ ਸਬੰਧਤ ਹਨ ਜਿੱਥੇ ਪਾਰਟੀ ਦੀ ਮਜ਼ਬੂਤ ਪਕੜ ਹੈ। ਉਹ ਪਾਰਟੀ ਦੇ ਉਨ੍ਹਾਂ ਸੀਨੀਅਰ ਨੇਤਾਵਾਂ ‘ਚੋਂ ਇਕ ਹਨ, ਜਿਨ੍ਹਾਂ ਦੇ ਵੱਡੇ-ਵੱਡੇ ਨੇਤਾਵਾਂ ਖ਼ਾਸ ਕਰਕੇ ਗਾਂਧੀ ਪਰਿਵਾਰ ਨਾਲ ਚੰਗੇ ਸਬੰਧ ਹਨ। ਪਰ ਆਮ ਵਰਕਰਾਂ ਵਿੱਚ ਉਨ੍ਹਾਂ ਦੀ ਪਕੜ ਕਮਜ਼ੋਰ ਦੱਸੀ ਜਾਂਦੀ ਹੈ।

ਇਕ ਵੇਲੇ ਪਾਰਟੀ ‘ਤੇ ਗਾਂਧੀ ਪਰਿਵਾਰ ਦੀ ਪਕੜ ਕਾਫੀ ਢਿੱਲੀ ਹੋ ਗਈ ਸੀ ਅਤੇ ਸੋਨੀਆ ਗਾਂਧੀ ਇਕੱਲੇ ਰਹਿ ਗਈ ਸੀ। 1992 ਤੋਂ 1998 ਤੱਕ ਪਾਰਟੀ ਦੀ ਵਾਗਡੋਰ ਪੀਵੀ ਨਰਸਿਮਹਾ ਰਾਓ ਅਤੇ ਸੀਤਾਰਾਮ ਕੇਸਰੀ ਦੇ ਹੱਥਾਂ ਵਿੱਚ ਸੀ। ਪਰ ਫਿਰ ਸੋਨੀਆ ਗਾਂਧੀ ਦਾ ਸਮਾਂ ਆਇਆ। ਉਹ 1998 ਤੋਂ 2017 ਤੱਕ ਪਾਰਟੀ ਦੀ ਪ੍ਰਧਾਨ ਰਹੀ ਅਤੇ ਦੋ ਆਮ ਚੋਣਾਂ ਵਿੱਚ ਪਾਰਟੀ ਨੂੰ ਜਿੱਤ ਦਿਵਾਉਣ ਲਈ ਅਗਵਾਈ ਕੀਤੀ। ਫਿਰ ਰਾਹੁਲ ਗਾਂਧੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਹ 2019 ਵਿੱਚ ਪਾਰਟੀ ਦੀ ਅੰਤਰਿਮ ਪ੍ਰਧਾਨ ਬਣੀ। ਉਹ ਸਭ ਤੋਂ ਲੰਬੇ ਸਮੇਂ ਤੱਕ ਕਾਂਗਰਸ ਦੀ ਪ੍ਰਧਾਨ ਰਹੀ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਹਾਲਤ ਬਹੁਤ ਖਰਾਬ ਹੈ। ਉਸ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣਾ ਅਤੇ ਪਾਰਟੀ ਵਿੱਚ ਜ਼ਮੀਨੀ ਪੱਧਰ ‘ਤੇ ਊਰਜਾ ਪੈਦਾ ਕਰਨਾ ਨਵੇਂ ਪ੍ਰਧਾਨ ਲਈ ਵੱਡੀ ਚੁਣੌਤੀ ਹੋਵੇਗੀ।