Punjab

ਹੈਲੀਕਾਪਟਰ ਦੀ ਥਾਂ CM ਮਾਨ ਨੂੰ ਮਿਲੇਗਾ ਸਰਕਾਰੀ ਜਹਾਜ ! ਟੈਂਡਰ ਜਾਰੀ

Punjab govt hire aircraft on lease for cm and vips

ਚੰਡੀਗੜ੍ਹ : ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਆਮ ਆਦਮੀ ਪਾਰਟੀ ਹਮੇਸ਼ਾ VIP ਕਲਚਰ ਨੂੰ ਲੈਕੇ ਤਤਕਾਲੀ ਸਰਕਾਰਾਂ ਨੂੰ ਨਿਸ਼ਾਨੇ ‘ਤੇ ਲੈਂਦੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਆਪ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੈਲੀਕਾਪਟਰ ਦੀਆਂ ਫੇਰੀਆਂ ਨੂੰ ਲੈਕੇ ਕਈ ਵਾਰ ਚੋਣ ਰੈਲੀਆਂ ਦੌਰਾਨ ਤੰਜ ਕੱਸੇ । ਪਰ ਵਜ਼ਾਰਤ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਆਪ ਕੇਜਰੀਵਾਲ ਦੇ ਨਾਲ ਹਵਾਈ ਫੇਰੀਆਂ ‘ਤੇ ਹੋਣ ਵਾਲੇ ਖਰਚ ਨੂੰ ਲੈਕੇ ਵਿਵਾਦਾਂ ਵਿੱਚ ਨਜ਼ਰ ਆਏ ਸਨ । ਹੁਣ ਪੰਜਾਬ ਸਰਕਾਰ ਵੱਲੋਂ 1 ਸਾਲ ਲਈ ਏਅਰਕ੍ਰਾਫਟ ਕਿਰਾਏ ‘ਤੇ ਲੈਣ ਦੇ ਫੈਸਲੇ ‘ਤੇ ਵਿਰੋਧੀ ਧਿਰ ਕਾਂਗਰਸ ਸਰਕਾਰ ਨੂੰ ਘੇਰ ਰਹੀ ਹੈ । ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਕੇਜਰੀਵਾਲ ‘ਤੇ ਨਿਸ਼ਾਨਾ ਲਗਾਉਂਦੇ ਹੋਏ ਤੰਜ ਕੱਸਿਆ ਹੈ ।

ਏਅਰਕ੍ਰਾਫਟ ‘ਤੇ ਖਹਿਰਾ ਦਾ ਤੰਜ

ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਦੇ ਹੋਏ ਪੁੱਛਿਆ ਇੱਕ ਸਮਾਂ ਸੀ ਜਦੋਂ ਮਾਰੂਤੀ ਦੀ WAGON R ਅਤੇ ਬਿਨਾਂ ਸੁਰੱਖਿਆ ਲੈਣ ਦਾ ਦਮ ਭਰਿਆ ਜਾਂਦਾ ਸੀ ਹੁਣ ਫਿਕਸ ਵਿੰਗ ਵਾਲੇ ਜਹਾਜ ਲੀਜ਼ ‘ਤੇ ਲਏ ਜਾ ਰਹੇ ਹਨ,ਜਦਕਿ ਹੈਲੀਕਾਪਟਰ ਮੌਜੂਦਾ ਹੈ … ਇਹ ਹੈ ਬਦਲਾਅ… ਕਿ ਇਹ ਕੇਜਰੀਵਾਲ ਲਈ ਹੈ ? ਕਿਉਂਕਿ ਪੰਜਾਬ ਦੇ ਭੂਗੋਲ ਦੇ ਮੁਤਾਬਿਕ ਇਸ ਦੀ ਜ਼ਰੂਰਤ ਨਹੀਂ ਹੈ । ਹਾਲਾਂਕਿ ਸਰਕਾਰ ਦੇ ਅਧਿਕਾਰ ਇਸ ਨੂੰ ਲੈਕੇ ਵੱਖਰਾ ਤਰਕ ਦੇ ਰਹੇ ਹਨ ।

ਅਧਿਕਾਰੀਆਂ ਦਾ ਤਰਤ

ਪੰਜਾਬ ਦੇ ਪ੍ਰਿੰਸੀਪਲ ਸਕੱਤਰ ਹਵਾਬਾਜੀ ਵਿਭਾਗ ਰਾਹੁਲ ਭੰਡਾਰੀ ਦਾ ਕਹਿਣਾ ਹੈ ਕਿ ਜਹਾਜ ਲੈਣ ਦਾ ਫੈਸਲਾ ਕੋਈ ਨਵਾਂ ਨਹੀਂ ਹੈ ਇਸ ਤੋਂ ਪਹਿਲਾਂ 2008 ਤੱਕ ਪੰਜਾਬ ਕੋਲ ਆਪਣਾ ਜਹਾਜ ਹੁੰਦਾ ਸੀ। ਪਰ ਉਹ ਕਰੈਸ਼ ਹੋ ਗਿਆ ਸੀ ਜਿਸ ਤੋਂ ਬਾਅਦ 2012 ਵਿੱਚ ਤਤਕਾਲੀ ਅਕਾਲੀ ਸਰਕਾਰ ਵੱਲੋਂ ਤਕਰੀਬਨ 38 ਕਰੋੜ ਦਾ 5 ਸੀਟਾਂ ਵਾਲਾ ਹੈਲੀਕਾਪਟਰ ਖਰੀਦਿਆ ਗਿਆ ਸੀ, ਜਿਸ ਵਿੱਚ 2 ਇੰਜਣ ਸਨ । ਇਹ ਹੈਲੀਕਾਪਟਰ ਮੁੱਖ ਮੰਤਰੀ ਅਤੇ VIP ਲਈ ਵਰਤੋਂ ਵਿੱਚ ਲਿਆ ਜਾਂਦਾ ਸੀ । ਪਰ ਹੁਣ ਲੋੜ ਮੁਤਾਬਿਕ ਸਰਕਾਰ ਨੇ ਇੱਕ ਵਾਰ ਮੁੜ ਤੋਂ ਜਹਾਜ ਖਰੀਦਣ ਦੀ ਜ਼ਰੂਰਤ ਮਹਿਸੂਸ ਕੀਤੀ ਹੈ ।

ਰਾਹੁਲ ਭੰਡਾਰੀ ਮੁਤਾਬਿਕ ਕਈ ਵਾਰ ਲੋੜ ਮੁਤਾਬਿਕ ਫਿਕਸਡ ਵਿੰਗ ਏਅਰਕ੍ਰਾਫਟ ਨੂੰ ਕਿਰਾਏ ‘ਤੇ ਲਿਆ ਜਾਂਦਾ ਹੈ ਪਰ ਇਹ ਕਾਫੀ ਮਹਿੰਗਾ ਪੈਂਦਾ ਸੀ । 18 ਫੀਸਦ GST ਨੂੰ ਛੱਡ ਕੇ 1 ਘੰਟੇ ਲਈ ਜਹਾਜ ਕਿਰਾਏ ‘ਤੇ ਲੈਣ ਦਾ ਖਰਚ ਡੇਢ ਤੋਂ 2 ਲੱਖ ਰੁਪਏ ਆਉਂਦਾ ਹੈ। ਇਸ ਤੋਂ ਇਲਾਵਾ ਜਹਾਜ ਦਿੱਲੀ ਹਵਾਈ ਅੱਡੇ ਅਤੇ ਹੋਰ ਸਥਾਨਾਂ ‘ਤੇ ਤਾਇਨਾਤ ਹੋਣ ਦੀ ਵਜ੍ਹਾ ਕਰਕੇ ਚੰਡੀਗੜ੍ਹ ਪਹੁੰਚਣ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਇਸ ਦੀ ਵਜ੍ਹਾ ਕਰਕੇ ਸਰਕਾਰ ਨੂੰ ਖਰਚਾ ਵੀ ਵਾਧੂ ਪੈਂਦਾ ਸੀ ਅਤੇ ਜਹਾਜ ਜ਼ਰੂਰਤ ਦੇ ਮੁਤਾਬਿਕ ਨਹੀਂ ਮਿਲ ਦਾ ਸੀ । ਪੰਜਾਬ ਦੇ ਪ੍ਰਿੰਸੀਪਲ ਸਕੱਰਤ ਮੁਤਾਬਿਕ ਇਸੇ ਲਈ ਸਰਕਾਰ ਨੇ ਇੱਕ ਸਾਲ ਲਈ ਹਵਾਈ ਜਹਾਜ ਲੀਜ਼ ਦੇ ਅਧਾਰ ‘ਤੇ ਲੈਣ ਦਾ ਫੈਸਲਾ ਲਿਆ ਹੈ। ਜਹਾਜ ਲੀਜ਼ ‘ਤੇ ਲੈਣ ਦੇ ਲਈ ਸਰਕਾਰ ਵੱਲੋਂ ਟੈਂਡਰ ਵੀ ਜਾਰੀ ਕਰ ਦਿੱਤੇ ਹਨ ਅਤੇ ਜਹਾਜ ਕੰਪਨੀਆਂ ਨੂੰ 31 ਅਕਤੂਬਰ ਤੱਕ ਕੋਟੇਸ਼ਨ ਭੇਜਣ ਦੀ ਅਪੀਲ ਕੀਤੀ ਹੈ।

ਚੰਡੀਗੜ੍ਹ ਹਵਾਈ ਅੱਡੇ ‘ਤੇ ਮੌਜੂਦ ਰਵੇਗਾ ਜਹਾਜ

ਪ੍ਰਿੰਸੀਪਲ ਸਕੱਤਰ ਹਵਾਬਾਜੀ ਵਿਭਾਗ ਨੇ ਦੱਸਿਆ ਕਿ ਇੱਕ ਫਿਕਸਡ ਵਿੰਗ ਪਲੇਨ ਹੈਲੀਕਾਪਟਰ ਦੀ ਤੁਲਨਾ ਵਿੱਚ ਰਫ਼ਤਾਰ ਵਿੱਚ ਤੇਜ਼ ਅਤੇ ਸੁਰੱਖਿਅਤ ਹੁੰਦਾ ਹੈ । ਪੰਜਾਬ ਸਰਕਾਰ ਜਿਹੜਾ ਜਹਾਜ ਲੀਜ਼ ‘ਤੇ ਲਵੇਗੀ ਉਸ ਵਿੱਚ 10 ਯਾਤਰੀ ਦੇ ਬੈਠਣ ਦਾ ਪ੍ਰਬੰਧ ਹੋਵੇਗਾ । ਸਿਰਫ਼ ਇੰਨਾਂ ਹੀ ਨਹੀਂ ਇਹ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਹੀ ਮੌਜੂਦ ਹੋਵੇਗਾ । ਇਸ ਤੋਂ ਇਲਾਵਾ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਸਾਫ਼ ਕਰ ਦਿੱਤਾ ਗਿਆ ਹੈ ਜਹਾਜ ਕੰਪਨੀਆਂ ਨੂੰ DGCA ਵੱਲੋਂ ਜਾਰੀ VIP ਉਡਾਣ ਲਈ ਸੁਰੱਖਿਆ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ ।

ਕੇਜਰੀਵਾਲ-ਮਾਨ ਦੀ ਗੁਜਰਾਤ ਫੇਰੀ ‘ਤੇ ਵਿਵਾਦ

ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣੇ ਸਨ ਤਾਂ ਉਹ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਤਿੰਨ ਦਿਨਾਂ ਦੇ ਗੁਜਰਾਤ ਦੌਰੇ ‘ਤੇ ਗਏ ਸਨ। ਜਿਸ ਦੇ ਲਈ ਪ੍ਰਾਈਵੇਟ ਜਹਾਜ ਦੀ ਵਰਤੋਂ ਕੀਤੀ ਗਈ ਸੀ । ਹਰਮਿਲਾਪ ਸਿੰਘ ਗਰੇਵਾਲ ਨੇ RTI ਦੇ ਜ਼ਰੀਏ ਜਾਰਕਾਰੀ ਕੱਢੀ ਸੀ ਕਿ ਇਸ ਫੇਰੀ ‘ਤੇ 44 ਲੱਕ 85 ਹਜ਼ਾਰ ਅਤੇ 967 ਰੁਪਏ ਦਾ ਖਰਚਾ ਆਇਆ ਸੀ ਜਿਸ ਦਾ ਬਿੱਲ ਪੰਜਾਬ ਦੇ ਹਵਾਬਾਜੀ ਵਿਭਾਗ ਨੂੰ ਭੇਜਿਆ ਗਿਆ ਸੀ। RTI ਦੀ ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਮਾਨ ਸਰਕਾਰ ਨੂੰ ਘੇਰਿਆ ਸੀ ।