ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਆਇਆ ਹੈ । ਇਹ ਹਰ ਇੱਕ ਪਰਿਵਾਰ ਦੇ ਲਈ ਵੱਡਾ ਅਲਰਟ ਹੈ। ਫੋਨ ‘ਤੇ ਗੱਲ ਕਰਦੇ-ਕਰਦੇ ਇੱਕ ਦਾਦੇ ਦੇ ਬੈਂਕ ਐਕਾਉਂਟ ਤੋਂ 7 ਲੱਖ ਗਾਇਬ ਹੋ ਗਏ । ਜਦੋਂ ਤੱਕ ਪੀੜਤ ਹਰਨੇਕ ਸਿੰਘ ਕੁਝ ਸਮਝ ਪਾਉਂਦੇ ਉਹ ਲੱਖਾਂ ਰੁਪਏ ਲੁੱਟਾ ਚੁੱਕੇ ਸਨ। ਦਰਅਸਲ ਉਨ੍ਹਾਂ ਦੇ ਨਾਲ ਠੱਗੀ ਦਾ ਇਹ ਖੇਡ ਭਾਵੁਕ ਕਰਕੇ ਅਤੇ ਡਰਾ ਕੇ ਖੇਡਿਆ ਗਿਆ ਸੀ । ਜਦੋਂ ਇਸ ਦਾ ਪਰਦਾਫਾਸ਼ ਹੋਇਆ ਤਾਂ ਹਰਨੇਕ ਸਿੰਘ ਵੀ ਹੈਰਾਨ ਹੋ ਗਏ ।
ਇਸ ਤਰ੍ਹਾਂ ਹਰਨੇਕ ਸਿੰਘ ਨਾਲ ਠੱਗੀ ਮਾਰੀ ਗਈ
ਸ਼ਿਕਾਇਤਕਰਤਾ ਹਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਰਾ ਕੈਨੇਡਾ ਵਿੱਚ ਰਹਿੰਦਾ ਹੈ। ਇੱਕ ਦਿਨ ਉਨ੍ਹਾਂ ਨੂੰ ਫੋਨ ਆਇਆ ਕੀ ਮੈਂ ਤੁਹਾਡਾ ਪੋਤਰਾ ਪੁਨੀਤ ਬੋਲ ਰਿਹਾ ਹਾਂ। ਕੈਨੇਡਾ ਵਿੱਚ ਕਿਸੇ ਨਾਲ ਝਗੜਾ ਹੋ ਗਿਆ ਹੈ ਜਿਸ ਤੋਂ ਬਾਅਦ ਉਸ ਨੇ ਫੋਨ ਕਿਸੇ ਹੋਰ ਸ਼ਖ਼ਸ ਨੂੰ ਦੇ ਦਿੱਤਾ । ਉਸ ਨੇ ਦੱਸਿਆ ਕਿ ਪੁਨੀਤ ਦਾ ਵਕੀਲ ਬੋਲ ਰਿਹਾ ਹੈ । ਤੁਹਾਡੇ ਪੋਤਰੇ ਦੀ ਕਿਸੇ ਨਾਲ ਲੜਾਈ ਹੋ ਗਈ ਸੀ ਇਸ ਦੇ ਕੇਸ ਵਿੱਚ 2 ਲੱਖ ਦੀ ਜ਼ਰੂਰਤ ਹੈ । ਦਾਦਾ ਹਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੋਤਰੇ ਨੂੰ ਮੁਸੀਬਤ ਵਿੱਚ ਵੇਖ ਦੇ ਹੋਏ 2 ਲੱਖ ਰੁਪਏ ਟਰਾਂਸਫਰ ਕਰ ਦਿੱਤੇ । ਫਿਰ ਪੁਨੀਤ ਦੇ ਵਕੀਲ ਨੇ ਕੁਝ ਹੀ ਮਿੰਟਾਂ ਵਿੱਚ ਮੁੜ ਫੋਨ ਕਰਕੇ ਹਰਨੇਕ ਸਿੰਘ ਨੂੰ ਕਿਹਾ ਜਿਸ ਵਿਅਕਤੀ ਦੇ ਨਾਲ ਪੋਤਰੇ ਪੁਨੀਤ ਦੀ ਲੜਾਈ ਹੋ ਗਈ ਹੈ ਉਸ ਦੀ ਮੌਤ ਹੋ ਗਈ ਹੈ । ਹੁਣ ਮਾਮਲੇ ਨੂੰ ਸੁਲਝਾਉਣ ਦੇ ਲਈ 5ਲੱਖ ਦੀ ਹੋਰ ਲੋੜ ਹੈ । ਜਿਸ ਤੋਂ ਬਾਅਦ ਡਰੇ ਹਰਨੇਕ ਸਿੰਘ ਨੇ 5 ਲੱਖ ਹੋਰ ਭੇਜ ਦਿੱਤੇ । ਫੋਨ ਕਰਨ ਵਾਲਾ ਸ਼ਖ਼ਸ ਭਾਵੇ ਪੋਤਰੇ ਪੁਨੀਤ ਦਾ ਨਾਂ ਲੈ ਰਿਹਾ ਸੀ ਪਰ ਉਹ ਪਨੀਤ ਨਹੀਂ ਸੀ ਬਲਕਿ ਠੱਗ ਸੀ ਜਿਸ ਨੇ ਉਨ੍ਹਾਂ ਨਾਲ 7 ਲੱਖ ਦੀ ਠੱਗੀ ਕੀਤੀ। ਹਰਨੇਕ ਸਿੰਘ ਨੇ ਇਸ ਦੀ ਸ਼ਿਕਾਇਤ ਪੰਜਾਬ ਪੁਲਿਸ ਨੂੰ ਕੀਤੀ।
ਸ਼ਿਕਾਇਤਕਰਤਾ ਹਰਨੇਕ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਉਸ ਦੇ ਪੋਤਰੇ ਪੁਨੀਤ ਨੂੰ ਫੋਨ ਕਰਕੇ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਤਾਂ ਪੁਨੀਤ ਨੇ ਦੱਸਿਆ ਕਿ ਉਸ ਦਾ ਕੋਈ ਝਗੜਾ ਨਹੀਂ ਹੋਇਆ ਸੀ ਅਤੇ ਉਸ ਨੇ ਕਿਸੇ ਹੋਰ ਨੰਬਰ ਤੋਂ ਵੀ ਫੋਨ ਨਹੀਂ ਕੀਤਾ ਜਿਸ ਤੋਂ ਬਾਅਦ ਪਰਿਵਾਰ ਨੂੰ ਸਮਝ ਆਈ ਕਿ ਹਰਨੇਕ ਸਿੰਘ ਦੇ ਨਾਲ ਧੋਖਾ ਹੋਇਆ ਹੈ । ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਧੋਖਾਧੜੀ ਕਰਨ ਵਾਲੇ ਮੁਲਜ਼ਮਾਂ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਇਸ ਵਿੱਚ ਹੁਸ਼ਿਆਰਪੁਰ ਦੇ ਪ੍ਰਿਆ,ਨਿਤਿਨ ਕੁਮਾਰ ਅਤੇ ਗਿਆਸਪੁਰਾ ਦੇ ਰਾਜ ਨਰਾਇਣ ਦਾ ਨਾਂ ਸ਼ਾਮਲ ਹੈ ।
ਆਨ ਲਾਈਨ ਠੱਗੀ ਕਰਨ ਵਾਲੇ ਪੂਰੀ ਰੇਕੀ ਤੋਂ ਬਾਅਦ ਹੀ ਆਪਣੇ ਕੰਮ ਨੂੰ ਅੰਜਾਮ ਦਿੰਦੇ ਹਨ । ਹਰਨੇਕ ਸਿੰਘ ਬਾਰੇ ਵੀ ਇਨ੍ਹਾਂ ਠੱਗਾਂ ਨੇ ਪਹਿਲਾਂ ਤੋਂ ਪੂਰੀ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਹਰਨੇਕ ਸਿੰਘ ਨੂੰ ਸ਼ਿਕਾਰ ਬਣਾਇਆ। ਇਹ ਸਾਡੇ ਸਾਰਿਆਂ ਦੇ ਲਈ ਅਲਰਟ ਹੈ। ਅਜਿਹੇ ਲੁਟੇਰੇ ਰੋਜ਼ਾਨਾ ਕਿਸੇ ਨਾ ਕਿਸੇ ਨੂੰ ਸ਼ਿਕਾਰ ਬਣਾ ਰਹੇ ਹਨ। ਕਦੇ ਬੈਂਕ ਖਾਤੇ ਦੇ ਪਾਸਵਰਡ ਪੁੱਛ ਕੇ ਜਾਂ ਫਿਰ ਕਿਸੇ ਖਿਲਾਫ਼ ਇਮੋਸ਼ਨਲ ਕਾਰਡ ਖੇਡ ਕੇ ਲੁੱਟਿਆ ਜਾ ਰਿਹਾ ਹੈ ਜਿਸ ਤਰ੍ਹਾਂ ਹਰਨੇਕ ਸਿੰਘ ਦੇ ਨਾਲ ਹੋਇਆ ।