Punjab

ਜਲੰਧਰ ‘ਚ 2.40 ਲੱਖ ਦੀ ਠੱਗੀ : ਇੰਗਲੈਂਡ ‘ਚ ਪੜ੍ਹਾਈ ਦੇ ਨਾਂ ‘ਤੇ ਮਹਿਲਾ ਵਕੀਲ ਨਾਲ ਠੱਗੀ, ਮਾਂ-ਧੀ ਖ਼ਿਲਾਫ਼ FIR

2.40 lakh fraud in Jalandhar: Fraud with a woman lawyer in the name of education in England, FIR against mother and daughter.

ਜਲੰਧਰ ਜ਼ਿਲ੍ਹੇ ਦੇ ਥਾਣਾ ਰਾਮਾਮੰਡੀ ਨੇ ਵਿਦੇਸ਼ ‘ਚ ਪੜ੍ਹਾਈ ਦੇ ਨਾਂ ‘ਤੇ ਮਹਿਲਾ ਵਕੀਲ ਨਾਲ ਠੱਗੀ ਮਾਰਨ ਵਾਲੇ ਮਾਂ-ਧੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਨੋਂ ਮਾਂ ਧੀ ਬਲਵਿੰਦਰ ਕੌਰ ਅਤੇ ਉਸ ਦੀ ਲੜਕੀ ਪ੍ਰੀਤ ਕੌਰ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਮੁਹੱਲਾ ਕੋਟ ਰਾਮ ਦਾਸ ਵਾਸੀ ਮੁਹੱਲਾ ਕੋਟ ਰਾਮ ਦਾਸ, ਜਲੰਧਰ ਕੋਰਟ ਵਿੱਚ ਪ੍ਰੈਕਟਿਸ ਕਰ ਰਹੀ ਮੋਨਿਕਾ ਪੁੱਤਰੀ ਰਾਮ ਸਰੂਪ ਤੋਂ 2.40 ਲੱਖ ਰੁਪਏ ਲੈ ਕੇ ਐਲਐਲਐਮ ਦੀ ਪੜ੍ਹਾਈ ਲਈ ਆਫ਼ਰ ਲੈਟਰ ਦੇਣ ਦਾ ਭਰੋਸਾ ਦਿੱਤਾ ਸੀ।

ਵਕੀਲ ਮੋਨਿਕਾ ਨੇ ਦੱਸਿਆ ਕਿ ਕਾਫ਼ੀ ਸਮੇਂ ਬਾਅਦ ਜਦੋਂ ਮੋਨਿਕਾ ਨੇ ਇੰਗਲੈਂਡ ‘ਚ ਐੱਲ.ਐੱਲ.ਐੱਮ ਕੋਰਸ ਕਰਨ ਲਈ ਆਫ਼ਰ ਲੈਟਰ ਮੰਗਿਆ ਤਾਂ ਦੋਵੇਂ ਔਰਤਾਂ ਝਿਜਕਣ ਲੱਗੀਆਂ। ਜਦੋਂ ਮੋਨਿਕਾ ਨੇ ਦੋਵਾਂ ਤੋਂ ਪੈਸੇ ਵਾਪਸ ਮੰਗੇ ਤਾਂ ਮਾਂ-ਧੀ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੋਨਿਕਾ ਨੇ ਦੱਸਿਆ ਕਿ ਬਲਵਿੰਦਰ ਕੌਰ ਨੇ ਕਿਹਾ ਸੀ ਕਿ ਉਸ ਦੀ ਲੜਕੀ ਇੰਗਲੈਂਡ ਵਿੱਚ ਹੀ ਇੱਕ ਇਮੀਗ੍ਰੇਸ਼ਨ ਕੰਪਨੀ ਵਿੱਚ ਕੰਮ ਕਰਦੀ ਹੈ। ਉਹ ਉਸ ਨੂੰ ਇੰਗਲੈਂਡ ਵਿੱਚ ਦਾਖਲਾ ਦਿਵਾਏਗੀ।

ਐਡਵੋਕੇਟ ਮੋਨਿਕਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਬਲਵਿੰਦਰ ਕੌਰ ਨਾਲ ਇੰਗਲੈਂਡ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਨਾਲ ਗੱਲ ਕਰਨਗੇ। ਇਸ ਤੋਂ ਬਾਅਦ ਬਲਵਿੰਦਰ ਕੌਰ ਨੇ ਦੱਸਿਆ ਕਿ ਦਾਖਲਾ ਪ੍ਰਕਿਰਿਆ ਨੂੰ ਚਲਾਉਣ ਲਈ 1 ਲੱਖ 90 ਹਜ਼ਾਰ ਰੁਪਏ ਅਦਾ ਕਰਨੇ ਪੈਣਗੇ। ਮੋਨਿਕਾ ਨੇ ਦੱਸਿਆ ਕਿ ਉਸ ਨੇ ਬਲਵਿੰਦਰ ਨੂੰ 1.90 ਲੱਖ ਰੁਪਏ ਦਿੱਤੇ ਸਨ। ਕਈ ਦਿਨਾਂ ਬਾਅਦ ਜਦੋਂ ਬਲਵਿੰਦਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫਾਈਲ ਦੀ ਪ੍ਰਕਿਰਿਆ ਚੱਲ ਰਹੀ ਹੈ।

ਇਸ ਤੋਂ ਬਾਅਦ ਜਦੋਂ ਕਈ ਦਿਨਾਂ ਤੱਕ ਕੋਈ ਜਵਾਬ ਨਾ ਮਿਲਣ ‘ਤੇ ਦੁਬਾਰਾ ਸੰਪਰਕ ਕੀਤਾ ਤਾਂ ਬਲਵਿੰਦਰ ਕੌਰ ਨੇ ਕਿਹਾ ਕਿ 50 ਹਜ਼ਾਰ ਰੁਪਏ ਹੋਰ ਪ੍ਰੋਸੈਸਿੰਗ ਫ਼ੀਸ ਲਈ ਜਾਵੇਗੀ। ਐਡਵੋਕੇਟ ਮੋਨਿਕਾ ਨੇ ਦੱਸਿਆ ਕਿ ਉਸ ਦੀ ਮੰਗ ’ਤੇ ਉਸ ਨੇ ਬਲਵਿੰਦਰ ਕੌਰ ਨੂੰ 50 ਹਜ਼ਾਰ ਰੁਪਏ ਵੀ ਦਿੱਤੇ ਸਨ। 2.40 ਲੱਖ ਰੁਪਏ ਦੇਣ ਦੇ ਬਾਵਜੂਦ ਜਦੋਂ ਉਸ ਨੂੰ ਆਫ਼ਰ ਲੈਟਰ ਨਹੀਂ ਮਿਲਿਆ ਤਾਂ ਉਸ ਨੇ ਬਲਵਿੰਦਰ ਨੂੰ ਪੈਸੇ ਵਾਪਸ ਕਰਨ ਲਈ ਕਿਹਾ, ਜਿਸ ‘ਤੇ ਉਸ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਸ਼ਿਕਾਇਤਕਰਤਾ ਮੋਨਿਕਾ ਨੇ ਦੱਸਿਆ ਹੈ ਕਿ ਉਸ ਨੂੰ ਬਲਵਿੰਦਰ ਕੌਰ ਵੱਲੋਂ ਦੱਸਿਆ ਗਿਆ ਸੀ ਕਿ ਉਸ ਦੀ ਲੜਕੀ ਨਾਲ ਹੋਈ ਗੱਲਬਾਤ ਅਨੁਸਾਰ ਉਸ ਨੂੰ ਇੰਗਲੈਂਡ ‘ਚ ਉਚੇਰੀ ਪੜ੍ਹਾਈ ਲਈ 29 ਲੱਖ ਰੁਪਏ ਦੇਣੇ ਹਨ ਪਰ ਕਾਰਵਾਈ ਸ਼ੁਰੂ ਕਰਨ ਲਈ ਪਹਿਲਾਂ 1.90 ਲੱਖ ਰੁਪਏ ਦੇਣੇ ਪੈਣਗੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਫ਼ੀਸ ਲਈ ਰਾਜ਼ੀ ਹੋ ਗਈ ਸੀ, ਪਰ 2.40 ਲੱਖ ਰੁਪਏ ਦੇਣ ਦੇ ਬਾਵਜੂਦ ਉਸ ਨੂੰ ਆਫ਼ਰ ਲੈਟਰ ਨਹੀਂ ਮਿਲਿਆ। ਪੁਲਿਸ ਨੇ ਮਾਂ-ਧੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।